ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸੰਸਾਰੀ ਤੇ ਰੂਹਾਨੀ ਪੱਖਾਂ ਦਾ ਸੁਮੇਲ ਹੈ ਸਿੱਖ ਧਰਮ


ਅੱਜ ਸਿੱਖ ਜੀਵਨ ਵਿਚੋਂ ਬਰਾਬਰੀ ਭਾਈਚਾਰਾ, ਮਾਨਸਿਕ ਆਜ਼ਾਦੀ ਅਤੇ ਸਹਿਣਸ਼ੀਲਤਾ ਦੇ ਗੁਣ ਖ਼ਤਮ ਹੁੰਦੇ ਜਾ ਰਹੇ ਹਨ। ਸਿੱਖ ਵਿਚਾਰਧਾਰਾ ਵਿਚ ਵਿਚਾਰਾਂ ਦਾ ਇਨਕਲਾਬ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਜਦੋਂ ਅਸੀਂ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਜੀਵਨ ਢੰਗ ਦਾ ਗਹੁ ਨਾਲ ਅਧਿਐਨ ਕਰਦੇ ਹਾਂ ਤਾਂ ਇਹ ਗੱਲ ਸਹਿਜੇ ਹੀ ਸਮਝ ਆ ਜਾਂਦੀ ਹੈ ਕਿ ਦੁਨੀਆ ਦੇ ਸਮੁੱਚੇ ਧਰਮਾਂ ਦੇ ਸੰਦਰਭ ਵਿਚ ਸਿੱਖ ਵਿਚਾਰਧਾਰਾ ਹੀ ਅਤਿ ਨਵੀਨ ਅਤੇ ਆਧੁਨਿਕ ਹੈ। ਖੋਟ ਸਾਡੀ ਵਿਚਾਰਧਾਰਾ ਵਿਚ ਨਹੀਂ ਹੈ, ਬਲਕਿ ਸਾਡੀ ਸਮਝ ਵਿਚ ਹੈ ਜੋ ਉਨ੍ਹਾਂ ਆਧੁਨਿਕ ਮੂਲ ਸਿਧਾਂਤਾਂ ਉੱਤੇ ਚੱਲਣ ਤੋਂ ਅਸਮਰੱਥ ਹੈ। ਸਿੱਖਾਂ ਨੇ ਜੇਕਰ ਸਮੇਂ ਦੇ ਹਾਣੀ ਬਣਨਾ ਹੈ ਤਾਂ ਉਨ੍ਹਾਂ ਨੂੰ ਜੀਵਨ ਦੇ ਅਜਿਹੇ ਢੰਗ ਛੱਡਣੇ ਪੈਣਗੇ, ਜੋ ਵਿਚਾਰਧਾਰਾ ਦੇ ਪਸਾਰ ਦਾ ਰਾਹ ਰੋਕੀ ਖੜ੍ਹੇ ਹਨ। ਆਉਂਦੇ ਸਮੇਂ ਵਿਚ ਸਾਨੂੰ ਆਪਣੀ ਜਗ੍ਹਾ ਬਣਾਉਣ ਵਾਸਤੇ ਜੀਵਨ ਦੀ ਉਸ ਲੈਅ ਨੂੰ ਜ਼ਿੰਦਾ ਰੱਖਣਾ ਪਵੇਗਾ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਵਿਚਾਰਾਂ ਨਾਲ ਸੁਰਬੱਧ ਕੀਤੀ ਸੀ। ਸੋ ਇਹ ਗੱਲ ਸਪੱਸ਼ਟ ਹੈ ਕਿ ਜੇਕਰ ਸਿੱਖ ਕੌਮ ਆਪਣੀ ਨੈਤਿਕਤਾ ਬਚਾਉਣੀ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਗੁਰੂਆਂ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨਾ ਪੈਣਾ ਹੈ।
ਕੌਮ ਦੇ ਭਲੇ ਲਈ ਕੌਮ ਦਾ ਸੰਗਠਿਤ ਹੋਣਾ ਬਹੁਤ ਜ਼ਰੂਰੀ ਹੈ ਪਰ ਸਾਡੀ ਮਾਨਸਿਕਤਾ ਵਿਚ ਲੋਭ-ਲਾਲਚ ਐਸਾ ਘਰ ਕਰ ਗਿਆ ਹੈ ਕਿ ਚੌਧਰ ਪਿੱਛੇ ਕਿਰਪਾਨਾਂ ਚੱਲ ਜਾਂਦੀਆਂ ਹਨ। ਸਿੱਖਾਂ ਨੂੰ ਸ਼ਹੀਦਾਂ ਦੀ ਵਿਰਾਸਤ ਨੂੰ ਬਚਾਉਣ ਲਈ ਸਿਰ ਜੋੜ ਕੇ ਸੋਚਣਾ ਪਵੇਗਾ। ਖਾਸ ਤੌਰ 'ਤੇ ਬੁੱਧੀਜੀਵੀਆਂ ਨੂੰ ਤਾਂ ਆਪਣੇ ਲਹੂ ਦੀ ਹਰ ਹਰਕਤ ਨੂੰ ਕੌਮ ਦੀ ਧੜਕਣ ਨਾਲ ਜੋੜ ਕੇ ਜੀਵਨ ਬਸਰ ਕਰਨਾ ਹੋਵੇਗਾ ਤਾਂ ਹੀ ਅਸੀਂ ਉੱਜਲ ਭਵਿੱਖ ਦੀ ਆਸ ਰੱਖ ਸਕਦੇ ਹਾਂ।
ਸਾਨੂੰ ਇਹ ਭਲੀਭਾਂਤ ਪਤਾ ਹੈ ਕਿ ਸਿੱਖ ਧਰਮ ਸਮਾਜ ਵਿਚ ਫੈਲੀਆਂ ਕੁਰੀਤੀਆਂ ਨੂੰ ਜੜ੍ਹੋਂ ਮਿਟਾਉਣ ਅਤੇ ਸਮਾਜ ਨੂੰ ਸਹੀ ਲੀਹ 'ਤੇ ਤੋਰਨ ਦੇ ਆਸ਼ੇ ਨਾਲ ਹੀ ਹੋਂਦ ਵਿਚ ਆਇਆ ਸੀ। ਇਸ ਧਰਮ ਦੀ ਉਤਪਤੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਅਧਿਆਤਮਿਕ ਤੌਰ 'ਤੇ ਬਲਵਾਨ ਸਨ, ਉਥੇ ਇਕ ਵੱਡੇ ਕ੍ਰਾਂਤੀਕਾਰੀ ਸਮਾਜ ਸੁਧਾਰਕ ਵੀ ਸਨ। ਸਮੇਂ ਦੀ ਹਕੂਮਤ ਦੇ ਜ਼ੋਰ ਅਤੇ ਬ੍ਰਾਹਮਣੀ ਵਰਣ ਭੇਦ ਕਾਰਨ ਦੱਬੇ-ਕੁਚਲੇ ਲੋਕਾਂ ਦਾ ਜੀਵਨ ਨਰਕ ਤੋਂ ਵੀ ਬਦਤਰ ਸੀ। ਗੁਰੂ ਸਾਹਿਬ ਨੇ ਆਪਣੇ ਉਪਦੇਸ਼ਾਂ ਰਾਹੀਂ ਭਿੰਨ-ਭੇਦ, ਜਾਤ-ਪਾਤ, ਊਚ-ਨੀਚ ਦੇ ਫਰਕ ਨੂੰ ਮਿਟਾਉਣ ਦੇ ਨਾਲ-ਨਾਲ ਇਕ ਅਜਿਹੇ ਸਮਾਜ ਦੀ ਸਿਰਜਣਾ ਕੀਤੀ, ਜੋ ਅਧਿਆਤਮਿਕ ਸਿਧਾਂਤਾਂ ਦੀ ਨੀਂਹ 'ਤੇ ਉਸਰਿਆ ਸੀ।
ਸਿੱਖ ਗੁਰੂ ਸਾਹਿਬਾਨ ਨੇ ਸਮੇਂ-ਸਮੇਂ 'ਤੇ ਸਮਾਜ ਸੁਧਾਰਕ ਲਹਿਰਾਂ ਚਲਾਈਆਂ ਅਤੇ ਨਵੇਂ ਆਦਰਸ਼ ਸਥਾਪਿਤ ਕੀਤੇ, ਜਿਸ ਦੇ ਸਿੱਟੇ ਵਜੋਂ ਨਰੋਏ ਸਮਾਜ ਦੀ ਸਿਰਜਣਾ ਹੋਈ। ਇਸ ਸਿੱਖ ਫਿਲਾਸਫੀ ਨੇ ਸਮੇਂ-ਸਮੇਂ ਗੁਰੂ ਸਾਹਿਬਾਨ ਦੇ ਪੈਰੋਕਾਰਾਂ ਵਿਚ ਅਜਿਹੀ ਸਪਿਰਟ ਭਰੀ ਕਿ ਜਿਥੇ ਉਹ ਸਮਾਜਿਕ ਬੁਰਾਈਆਂ ਵਿਰੁੱਧ ਡਟ ਕੇ ਲੜੇ। ਉਥੇ ਨਾਲ ਹੀ ਉਨ੍ਹਾਂ ਨੇ ਜ਼ਾਲਮ ਹਕੂਮਤ ਨਾਲ ਟਕਰਾਉਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਅੱਜ ਵੀ ਸਿੱਖ ਫਿਲਾਸਫੀ ਦੀ ਓਨੀ ਹੀ ਮਹੱਤਤਾ ਹੈ, ਜਿੰਨੀ ਉਸ ਵੇਲੇ ਸੀ। ਇਹ ਸਿੱਖ ਸਿਧਾਂਤ ਦੀ ਮਹੱਤਤਾ ਹੀ ਸੀ ਕਿ ਜਦੋਂ ਮੈਕਾਲਿਫ਼ ਪੰਜਾਬ ਵਿਚ ਡਿਪਟੀ ਕਮਿਸ਼ਨਰ ਬਣਿਆ ਤਾਂ ਉਸ ਨੇ ਸਿੱਖ ਧਰਮ ਦੇ ਨਿਯਮਾਂ ਨੂੰ ਗਹੁ ਨਾਲ ਵਾਚਿਆ। ਉਹ ਇਸ ਜੀਵਨ ਢੰਗ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਸਿੱਖ ਇਤਿਹਾਸ ਲਿਖਣ ਬੈਠ ਗਿਆ ਅਤੇ ਉਸ ਨੇ ਆਪਣੀ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ। ਇਹ ਗੱਲ ਵੱਖਰੀ ਹੈ ਕਿ ਸਿੱਖ ਕੌਮ ਨੇ ਇਸ ਦੀ ਕਿੰਨੀ ਕੁ ਕਦਰ ਪਾਈ। ਅੱਜ ਮਨੁੱਖ ਤੇਜ਼ ਰਫਤਾਰ ਜ਼ਿੰਦਗੀ ਜੀਅ ਰਿਹਾ ਹੈ ਅਤੇ ਉਸ ਕੋਲ ਸਮਾਂ ਘਟਦਾ ਜਾ ਰਿਹਾ ਹੈ ਜਾਂ ਇੰਜ ਕਹਿ ਲਓ ਕਿ ਉਹ ਰੁਝੇਵਿਆਂ ਵਿਚ ਉਲਝਦਾ ਜਾ ਰਿਹਾ ਹੈ। ਉਸ ਨੂੰ ਇਸ ਉਲਝਣ ਤੋਂ ਬਚਾਉਣ ਲਈ ਸਿੱਖ ਫਿਲਾਸਫੀ ਅਹਿਮ ਰੋਲ ਅਦਾ ਕਰਦੀ ਹੈ। ਸਭ ਤੋਂ ਪਹਿਲਾਂ ਗੁਰੂ ਸਾਹਿਬਾਨ ਵੱਲੋਂ ਦਿੱਤਾ 'ਵੰਡ ਛਕਣ' ਦਾ ਸਿਧਾਂਤ ਉਸ ਨੂੰ ਸਵਾਰਥੀ ਬਣਨ ਤੋਂ ਰੋਕਦਾ ਹੈ। ਸਿੱਖ ਫਿਲਾਸਫੀ ਵਿਚ ਸੇਵਾ ਦੇ ਸੰਕਲਪ ਦੀ ਵੀ ਬਹੁਤ ਅਹਿਮੀਅਤ ਹੈ। ਤੇਜ਼ ਰਫਤਾਰ ਜ਼ਿੰਦਗੀ ਦੀ ਦੌੜ ਵਿਚ ਕਿਸੇ ਮਨੁੱਖ ਕੋਲ ਦੂਜਿਆਂ ਬਾਰੇ ਸੋਚਣ ਨੂੰ ਸਮਾਂ ਹੀ ਨਹੀਂ ਹੈ ਪਰ ਇਹ ਸਿਧਾਂਤ ਨਾ ਕੇਵਲ ਉਸ ਨੂੰ ਆਪਣੇ ਆਲੇ-ਦੁਆਲੇ ਨਾਲ ਪੂਰੀ ਤਰ੍ਹਾਂ ਜੋੜਦਾ ਹੈ, ਸਗੋਂ ਦੀਨ-ਦੁਖੀਆਂ, ਨਿਆਸਰਿਆਂ ਤੇ ਲੋੜਵੰਦਾਂ ਦੀ ਮਦਦ ਕਰਨ ਲਈ ਵੀ ਪ੍ਰੇਰਦਾ ਹੈ। ਇਸ ਤਰ੍ਹਾਂ ਇਸ ਸਿਧਾਂਤ 'ਤੇ ਪਹਿਰਾ ਦਿੰਦਿਆਂ ਹੋਇਆਂ ਮਨੁੱਖ ਨਿੱਜਸਵਾਰਥ ਤੋਂ ਉੱਪਰ ਉਠ ਕੇ ਦਇਆ-ਭਾਵ ਦੀ ਦ੍ਰਿਸ਼ਟੀ ਨਾਲ ਆਲਾ-ਦੁਆਲਾ ਸਵਾਰ ਸਕਣ ਦੇ ਸਮਰੱਥ ਹੋ ਜਾਂਦਾ ਹੈ।
ਵਿਕਾਸ ਨੇ ਮਨੁੱਖ ਦੇ ਜੀਵਨ ਨੂੰ ਸੁਖਾਲਾ ਤਾਂ ਬਣਾਇਆ ਹੈ ਪਰ ਆਲਸ ਤੇ ਬਿਮਾਰੀਆਂ ਵੀ ਪੈਦਾ ਕਰ ਦਿੱਤੀਆਂ ਹਨ। ਇਨ੍ਹਾਂ ਬਿਮਾਰੀਆਂ ਵਿਚ ਇਜ਼ਾਫ਼ੇ ਦਾ ਕਾਰਨ ਵਧਦਾ ਹੋਇਆ ਦਿਮਾਗੀ ਬੋਝ, ਤਣਾਅ ਤੇ ਵਾਧੂ ਦੇ ਰੁਝੇਵੇਂ ਹਨ। ਜਿਥੋਂ ਤੱਕ ਆਲਸ ਦੀ ਗੱਲ ਹੈ, ਨਿੱਕਾ-ਮੋਟਾ ਕੰਮ ਕਰਨ ਲਈ ਵੀ ਰਿਮੋਟ ਦੀ ਵਰਤੋਂ ਹੋਣ ਲੱਗ ਪਈ ਹੈ ਅਤੇ ਸਰੀਰ ਦੀ ਬਹੁਤੀ ਹਿਲਜੁਲ ਬੰਦ ਹੋਣ ਨਾਲ ਸਰੀਰ ਦੇ ਜੋੜ ਵੀ ਜੰਮ ਜਿਹੇ ਜਾਂਦੇ ਹਨ ਪਰ ਇਸ ਆਧੁਨਿਕ ਯੁੱਗ ਵਿਚ ਵੀ ਕਿਰਤ ਕਰਨ ਦੇ ਸਿਧਾਂਤ 'ਤੇ ਅਮਲ ਕਰਦਾ ਹੋਇਆ ਮਨੁੱਖ ਉਪਰੋਕਤ ਤਰ੍ਹਾਂ ਦੀਆਂ ਅਲਾਮਤਾਂ ਤੋਂ ਬਚਿਆ ਰਹਿੰਦਾ ਹੈ। ਹੱਥੀਂ ਕਿਰਤ ਮਨੁੱਖ ਨੂੰ ਜਿਥੇ ਅਰੋਗ ਰੱਖਦੀ ਹੈ, ਉਥੇ ਨਾਲ ਹੀ ਉਸ ਨੂੰ ਅੰਦਰੂਨੀ ਤੌਰ 'ਤੇ ਇੰਜ ਸ਼ਕਤੀਸ਼ਾਲੀ ਬਣਾਉਂਦੀ ਹੈ ਕਿ ਉਹ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੋ ਜਾਂਦਾ ਹੈ।
ਵਿਕਾਸ ਦੇ ਇਸ ਸਮੇਂ ਦੌਰਾਨ ਹਰ ਕੋਈ ਉੱਚੀਆਂ ਮੰਜ਼ਿਲਾਂ ਹਾਸਲ ਕਰਨੀਆਂ ਚਾਹੁੰਦਾ ਹੈ ਅਤੇ ਅਧਿਆਤਮਵਾਦ ਦੀ ਸੋਝੀ ਬਹੁਤ ਘੱਟ ਲੋਕਾਂ ਨੂੰ ਹੈ। ਇਸੇ ਤਰ੍ਹਾਂ ਦਿਮਾਗ 'ਤੇ ਬੋਝ ਪੈਣ ਕਾਰਨ ਲੋਕ ਦਿਮਾਗੀ ਤਵਾਜ਼ਨ ਗੁਆ ਰਹੇ ਹਨ। ਇਸ ਸਮੇਂ ਰੁਝੇਵਿਆਂ ਭਰੀ ਜ਼ਿੰਦਗੀ ਵਿਚ ਵੀ ਨਾਮ ਦੀ ਅਰਾਧਨਾ ਦੇ ਨਾਲ ਜਿਥੇ ਆਪਣੇ ਨਿਸ਼ਾਨਿਆਂ ਨੂੰ ਸਰਲ ਕੀਤਾ ਜਾ ਸਕਦਾ ਹੈ, ਉਥੇ ਸਿਮਰਨ ਸਰੀਰ ਨੂੰ ਤਾਜ਼ਗੀ, ਮਨ ਨੂੰ ਚੈਨ, ਆਤਮਾ ਨੂੰ ਮਜ਼ਬੂਤੀ ਅਤੇ ਦਿਲ-ਦਿਮਾਗ ਨੂੰ ਸਥਿਰਤਾ ਦੇ ਸਕਦਾ ਹੈ। ਵਿਕਾਸ ਦੇ ਬਿਖੜੇ ਪੰਧ ਨੂੰ ਅਪਣਾਉਂਦਾ ਜੇ ਇਨਸਾਨ ਸਿੱਖ ਗੁਰੂ ਸਾਹਿਬਾਨ ਦੀ ਫਿਲਾਸਫੀ ਨੂੰ ਅਪਣਾਏ ਤਾਂ ਉਹ ਨਾ ਕੇਵਲ ਆਪਣੇ ਮਿਥੇ ਨਿਸ਼ਾਨਿਆਂ ਨੂੰ ਹੀ ਪ੍ਰਾਪਤ ਕਰੇਗਾ, ਸਗੋਂ ਚਿੰਤਨਸ਼ੀਲ ਮਨੁੱਖੀ ਜੀਵਨ ਜਿਉਂਦਿਆਂ ਅਧਿਆਤਮਕ ਅਨੰਦ ਵੀ ਪ੍ਰਾਪਤ ਕਰ ਸਕੇਗਾ। ਧਰਮ ਦੀਆਂ ਸਦਾਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਹੋਂਦ ਤੋਂ ਬਿਨਾਂ ਪਦਾਰਥਕ ਤਰੱਕੀ ਜਿੰਨੀ ਵੀ ਹੋ ਜਾਵੇ, ਮਨੁੱਖ ਦੀਆਂ ਮੁਸ਼ਕਿਲਾਂ ਦਾ ਨਰੋਆ ਅਤੇ ਸਥਾਈ ਹੱਲ ਨਹੀਂ ਕਰ ਸਕਦੀ।
ਮਨੁੱਖੀ ਸਮਾਜ ਦੇ ਚਰਿੱਤਰ ਨੂੰ ਬਦਲਣ ਲਈ 'ਦੇਗ਼-ਤੇਗ਼' ਦੇ ਸੰਕਲਪ ਨੇ ਬਹੁਤ ਵੱਡਾ ਹਿੱਸਾ ਪਾਇਆ ਹੈ। ਇਹ ਸਮਾਜ ਦੇ ਹਰ ਖੇਤਰ ਲਈ ਇਕ ਇਨਕਲਾਬੀ ਫਾਰਮੂਲਾ ਹੈ ਜੋ ਕਿ ਮਨੁੱਖਤਾ ਦੀ ਸੰਸਾਰਕ ਅਤੇ ਰੂਹਾਨੀ ਦੋਵਾਂ ਤਰ੍ਹਾਂ ਦੀ ਭਲਾਈ ਨੂੰ ਯਕੀਨੀ ਬਣਾਉਂਦਾ ਹੈ। ਲੋਕਾਂ ਨੂੰ ਨਿਰੇ ਬਰਾਬਰੀ ਦੇ ਮੌਕੇ ਹੀ ਨਹੀਂ ਦਿੱਤੇ ਜਾਂਦੇ, ਸਗੋਂ ਉਨ੍ਹਾਂ ਦੇ ਮਨ ਵਿਚ ਸਵੈ-ਮਾਣ, ਇਨਸਾਫ਼, ਰੂਹਾਨੀਅਤ ਅਤੇ ਸਦਾਚਾਰਕ ਜੀਵਨ ਦੀ ਭਾਵਨਾ ਵੀ ਭਰੀ ਜਾਂਦੀ ਹੈ ਅਤੇ ਇਸ ਵਿਲੱਖਣ ਗੁਣ ਕਾਰਨ ਸਿੱਖ ਮਤ ਬਾਕੀ ਸਮਾਜ ਸੁਧਾਰਕ ਲਹਿਰਾਂ ਨਾਲੋਂ ਵੱਖਰਾ ਹੈ।
ਸੋ ਸਿੱਖ ਧਰਮ ਇਸ ਗੱਲ 'ਤੇ ਜ਼ੋਰ ਦਿੰਦਾ ਹੈ ਕਿ ਪਦਾਰਥਕ ਖੁਸ਼ਹਾਲੀ ਅਤੇ ਅਧਿਆਤਮਿਕ ਤਰੱਕੀ ਇਕ-ਦੂਜੇ ਨਾਲ ਮਿਲ ਕੇ ਇਕੱਠੀਆਂ ਹੀ ਹੋਣੀਆਂ ਚਾਹੀਦੀਆਂ ਹਨ ਅਤੇ ਇਕ-ਦੂਜੇ ਦੀ ਤਰੱਕੀ ਵਿਚ ਸਹਾਈ ਹੋਣੀਆਂ ਚਾਹੀਦੀਆਂ ਹਨ। ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਸਿੱਖ ਮਤ ਸਮਾਜ ਦੀਆਂ ਅਧਿਆਤਮਕ ਅਤੇ ਸੰਸਾਰਕ ਕਦਰਾਂ-ਕੀਮਤਾਂ ਦਾ ਸੁਮੇਲ ਕਾਇਮ ਕਰਦਾ ਹੈ। ਅਜਿਹਾ ਕਰਦਿਆਂ ਸਿੱਖ ਧਰਮ ਪਦਾਰਥਕ ਤਰੱਕੀ ਦੇ ਮਹੱਤਵ ਅਤੇ ਜ਼ਰੂਰਤ ਨੂੰ ਵੀ ਪ੍ਰਵਾਨ ਕਰਦਾ ਹੈ ਪਰ ਪਦਾਰਥਕ ਤਰੱਕੀ ਨੂੰ ਮਨੁੱਖਤਾ ਦਾ ਨਿਰੋਲ ਇਕੋ-ਇਕ ਮਨੋਰਥ ਨਹੀਂ ਮੰਨਿਆ ਜਾ ਸਕਦਾ। ਸਗੋਂ ਇਸ ਨੂੰ ਧਰਮ ਦੇ ਸਦਾਚਾਰਕ ਨਿਰਦੇਸ਼ਾਂ ਦੇ ਅਧੀਨ ਕੀਤਾ ਗਿਆ ਹੈ। ਸਿੱਖ ਗੁਰੂ ਸਾਹਿਬਾਨਾਂ ਨੇ ਇਹ ਪਹਿਲਾਂ ਹੀ ਮਹਿਸੂਸ ਕਰ ਲਿਆ ਸੀ ਕਿ ਜਦੋਂ ਤੱਕ ਸਮੁੱਚੇ ਸੰਸਾਰਕ ਜੀਵਨ ਨੂੰ ਅਧਿਆਤਮਿਕ ਰੰਗਤ ਨਹੀਂ ਚਾੜ੍ਹੀ ਜਾਂਦੀ, ਤਦ ਤੱਕ ਨਿਰੀ ਪਦਾਰਥਕ ਖੁਸ਼ਹਾਲੀ ਜਾਂ ਨਿਰੀ ਰਾਜਨੀਤਕ ਸ਼ਕਤੀ ਕੋਈ ਸਥਾਈ ਮਨੋਰਥ ਪੂਰਾ ਨਹੀਂ ਕਰ ਸਕਦੀ। ਇਨ੍ਹਾਂ ਦੀ ਸਭ ਤੋਂ ਚੰਗੀ ਤੇ ਆਦਰਸ਼ਕ ਵਰਤੋਂ ਤਾਂ ਹੀ ਹੋ ਸਕਦੀ ਹੈ ਜੇ ਇਨ੍ਹਾਂ ਨੂੰ ਧਰਮ ਦੀਆਂ ਅਧਿਆਤਮਿਕ ਕਦਰਾਂ-ਕੀਮਤਾਂ ਉੱਪਰ ਆਧਾਰਿਤ ਕੀਤਾ ਜਾਵੇਗਾ। ਇਸ ਤਰ੍ਹਾਂ ਸਿੱਖ ਧਰਮ ਮਨੁੱਖ ਦੀਆਂ ਸੰਸਾਰਕ ਅਤੇ ਭੌਤਿਕ ਲੋੜਾਂ ਨੂੰ ਨਜ਼ਰਅੰਦਾਜ਼ ਨਾ ਕਰਕੇ ਨੈਤਿਕ ਅਤੇ ਸਦਾਚਾਰਕ ਨਿਯਮਾਂ ਅਨੁਸਾਰ ਮਨੁੱਖ ਦੇ ਚਰਿੱਤਰ ਨੂੰ ਢਾਲ ਕੇ ਉਸ ਨੂੰ ਅਸਲੀ ਖੁਸ਼ੀ ਦੇਣਾ ਚਾਹੁੰਦਾ ਹੈ।

ਸਰਦੂਲ ਸਿੰਘ ਅਟਵਾਲ
98143-56745