ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸ਼੍ਰੋਮਣੀ ਅਕਾਲੀ ਦਲ 90 ਵਰ੍ਹਿਆਂ 'ਚ ਕਿੱਥੇ ਪੁੱਜਾ..?


ਸ਼੍ਰੋਮਣੀ ਅਕਾਲੀ ਦਲ 90 ਵਰ੍ਹਿਆਂ ਦਾ ਹੋ ਗਿਆ ਹੈ ਅਤੇ ਉਹ ਜਥੇਬੰਦੀ, ਜਿਹੜੀ ਸਿੱਖੀ ਸਿਧਾਂਤਾਂ ਦੀ 'ਪਹਿਰੇਦਾਰ' ਵਜੋਂ ਹੋਂਦ 'ਚ ਆਈ ਸੀ ਅਤੇ ਜਿਸਨੇ 'ਹਲੀਮੀ ਰਾਜ' ਦੀ ਸਥਾਪਨਾ ਲਈ ਯਤਨ ਅਤੇ ਸੰਘਰਸ਼ ਕਰਨਾ ਸੀ, ਜਿਸ ਜਥੇਬੰਦੀ ਨੇ 'ਮੀਰੀ-ਪੀਰੀ' ਦੇ ਸਿਧਾਂਤ ਦਾ ਝੰਡਾ ਬੁਲੰਦ ਕਰਨਾ ਸੀ, ਅੱਜ ਜਦੋਂ ਉਹ ਨੌਵੇਂ ਦਹਾਕੇ ਨੂੰ ਪਾਰ ਕਰਕੇ, ਆਪਣੀ ਸ਼ਤਾਬਦੀ ਪੂਰੀ ਕਰਨ ਵਾਲੇ ਦਹਾਕੇ 'ਚ ਪੁੱਜ ਗਈ ਹੈ ਤਾਂ ਇਸ ਜਥੇਬੰਦੀ ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਨਾ ਵੀ ਜ਼ਰੂਰੀ ਹੋ ਜਾਂਦਾ ਹੈ। ਕਿਰਤੀ ਤੇ ਸੱਚੇ-ਸੁੱਚੇ ਸਿੱਖਾਂ ਦੀ ਇਹ ਜਥੇਬੰਦੀ ਅੱਜ ਜਗੀਰਦਾਰਾਂ ਤੇ ਸਰਮਾਏਦਾਰਾਂ ਦੀ ਨਿੱਜੀ ਜਗੀਰ ਕਿਉਂ ਬਣ ਗਈ ਹੈ ਅਤੇ ਇਸ ਲਈ ਕੌਣ ਜ਼ੁੰਮੇਵਾਰ ਹੈ? ਇਹ ਸੁਆਲ ਵੀ ਸਿੱਖ ਕੌਮ ਅੱਗੇ ਖੜ੍ਹਾ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਤੇ ਅੰਗਰੇਜ਼ਾਂ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਹੋਈ ਸੀ, ਇਸ ਜਥੇਬੰਦੀ ਨੇ ਅਥਾਹ ਕੁਰਬਾਨੀਆਂ ਕਰਕੇ, ਦੋਵੇਂ ਮਿਸ਼ਨ ਸਫ਼ਲਤਾ ਨਾਲ ਪੂਰੇ ਕੀਤੇ ਅਤੇ ਉਸ ਤੋਂ ਬਾਅਦ ਸਿੱਖਾਂ ਦੀ ਰਾਜਸੀ ਅਗਵਾਈ ਕਰਨ ਦੀ ਜ਼ੁੰਮੇਵਾਰੀ ਇਸ ਜਮਾਤ ਸਿਰ ਸੀ, ਪ੍ਰੰਤੂ ਰਾਜਸੀ ਅਗਵਾਈ ਦੇ ਨਾਲ ਨਾਲ ਸੱਤਾ ਦੀ ਲਾਲਸਾ ਤੇ ਭੁੱਖ ਨੇ ਇਸ ਜਥੇਬੰਦੀਆਂ ਦੇ ਤਿਆਗ, ਸੇਵਾ ਤੇ ਕੁਰਬਾਨੀ ਦੇ ਮੁੱਢਲੇ ਗੁਣਾਂ ਨੂੰ 'ਨਿਗਲ' ਲਿਆ ਤੇ ਜਦੋਂ ਆਮ ਰਾਜਸੀ ਧਿਰਾਂ ਵਾਗੂੰ ਹੀ ਇਸ ਪਾਰਟੀ ਦਾ ਨਿਸ਼ਾਨਾ ਵੀ ਸੱਤਾ ਦੀ ਪ੍ਰਾਪਤੀ ਤੇ ਸੱਤਾ ਪ੍ਰਾਪਤ ਕਰਕੇ ਲੁੱਟ ਤੇ ਕੁੱਟ ਹੀ ਰਹਿ ਗਿਆ, ਫਿਰ ਆਪਣੇ ਮਿਸ਼ਨ ਤੋਂ ਥਿੜਕ ਜਾਣਾ ਸੁਭਾਵਿਕ ਸੀ। ਗੁਰੂ ਸਾਹਿਬਾਨ ਨੇ ਆਮ ਸਿੱਖਾਂ ਨੂੰ ਪਾਤਸ਼ਾਹੀਆਂ ਬਖ਼ਸ਼ਣ ਲਈ ਦੁਨੀਆਂ ਦੇ ਨਿਰਾਲੇ ਪੰਥ ਦੀ ਨੀਂਹ ਰੱਖੀ ਸੀ, ਪ੍ਰੰਤੂ ਅਕਾਲੀ ਦਲ ਤੇ ਕਾਬਜ਼ ਧਿਰਾਂ 'ਮਲਕ ਭਾਗੋ' ਬਣ ਗਈਆਂ, ਜਿਨ੍ਹਾਂ ਨੇ ਭਾਈ ਲਾਲੋ ਨੂੰ ਇਕ ਵਾਰ ਫ਼ਿਰ ਆਪਣੇ ਤੋਂ ਕੋਹਾਂ ਦੂਰ ਕਰ ਦਿੱਤਾ ਅਤੇ ਭਾਈ ਲਾਲੋਆਂ ਦੀ ਇਸ ਜਮਾਤ ਨੂੰ ਆਪਣੀ ਪਿਤਾ-ਪੁਰਖੀ ਜਗੀਰ ਬਣਾ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਆਪਣੇ 90 ਸਾਲਾਂ ਦੇ ਇਤਿਹਾਸ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਲ ਤੱਕ ਦਾ ਸਫ਼ਰ ਤੈਅ ਕੀਤਾ ਹੈ, ਇਸਨੂੰ ਕਿਹੜੀ ਕੌਮੀ ਪ੍ਰਾਪਤੀ ਆਖਿਆ ਜਾਵੇ? ਇਹੋ ਕਾਰਣ ਹੈ ਕਿ ਅੱਜ ਅਕਾਲੀ ਦਲ ਖੱਖੜੀਆਂ ਕਰੇਲੇ ਹੋ ਗਿਆ ਅਤੇ ਭਾਵੇਂ ਹਰ ਧਿਰ ਆਪਣੀ ਪਾਰਟੀ ਨੂੰ ਭਾਵੇਂ ਉਸ ਪਾਸ ਮਾਰੂਤੀ ਕਾਰ ਦੀਆਂ ਸਵਾਰੀਆਂ ਜਿੰਨੇ ਮੈਂਬਰ ਹੀ ਹੋਣ, ਆਪਣੇ ਆਪ ਨੂੰ ਅਸਲ ਅਕਾਲੀ ਦਲ ਹੋਣ ਦਾ ਦਾਅਵਾ ਕਰ ਰਹੀ ਹੈ, ਪ੍ਰੰਤੂ ਸੱਚ ਇਹ ਹੈ ਕਿ ਉਸ ਜਥੇਬੰਦੀ ਦਾ ਜਿਸਨੇ ਸਿੱਖਾਂ ਨੂੰ ਰਾਜਸੀ ਅਗਵਾਈ ਦੇਣੀ ਸੀ, ਸੱਚਮੁੱਚ ਭੋਗ ਪੈ ਚੁੱਕਾ ਹੈ। ਹੁਣ ਤਾਂ ਉਸ ਪਵਿੱਤਰ ਤੇ ਕੁਰਬਾਨੀਆਂ ਭਰੇ ਨਾਮ ਦਾ ਲਾਹਾ ਲੈਣ ਦੀ ਕੋਸ਼ਿਸ ਹੀ ਕੀਤੀ ਜਾ ਰਹੀ ਹੈ। ਅਸੀਂ ਸਮਝਦੇ ਹਾਂ ਕਿ ਜਦੋਂ ਤੱਕ ਕੋਈ ਕੌਮ ਰਾਜਸੀ ਤੌਰ ਤੇ ਚੇਤੰਨ ਤੇ ਤਾਕਤਵਰ ਨਹੀਂ ਹੁੰਦੀ, ਉਦੋਂ ਤੱਕ ਉਹ ਆਪਣੇ ਹੱਕਾਂ ਦੀ ਰਾਖੀ ਨਹੀਂ ਕਰ ਸਕਦੀ, ਇਹੋ ਕਾਰਣ ਹੈ ਕਿ ਅੱਜ 21ਵੀਂ ਸਦੀ ਦੇ ਪਹਿਲੇ ਦਹਾਕੇ ਦੇ ਲੰਘ ਜਾਣ ਦੇ ਬਾਵਜੂਦ ਸਿੱਖਾਂ ਦੀ ਰਾਜਸੀ ਰੂਪ 'ਚ ਕੜਕਵੀ ਹਾਜ਼ਰੀ ਵਿਸ਼ਵ ਪੱਧਰ ਤੇ ਤਾਂ ਕੀ ਦੇਸ਼ 'ਚ ਵੀ ਮਹਿਸੂਸ ਹੋਣੋਂ ਹੱਟ ਗਈ ਹੈ। ਅੱਜ ਸਿੱਖਾਂ ਨੂੰ ਤੇ ਪੰਜਾਬ ਨੂੰ ਆਰਥਿਕ, ਧਾਰਮਿਕ, ਰਾਜਨੀਤਕ, ਸੱਭਿਆਚਾਰਕ ਸਾਰੇ ਖੇਤਰਾਂ 'ਚ ਮਨਫ਼ੀ ਕਰਕੇ ਕੰਮਜ਼ੋਰ ਕਰਨ ਦੇ ਯਤਨ ਹੋ ਹੀ ਨਹੀਂ ਰਹੇ, ਸਗੋਂ ਅਜਿਹੇ ਨਾਪਾਕ ਯਤਨਾਂ ਨੂੰ ਬੂਰ ਪੈਦਾ ਵੀ ਵਿਖਾਈ ਦੇ ਰਿਹਾ ਹੈ। ਜਦੋਂ ਤੱਕ ਸਿੱਖ ਰਾਜਸੀ ਰੂਪ 'ਚ ਤਾਕਤਵਰ ਨਹੀਂ ਹੋਣਗੇ, ਉਨ੍ਹਾਂ ਦੀ ਹੋਣੀ ਨੂੰ ਬਦਲਣਾ ਅਸੰਭਵ ਹੈ। ਸਾਡੀ ਅੱਜ ਦੇ ਦਿਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ 90ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ (ਇਹ ਗੱਲ ਵੱਖਰੀ ਹੈ ਕਿ ਬਾਦਲ ਪਰਿਵਾਰ ਨੂੰ ਹੀ ਆਪਣਾ ਸਭ ਕੁਝ ਮੰਨਣ ਵਾਲੇ ਅਕਾਲੀਆਂ ਨੂੰ ਅਕਾਲੀ ਦਲ ਦੀ ਵਰ੍ਹੇ ਗੰਢ ਨਾਂ ਤਾਂ ਯਾਦ ਆਉਣੀ ਹੈ ਅਤੇ ਨਾਂ ਹੀ ਉਨ੍ਹਾਂ ਨੇ ਯਾਦ ਕਰਨ ਦੀ ਕੋਸ਼ਿਸ ਕਰਨੀ ਹੈ) ਸਾਡੀ ਸਮੂੰਹ ਪੰਥ ਦਰਦੀਆਂ ਨੂੰ ਅਪੀਲ ਹੈ ਕਿ ਉਹ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਦੀ ਲੋੜ ਨੂੰ ਮਹਿਸੂਸ ਕਰਨ, ਜਿਹੜੀ ਜਥੇਬੰਦੀ ਸੱਚੀ-ਮੁੱਚੀ ਉਸ ਸ਼੍ਰੋਮਣੀ ਅਕਾਲੀ ਦਲ ਦੀ ਵਾਰਿਸ ਹੋਵੇ, ਜਿਹੜਾ ਅਕਾਲੀ ਦਲ ਸਿੱਖੀ ਸਿਧਾਂਤਾਂ ਦੀ 'ਪਹਿਰੇਦਾਰੀ' ਕਰਨ ਦੇ ਸਮਰੱਥ ਸੀ ਅਤੇ ਉਸ ਹਲੀਮੀ ਰਾਜ ਦੀ ਸਥਾਪਤੀ ਲਈ ਸੰਘਰਸ਼ ਕਰ ਸਕਦੀ ਹੋਵੇ, ਜਿਸਦਾ ਖ਼ਾਕਾ, ਗੁਰਬਾਣੀ ਸਾਨੂੰ ਦੱਸਦੀ ਅਤੇ ਸਿਖਾਉਂਦੀ ਹੈ। ਅੱਜ ਜਦੋਂ ਬਹੁਗਿਣਤੀ ਸਿੱਖ, ਪੜ੍ਹੇ-ਲਿਖੇ ਹਨ ਤਾਂ ਉਨ੍ਹਾਂ 'ਚ ਸਹੀ-ਗਲਤੀ ਦੀ ਪਛਾਣ ਅਤੇ ਜਥੇਬੰਦੀ ਦੀ ਮਹਾਨਤਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਘੱਟੋ ਘੱਟ ਖੁਦ ਤਾਂ 'ਸਿੱਖ' ਹੋਵੇ। ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਜਿਸ ਤਰ੍ਹਾਂ ਸਿੱਖ ਆਗੂਆਂ ਦੇ ਚਿਹਰੇ 'ਮਖੌਟਿਆਂ' ਨਾਲ ਢੱਕ ਦਿੱਤੇ ਹਨ ਅਤੇ ਮਖੌਟੇਧਾਰੀ ਸਿੱਖ ਆਗੂ ਸਿੱਖੀ ਸਿਧਾਂਤਾਂ ਦਾ ਜਿਵੇਂ ਘਾਣ ਕਰ ਰਹੇ ਹਨ, ਇਸ ਨੂੰ ਰੋਕਣ ਲਈ ਕੌਮ ਦਾ 'ਜਾਗਣਾ' ਬੇਹੱਦ ਜ਼ਰੂਰੀ ਹੈ। ਤਦ ਹੀ ਅਸੀਂ ਅਕਾਲੀ ਤੋਂ 'ਕਾਲ਼ੀ' ਬਣੀ ਜਮਾਤ ਨੂੰ ਮੁੜ ਤੋਂ 'ਅਕਾਲੀ' ਬਣਨ ਵੱਲ ਤੋਰ ਸਕਾਂਗੇ।

- ਜਸਪਾਲ ਸਿੰਘ ਹੇਰਾਂ