ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼ਹੀਦੀ ਯਾਦਗਾਰ ਸਥਾਪਿਤ ਕਰਨ ਲਈ ਉਸ ਸਮੇਂ ਦੀ ਉਡੀਕ ਹੈ ਜਦੋਂ ਕੌਮ ਦੋ ਹਿੱਸਿਆਂ 'ਚ ਵੰਡੀ ਜਾਵੇਗੀ


ਜੂਨ 1984 ਦਾ ਸਾਕਾ ਦਰਬਾਰ ਸਾਹਿਬ ਸਿੱਖ ਕੌਮ ਦੀ ਅਜਿਹੀ ਸਾਂਝੀ ਪੀੜ ਹੈ ਜਿਸ ਨੂੰ ਯਾਦ ਕਰਕੇ ਹਰ ਗੁਰਸਿੱਖ ਦਾ ਸੀਨਾ ਚਸਕਦਾ ਹੈ। ਜਿੱਥੇ ਇਹ ਸਾਕਾ ਭਾਰਤ 'ਚ ਸਿੱਖਾਂ ਖਿਲਾਫ਼ ਫੌਜੀ ਤਾਕਤ ਦੀ ਵਰਤੋਂ ਅਤੇ ਸਮੂਹਿਕ ਕਤਲੇਆਮ ਦੀ ਮੌਜੂਦਾ ਮਸਾਲ ਹੈ ਉਥੇ ਇਹ ਭਵਿੱਖ ਦੇ 'ਸਿੱਖ ਇਤਿਹਾਸ' ਦੇ ਵੱਡੇ ਕਾਰਨਾਮਿਆਂ 'ਚੋਂ ਇਕ ਅਹਿਮ ਕਾਂਡ ਵੀ ਹੈ। ਹਰ ਕੌਮ ਅਜਿਹੇ ਸਾਂਝੇ ਕੌਮੀ ਕਾਂਡਾਂ ਨੂੰ ਨਵੀਆਂ ਪੀੜ੍ਹੀਆਂ ਦੇ ਲਈ ਸਮਾਰਕਾਂ ਦੇ ਰੂਪ ਵਿਚ ਸਾਂਭ ਜਾਂਦੀ ਹੈ ਤਾਂ ਕਿ ਭਵਿੱਖ ਦੇ ਵਾਰਸਾਂ ਨੂੰ ਭੂਤਕਾਲ ਦੇ ਇਤਿਹਾਸ ਦੀ ਸਹਿਜੇ ਹੀ ਜਾਣਕਾਰੀ ਮਿਲਦੀ ਰਹੇ। 'ਸਾਕਾ ਦਰਬਾਰ ਸਾਹਿਬ 1984' ਦੇ 27 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖ ਕੌਮ ਦਰਬਾਰ ਸਾਹਿਬ ਸਮੂਹ 'ਚ ਸਿੱਖਾਂ ਖਿਲਾਫ਼ ਸਰਕਾਰੀ ਨਰਸੰਘਾਰ ਦੀ ਯਾਦਗਾਰ ਕਾਇਮ ਨਹੀਂ ਕਰ ਸਕੀ ਜਿਸ ਦਾ ਹਰ ਸੱਚੇ ਸਿੱਖ ਨੂੰ ਦਰਦ ਹੈ।
ਸਿੱਖਾਂ ਦੀ ਇਹ ਬਦਕਿਸਮਤੀ ਹੀ ਆਖੀ ਜਾਵੇਗੀ ਕਿ ਜੋ ਕੌਮੀ ਕੰਮ ਸਹਿਜ ਰੂਪ ਵਿਚ ਆਪਣੇ ਆਪ ਹੀ ਹੋ ਜਾਣੇ ਚਾਹੀਦੇ ਹਨ ਉਹ ਵੀ ਇਸ ਸਮੇਂ ਇਕ ਮਸਲਾ ਬਣ ਰਹੇ ਹਨ ਜਿਸ ਨਾਲ ਕੌਮ ਦੀ ਅੰਦਰੂਨੀ ਤਾਕਤ ਕਮਜ਼ੋਰ ਹੋ ਰਹੀ ਹੈ। ਇਹਨਾਂ ਮਸਲਿਆਂ 'ਚ ਇਕ ਦਰਬਾਰ ਸਾਹਿਬ ਦੇ ਵਿਹੜੇ ਵਿਚ ਬਣਾਈ ਜਾਣ ਵਾਲੀ 'ਸ਼ਹੀਦੀ ਯਾਦਗਾਰ' ਵੀ ਹੈ। ਦੇਸ਼ ਵਿਦੇਸ਼ 'ਚ ਵਸਦੀ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਤੋਂ ਲਗਾਤਾਰ ਇਹ ਮੰਗ ਕਰ ਰਹੀ ਹੈ ਕਿ 'ਸ਼ਹੀਦੀ ਯਾਦਗਾਰ' ਛੇਤੀ ਸਥਾਪਿਤ ਕੀਤੀ ਜਾਵੇ। ਸਿੱਖਾਂ ਦੇ ਦਬਾਅ ਨੂੰ ਇਕ ਵਾਰ ਘੱਟ ਕਰਨ ਦੀ ਮਨਸ਼ਾ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 20 ਫਰਵਰੀ 2002 ਨੂੰ ਇਕ ਮਤੇ ਰਾਹੀਂ ਇਹ ਯਾਦਗਾਰ ਸਥਾਪਿਤ ਕਰਨ ਦੀ ਪ੍ਰਵਾਨਗੀ ਵੀ ਦੇ ਚੁੱਕੀ ਹੈ। ਹੁਣ ਹਰ ਸਾਲ ਚੋਣਵੇਂ ਸਿੱਖ ਆਗੂ ਐਸ.ਜੀ.ਪੀ.ਸੀ. ਨੂੰ ਯਾਦ ਕਰਵਾਉਂਦੇ ਹਨ ਕਿ ਉਹ ਆਪਣੇ ਪਾਏ ਮਤੇ 'ਤੇ ਤੁਰੰਤ ਅਮਲ ਕਰਕੇ ਸ਼ਹੀਦੀ ਸਮਾਰਕ ਸਥਾਪਿਤ ਕਰੇ। ਪਿਛਲੇ ਵਰ੍ਹੇ ਦਲ ਖਾਲਸਾ ਅਤੇ ਹੋਰ ਸਹਿਯੋਗੀ ਸਿੱਖ ਜਥੇਬੰਦੀਆਂ ਨੇ ਰਲ ਕੇ ਦਰਬਾਰ ਸਾਹਿਬ ਦੀਆਂ ਸਰਾਵਾਂ ਪਾਸ 72 ਘੰਟੇ ਦੀ ਭੁੱਖ ਹੜਤਾਲ ਵੀ ਕੀਤੀ ਸੀ ਉਸ ਸਮੇਂ ਇਕ ਸਮਾਰਕ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਾਂਗਰਸ ਦੇ ਪਿੱਠੂ ਆਖਦਿਆਂ ਕਿਹਾ ਸੀ ਕਿ ਸ਼ਹੀਦੀ ਯਾਦਗਾਰ ਬਣਾਉਣੀ ਸ਼੍ਰੋਮਣੀ ਕਮੇਟੀ ਦੀ ਜ਼ਿੰਮੇਵਾਰੀ ਹੈ ਜਿਸ ਦੀ ਉਸਾਰੀ ਕੁਝ ਹੀ ਦਿਨਾਂ 'ਚ ਸ਼ੁਰੂ ਕਰ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਕਈ ਵਾਰ ਇਹ ਐਲਾਨ ਕਰ ਚੁੱਕੇ ਹਨ ਕਿ ਨਵੰਬਰ 1984 ਦੇ ਕਤਲੇਆਮ ਵਿਚ ਮਾਰੇ ਗਏ ਸਿੱਖਾਂ ਦੀ ਯਾਦ 'ਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਇਕ ਯਾਦਗਾਰ ਸਥਾਪਿਤ ਕਰੇਗਾ ਜਿਸ ਤੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਾਂਗਰਸ ਦਾ ਸਿੱਖ ਵਿਰੋਧੀ ਚਿਹਰਾ ਦਿਸਿਆ ਕਰੇਗਾ। ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਪ੍ਰਮੁੱਖ ਨੇਤਾਵਾਂ ਨੂੰ ਦਰਬਾਰ ਸਾਹਿਬ 'ਚ ਇਹ ਯਾਦਗਾਰ ਸਥਾਪਿਤ ਕਰਨ ਦੀ ਗੱਲ ਕਿਉਂ ਵਿਸਰ ਜਾਂਦੀ ਹੈ ਇਹ ਗੱਲ ਕਿਸੇ ਦੀ ਵੀ ਸਮਝ ਤੋਂ ਬਾਹਰ ਨਹੀਂ ਹੈ। ਇਸ ਮਸਲੇ ਤੋਂ ਇਲਾਵਾ ਅਜਿਹੇ ਹੀ ਹੋਰ ਕੌਮੀ ਮਸਲਿਆਂ ਪ੍ਰਤੀ ਘੇਸਲ ਵੱਟਣ ਤੋਂ ਸਾਫ ਹੈ ਕਿ ਮੌਜੂਦਾ ਤਾਕਤਵਰ ਸਿੱਖ ਧਾਰਮਿਕ ਆਗੂ ਅਤੇ ਸਿੱਖ ਰਾਜਨੀਵਾਨ ਅਸਲ ਵਿਚ ਸਿੱਖ ਕੌਮ ਦੇ ਹਿੱਤਾਂ ਨੂੰ ਆਪਣੇ ਰਾਜਸੀ ਮੰਤਵਾਂ ਲਈ ਵਰਤਦੇ ਆ ਰਹੇ ਹਨ। ਇਸ ਗੱਲ ਵਿਚ ਵੀ ਦੋ ਰਵਾਂ ਨਹੀਂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਚ ਅਹੁਦੇਦਾਰ ਅਤੇ ਪੰਜਾਬ ਦੇ ਤਖ਼ਤਾਂ ਦੇ ਜਥੇਦਾਰ ਧਾਰਮਿਕ ਲੋਕ ਨਹੀਂ ਹਨ ਸਗੋਂ ਇਹ ਲੋਕ ਧਾਰਮਿਕਤਾ ਦੇ ਪਹਿਰਾਵੇ 'ਚ ਰਾਜਨੀਤਕ ਲੋਕ ਹਨ ਜਿਨ੍ਹਾਂ ਦਾ ਅਸਲ ਵਿਚ ਕੋਈ ਧਰਮ ਨਹੀਂ ਹੈ। ਇਹ ਹੀ ਕਾਰਨ ਹੈ ਕਿ ਇਹਨਾਂ ਦੋਨੋਂ ਸਿੱਖ ਸੰਸਥਾਵਾਂ ਨੇ ਅਜੇ ਤੱਕ ਕੋਈ ਜ਼ਿਕਰਯੋਗ ਕੌਮੀ ਕੰਮ ਨਹੀਂ ਕੀਤਾ ਸਗੋਂ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਲੇ ਅਣਗਿਣਤ ਕੰਮ ਕੀਤੇ ਹਨ। ਪਿਛਲੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਤੋਂ ਬਾਅਦ ਜੋ ਮੂੰਹ ਮੁਹਾਂਦਰਾ ਬਣਦਾ ਦਿਸਦਾ ਹੈ ਉਹ ਕਿਸੇ ਵੀ ਤਰ੍ਹਾਂ ਸਿੱਖ ਦੁਸ਼ਮਣਾਂ ਤੋਂ ਵੱਖਰਾ ਪ੍ਰਤੀਤ ਨਹੀਂ ਹੁੰਦਾ। 1984 ਦੇ ਸ਼ਹੀਦਾਂ ਦੀ ਯਾਦ ਵਿਚ ਵੀ ਉਸਾਰੀ ਜਾਣ ਵਾਲੀ ਸ਼ਹੀਦੀ ਯਾਦਗਾਰ ਬਾਰੇ ਵੀ ਧਾੜਵੀ ਰਾਜਸੀ ਪਾਰਟੀ ਕਾਂਗਰਸ ਅਤੇ ਉਸ ਦੀ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਿਚਾਰ ਵੱਖਰੇ ਪ੍ਰਤੀਤ ਨਹੀਂ ਹੁੰਦੇ। ਚਲਦੀ ਗੱਲ ਵਿਚ ਇੱਥੇ ਇਹ ਗੱਲ ਵੀ ਵਿਚਾਰਨ ਯੋਗ ਹੈ ਕਿ ਸਿੱਖਾਂ ਦੇ ਅੰਦਰੂਨੀ ਮਸਲਿਆਂ ਬਾਰੇ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ, ਬਚਿਤਰ ਨਾਟਕ ਅਤੇ ਸਿੱਖ ਰਹਿਤ ਮਰਿਯਾਦਾ ਦੇ ਵਿਖਰੇਵਿਆਂ ਨੂੰ ਹੱਲ ਕਰਨ ਦੀ ਥਾਂ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਸ਼ੋਮ੍ਰਣੀ ਕਮੇਟੀ ਨੇ ਕੌਮ ਨੂੰ ਸੇਧ ਦੇਣ ਦੀ ਥਾਂ ਸਗੋਂ ਦੋ ਹਿੱਸਿਆਂ 'ਚ ਵੰਡ ਕੇ ਮਸਲੇ ਨੂੰ ਖਟਾਈ 'ਚ ਪਾ ਦੇਣ ਦੀ ਨੀਤੀ ਹੀ ਖੇਡੀ ਹੈ। ਇਹ ਹੀ ਕਾਰਨ ਹੈ ਕਿ ਇਹ ਮਾਮਲੇ ਫੁੱਟ ਦਾ ਕਾਰਨ ਬਣਨ ਤੋਂ ਬਾਅਦ ਵੀ ਕਿਸੇ ਤਣ-ਪੱਤਣ ਨਹੀਂ ਲੱਗੇ। ਸ਼ਹੀਦੀ ਯਾਦਗਾਰ ਮਸਲੇ ਬਾਰੇ ਸਿੱਖ ਕੌਮ ਵਿਚ ਅਜੇ ਤੱਕ ਕੋਈ ਵਿਖਰੇਵਾ ਨਹੀਂ  ਹੈ ਸਗੋਂ ਸਾਰੀਆਂ ਸਿੱਖ ਧਿਰਾਂ ਇਹ ਯਾਦਗਾਰ ਬਣਾਉਣ ਲਈ ਪੂਰੀ ਤਰ੍ਹਾਂ ਸਹਿਮਤ ਹਨ। ਕੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਮੇਂ ਦੀ ਉਡੀਕ 'ਚ ਹਨ ਜਦੋਂ ਕੌਮ ਨੂੰ ਇਸ ਮਸਲੇ ਪ੍ਰਤੀ ਵੀ ਦੋ ਜਾਂ ਤਿੰਨ ਹਿੱਸਿਆਂ 'ਚ ਵੰਡ ਕੇ 'ਸ਼ਹੀਦੀ ਯਾਦਗਾਰ' ਸਥਾਪਿਤ ਕਰਨ ਦਾ ਕੰਮ ਸਦਾ ਲਈ ਲਟਕਾ ਦਿੱਤਾ ਜਾਵੇ? ਕੀ ਸ਼ਹੀਦੀ ਯਾਦਗਾਰ ਸਥਾਪਿਤ ਕਰਨ ਦਾ ਕੰਮ ਜੋ ਇਹਨਾਂ ਦੇ ਆਪਣੇ ਹੱਥ-ਵੱਸ ਹੈ ਲਈ 27 ਸਾਲ ਦਾ ਸਮਾਂ ਥੋੜ੍ਹਾ ਹੈ? ਭਾਵੇਂ ਅਜਿਹੇ ਹੋਰ ਅਨੇਕਾਂ ਮਾਮਲੇ ਹਨ ਜਿਸ ਵਿਚ ਇਹਨਾਂ ਕਥਿਤ ਸਿੱਖ ਆਗੂਆਂ ਨੇ ਕੌਮੀ ਇੱਛਾਵਾਂ ਦੇ ਵਿਰੁੱਧ ਫੈਸਲੇ ਕੀਤੇ ਹਨ ਪਰ ਸਭ ਸਿੱਖਾਂ ਨੂੰ 'ਸ਼ਹੀਦੀ ਯਾਦਗਾਰ' ਸਥਾਪਿਤ ਕਰਨ ਵਾਲੀ ਮੰਗ ਨੂੰ ਵੀ ਨਾ ਮੰਨਣ ਤੋਂ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਇਹ ਆਗੂ ਹੁਣ ਸਿੱਖ ਦੇ ਵਾਹਿਦ ਆਗੂ ਨਹੀਂ ਰਹੇ ਸਗੋਂ ਸਿੱਖਾਂ ਦੀਆਂ ਮੰਗਾਂ ਪ੍ਰਤੀ ਫੋਕੀ ਬਿਆਨਬਾਜ਼ੀ ਕਰਕੇ ਕੌਮ ਨੂੰ ਆਪਣੀਆਂ ਲਾਲਸਾਵਾਂ ਲਈ ਵਰਤ ਰਹੇ ਹਨ ਜਿਸ ਦਾ ਨਵਾਂ ਬਦਲ ਲੱਭਣਾ ਕੌਮ ਦੇ ਭਵਿੱਖ ਲਈ ਜ਼ਰੂਰੀ ਹੈ।