ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਗਤ ਰਹਿਬਰ ਬਾਬੇ ਨਾਨਕ ਦੇ ਕ੍ਰਾਂਤੀਕਾਰੀ ਉਪਦੇਸ਼


ਜ਼ਾਹਰ ਪੀਰ ਜਗਤ ਗੁਰੂ ਬਾਬਾ ਜੀ ਨੇ ਸੰਸਾਰ ਨੂੰ ਜੋ ਉੁਪਦੇਸ਼ ਦਿੱਤਾ ਉਹ ਸ਼ੁੱਧ ਰੂਪ ਵਿੱਚ ਉਨ੍ਹਾਂ ਦੀ ਪਵਿੱਤਰ ਬਾਣੀ ਵਿੱਚੋਂ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਪੁਰਾਤਨ ਗ੍ਰੰਥਾਂ, ਜਨਮ ਸਾਖੀਆਂ, ਹੋਰ ਕਰਮਕਾਂਡੀ ਹਿੰਦੂ ਅਤੇ ਮੁਸਲਿਮ ਲਿਖਾਰੀਆਂ ਅਤੇ ਅਜੋਕੇ ਡੇਰਾਵਾਦੀ ਸਾਧਾਂ ਨੇ ਗੁਰ ਉਪਦੇਸ਼ ਨੂੰ ਆਪੋ ਆਪਣੇ ਨਜ਼ਰੀਏ, ਵਿਸ਼ਵਾਸ਼ ਨਾਲ ਲਿਖਿਆ ਹੈ ਪਰ ਗੁਰੂ ਜੀ ਦੀ ਪਵਿੱਤਰ ਬਾਣੀ ਦੀ ਫਿਲਾਸਫੀ ਅਨੁਸਾਰ ਨਹੀਂ। ਕੁਝ ਟਾਂਵੇਂ ਗੁਰੂ ਪਿਆਰੇ ਲਿਖਾਰੀਆਂ ਨੂੰ ਛੱਡ ਕੇ ਬਾਕੀ ਸਭ ਨੇ ਗੁਰ ਉਪਦੇਸ਼ ਨੂੰ ਰਲ-ਗੱਡ ਕੀਤਾ ਹੋਇਆ ਹੈ। ਇਸ ਰਲੇ ਨੂੰ ਸਮਝਣ ਦੀ ਲੋੜ ਹੈ, ਜਿਵੇਂ ਸੋਨੇ ਵਿੱਚ ਹੋਰ ਬਹੁਤ ਸਾਰੀਆਂ ਧਾਤਾਂ ਰਲਾ ਦਿੱਤੀਆਂ ਜਾਣ ਤਾਂ ਸਿਆਣਾ ਸੁਨਿਆਰਾ ਉਸ ਸੋਨੇ ਨੂੰ ਪਹਿਲਾਂ ਕਸਵੱਟੀ ਤੇ ਪਰਖਦਾ ਹੈ ਤਾਂ ਪਤਾ ਚੱਲ ਜਾਂਦਾ ਹੈ ਕਿ ਸੋਨੇ ਵਿੱਚ ਕਿੰਨਾਂ ਲੋਹਾ, ਪਿਤਲ, ਤਾਂਬਾ ਅਤੇ ਜਿਸਤ ਆਦਿਕ ਹੈ। ਇਵੇਂ ਹੀ ਸਾਡੇ ਪਾਸ ਗੁਰਬਾਣੀ ਸੱਚ ਦੀ ਅਸਲ ਕਸਵੱਟੀ ਹੈ ਜੋ ਫਿਲਾਸਫੀ ਗੁਰੂ ਨਾਨਕ ਜੀ ਦੀ ਬਾਣੀ ਨਾਲ ਨਹੀ ਮਿਲਦੀ ਉਹ ਗੁਰ ਉਪਦੇਸ਼ ਨਹੀਂ ਹੋ ਸਕਦੀ। ਫਿਰ ਵੀ ਸਾਨੂੰ ਇਨ੍ਹਾਂ ਸਰੋਤਾਂ ਤੋਂ ਗੁਰ ਇਤਿਹਾਸ ਬਾਰੇ ਕੁਝ ਮਦਦ ਮਿਲਦੀ ਹੈ ਜਿਸ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਵਾਚਣ ਦੀ ਲੋੜ ਹੈ ਨਾਂ ਕਿ ਲਕੀਰ ਦੇ ਫਕੀਰ ਬਣ ਕੇ, ਜੋ ਵੀ ਸਾਨੂੰ ਕੋਈ ਸੁਣਾਈ ਜਾਵੇ ਅਸੀਂ ਸਤਿ ਕਰਕੇ ਸੁਣੀ ਅਤੇ ਮੰਨੀ ਜਾਈਏ ਭਾਵੇਂ ਉਹ ਗੁਰਬਾਣੀ ਗੁਰ ਸਿਧਾਂਤ ਦੇ ਵਿਰੁਧ ਹੀ ਕਿਉਂ ਨਾਂ ਹੋਵੇ।
ਗਿਆਨ ਦਾ ਸੂਰਜ ਚੜ੍ਹਿਆ-ਮਿਟੀ ਧੁੰਦ ਜਗਿ ਚਾਨਣ ਹੋਆ (ਭਾæਗੁæ)  ਗੁਰੂ ਨਾਨਕ ਦੇਵ ਜੀ ਬਾਰੇ ਭੱਟਾਂ ਨੇ ਵੀ ਲਿਖਿਆ ਹੈ-ਬਲਿਓ ਚਰਾਗੁ ਅੰਧ੍ਹਾਰ ਮਹਿææ॥(1387) ਭਾਵ ਉਸ ਵੇਲੇ ਵਹਿਮਾਂ, ਭਰਮਾਂ, ਪਾਖੰਡਾਂ, ਪਾਪਾਂ, ਅਗਿਆਨ, ਧਾਰਮਿਕ ਅਤੇ ਰਾਜਸੀ ਧੱਕੇਸ਼ਾਹੀ ਦਾ ਘੋਰ ਅੰਧੇਰਾ ਛਾਇਆ ਹਇਆ ਸੀ ਤਦੋਂ-ਸੁਣੀ ਪੁਕਾਰੁ ਦਾਤਾਰੁ ਪ੍ਰਭਿ ਗੁਰੂ ਨਾਨਕ ਜਗ ਮਾਹਿ ਪਠਾਇਆ(ਭਾæਗੁæ) ਜਦ ਗੁਰੂ-ਗਿਆਨ ਦਾ ਸੂਰਜ ਚੜ੍ਹਿਆ ਭਾਵ ਲੋਕਾਂ ਨੂੰ ਸਚਾਈ ਦਾ ਪਤਾ ਲੱਗਾ ਕਿਉਂਕਿ-ਪਰਜਾ ਅੰਧੀ ਗਿਆਨ ਬਿਨ (ਭਾæਗੁ)  ਪਰਜਾ ਭਾਵ ਲੋਕਾਈ ਅਗਿਆਨਤਾ ਦੇ ਅੰਧੇਰੇ ਵਿੱਚ ਵਹਿਮਾਂ-ਭਰਮਾਂ, ਜਾਤ-ਪਾਤ, ਛੂਆ-ਛਾਤ, ਸੁੱਚ-ਭਿੱਟ, ਦਿਸ਼ਾ-ਵਿਸ਼ਾ, ਸ਼ਗਨ-ਅਪਸ਼ਗਨ ਅਦਿਕ ਫੋਕਟ ਕਰਮਾਂ ਵਿੱਚ ਧਰਮ ਅਤੇ ਰਾਜ ਦੇ ਠੇਕੇਦਾਰਾਂ ਉਲਝਾ ਦਿੱਤੀ ਸੀ-ਹਉਂ ਭਾਲਿ ਵਿਕੁੰਨੀ ਹੋਈ ਅੰਧੇਰੇ ਰਾਹ ਨ ਕੋਈ (ਭਾæਗੁ)  ਸਿੱਧਾ ਰਸਤਾ ਕੋਈ ਨਹੀਂ ਸੀ ਦੱਸ ਰਿਹਾ। ਧਾਰਮਿਕ ਆਗੂ ਕਹਿ ਰਹੇ ਸਨ, ਦੇਵੀ ਦੇਵਤਿਆਂ ਅਤੇ ਪੀਰਾਂ ਦੀ ਕਰੋਪੀ ਤੋਂ ਬਚਣ ਲਈ ਹਵਨ ਕਰੋ, ਜੱਗ ਕਰੋ, ਜੋਤਾਂ ਬਾਲੋ, ਦਾਨ ਪੁੰਨ ਕਰੋ, ਅਜਿਹਾ ਅੱਜ ਵੀ ਹੋ ਰਿਹਾ ਹੈ। ਗੁਰੂ-ਗਿਆਨ ਦੀ ਥਾਂ ਤੇ ਦੀਵੇ ਬਾਲੇ ਤੇ ਜੋਤਾਂ ਜਗਾਈਆਂ, ਧੂਫਾਂ ਧੁਖਾਈਆਂ ਜਾਂਦੀਆਂ, ਮੱਥੇ ਟੇਕੇ ਜਾਂਦੇ, ਸੁਹਣੇ-ਸੁਹਣੇ ਰੁਮਾਲੇ ਅਤੇ ਭੇਟਾ ਹੀ ਚੜ੍ਹਾਈਆਂ ਜਾਂਦੀਆਂ ਹਨ। ਔਖੇ-ਔਖੇ ਗਿਣਤੀ ਮਿਣਤੀ ਦੇ ਪਾਠ ਅਤੇ ਜਪ-ਤਪ ਹੀ ਕੀਤੇ ਤੇ ਕਰਾਏ ਜਾ ਰਹੇ ਹਨ।
ਬਾਬੇ ਨਾਨਕ ਦਾ ਮੂਲ ਉਪਦੇਸ਼
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥
ੴ-ਰੱਬ ਇੱਕ ਹੈ ਦੋ ਨਹੀਂ ਇਸ ਕਰਕੇ ਏਕਾ ਗਿਣਤੀ ਵਾਚਕ ਰੱਖਿਆ ਕਿ ਕਿਸੇ ਨੂੰ ਕੋਈ ਭੁਲੇਖਾ ਨਾ ਰਹਿ ਜਾਵੇ ਅਤੇ ਕੋਈ ਇਸ ਇੱਕ ਦੇ ਵੱਖਰੇ-ਵੱਖਰੇ ਅਰਥ ਨਾਂ ਕਰੇ ਜਿਵੇਂ ਅੱਜ ਦੇ ਸੰਪ੍ਰਦਾਈ-ਟਕਸਾਲੀ-ਡੇਰੇਦਾਰ ਗੁਰਬਾਣੀ ਨੂੰ ਵੇਦਾਂਤਕ ਰੰਗਤ ਦੇ ਕੇ ਇੱਕ ਸ਼ਬਦ ਦੇ ਕਈ-ਕਈ ਅਰਥ ਕਰ ਰਹੇ ਹਨ। ਗੁਰੂ ਜੀ ਜਪੁਜੀ ਸਾਹਿਬ ਵਿਖੇ ਹੀ ਇਸ "ਇੱਕ" ਦੀ ਵਿਆਖਿਆ ਕਰਦੇ ਹਨ-ਸਭਨਾ ਜੀਆਂ ਕਾ ਇਕੁ ਦਾਤਾææ॥(ਜਪੁਜੀ) ਓਅੰਕਾਰਿ ਏਕੋ ਰਵਿ ਰਹਿਆ(1310) ਭਾਈ ਗੁਰਦਾਸ ਜੀ ਵੀ ਲਿਖਦੇ ਹਨ-ਏਕਾ ਏਕੰਕਾਰ ਲਿਖਿ ਵੇਖਾਲਿਆ। ਊੜਾ ਓਅੰਕਾਰ ਪਾਸਿ ਬਹਾਲਿਆ॥  ਓਅੰਕਾਰ-ਉਹ ਸਭਨਾਂ ਵਿੱਚ ਰਮਿਆਂ ਹੋਇਆ ਹੈ ਅਤੇ ਸਭ ਦਿਸਦੇ ਅਨਦਿਸਦੇ ਉਸ ਦੇ ਹੀ ਅਕਾਰ ਹਨ।
ਸਤਿਨਾਮੁ-ਸਤਿ ਦਾ ਅਰਥ ਹੈ ਸਦੀਵੀ ਹੋਂਦਵਾਲਾ ਭਾਵ-ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ਦੁਨੀਆਂ ਮੁਕਾਮੇਂ ਫਾਨੀ ਹੈ। ਕੋਈ ਵੀ ਸਾਧ-ਸੰਤ ਜਾਂ ਅਖੌਤੀ ਬ੍ਰਹਮ ਗਿਆਨੀ ਸਦੀਵੀ ਹੋਂਦ ਵਾਲਾ ਨਹੀਂ ਹੋ ਸਕਦਾ। ਇਸ ਕਰਕੇ ਸਾਨੂੰ ਸੱਚੇ ਅਕਾਲ ਪੁਰਖ ਦਾ ਹੀ ਨਾਮ ਜਪਣਾ (ਭਾਵ ਉਸ ਨੂੰ ਹੀ ਸਦਾ ਯਾਦ ਕਰਨਾ) ਚਾਹੀਦਾ ਹੈ।
ਕਰਤਾ-ਉਹ ਇੱਕ ਹੀ ਸੰਸਾਰ ਦਾ ਕਰਣਹਾਰ ਹੈ। ਮਿਥਹਾਸਕ ਹਿੰਦੂ ਗ੍ਰੰਥਾਂ ਅਨੁਸਾਰ ਮੰਨਿਆਂ ਜਾਂਦਾ ਹੈ ਕਿ ਬ੍ਰਹਮਾਂ ਸ੍ਰਿਸ਼ਟੀ ਰਚਦਾ, ਵਿਸ਼ਨੂੰ ਰਿਜ਼ਕ ਦਾਤਾ ਅਤੇ ਸ਼ਿਵਜੀ ਲੈਤਾ ਕਰਦਾ ਹੈ। ਬਾਬਾ ਨਾਨਕ ਜੀ ਫੁਰਮਾਂਦੇ ਹਨ ਕਿ ਉਹ ਪ੍ਰਮਾਤਮਾਂ ਇੱਕ ਹੀ ਸਾਰੇ ਸੰਸਾਰ ਦਾ ਕਰਤਾ-ਧਰਤਾ-ਹਰਤਾ ਹੈ।
ਪੁਰਖੁ-ਪੁਰਖ ਦੇ ਖੱਖੇ ਨੂੰ ਔਂਕੜ ਇੱਕ ਵਚਨ ਦਾ ਲਖਾਇਕ ਹੈ। ਉਹ ਇੱਕ ਹੀ ਕਰਤਾ ਪੁਰਖ ਹੈ ਬਾਕੀ ਸਭ ਜੀਵ ਇਸਤ੍ਰੀ ਰੂਪ ਹਨ-ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰਿ ਸਗਲੀ ਨਾਰਿ ਸਬਾਈ (591) ਸੰਸਾਰੀ ਕਰਤੇ ਆਪਣੀ ਕਿਰਤ ਵਿੱਚ ਨਹੀਂ ਵਸਦੇ ਪਰ ਉਹ ਕਰਤਾ ਪੁਰਖ ਆਪਣੀ ਕਿਰਤ "ਸ੍ਰਿਸ਼ਟੀ" ਦੇ ਕਣ ਕਣ ਵਿੱਚ ਸਮਾਇਆ ਹੋਇਆ ਹੈ।
ਨਿਰਭਉ-ਉਹ ਭੈ ਰਹਿਤ ਹੈ ਬਾਕੀ ਸਾਰੀ ਦੁਨੀਆਂ ਭੈ ਵਿੱਚ ਹੈ-ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ææææਸਗਲਿਆਂ ਭਉ ਲਿਖਿਆ ਸਿਰਿ ਲੇਖੁ॥ ਨਾਨਕ ਨਿਰਭਉ ਨਿਰੰਕਾਰ ਸਚੁ ਏਕੁ (464) ਜੋ ਵੀ ਐਸੇ ਨਿਰਭਉ ਪ੍ਰਭੂ ਦਾ ਜਾਪ ਕਰਦਾ ਹੈ ਉਸ ਦੇ ਭੈ ਮਿਟ ਜਾਂਦੇ ਹਨ ਫਿਰ ਉਹ ਕਦੇ ਬਿੱਲੀ ਦੇ ਰਸਤਾ ਕੱਟ ਜਾਂਣ, ਖੋਤੇ ਦੇ ਹੀਂਕਣ, ਕਿਸੇ ਸੰਤ-ਸਾਧ ਦੇ ਸਰਾਪ ਦੇਣ, ਚੰਗੇ ਮੰਦੇ ਦਿਨ ਵੀਰ-ਸ਼ਨੀ ਆਦਿਕ ਗ੍ਰੈਹਾਂ ਤੋਂ ਨਹੀਂ ਡਰਦਾ-ਨਿਰਭਉ ਜਪੈ ਸਗਲ ਭਉ ਮਿਟੈ (293)
ਨਿਰਵੈਰੁ-ਉਹ ਵੈਰ ਰਹਿਤ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ ਪਰ ਕੀਤੇ ਕਰਮਾਂ ਦਾ ਫਲ ਹਰੇਕ ਨੂੰ ਦਿੰਦਾ ਹੈ "ਪ੍ਰਭ ਘਾਲਿਆ ਕਿਸੇ ਕਾ ਇਕੁ ਤਿਲੁ ਨ ਗਵਾਈ"  ਜਿਵੇਂ ਇੱਕ ਬਾਪ ਆਪਣੇ ਬੱਚਿਆਂ ਨੂੰ ਗਲਤੀ ਕਰਨ ਤੇ ਉਨ੍ਹਾਂ ਦੇ ਸੁਧਾਰ ਵਾਸਤੇ ਡਾਂਟਦਾ ਹੈ ਪਰ ਦਿਲ ਵਿੱਚ ਵੈਰ ਨਹੀਂ ਰੱਖਦਾ, ਇਵੇਂ ਹੀ ਪ੍ਰਮਾਤਮਾਂ ਨਿਰਵੈਰ ਹੈ-ਜੈਸਾ ਬਾਲਕੁ ਭਾਇ ਸੁਭਾਈ ਲਖਿ ਅਪਰਾਧ ਕਮਾਵੈ॥ ਕਰਿ ਉਪਦੇਸ ਝਿੜਕੇ ਬਹੁ ਭਾਂਤੀ ਬਹੁਰ ਪਿਤਾ ਗਲਿ ਲਾਵੈ॥ ਪਿਛਲੈ ਅਉਗੁਣ ਬਖਸ ਲੈ ਪ੍ਰਭ ਆਗੈ ਮਾਰਗ ਪਾਵੈ॥(624) ਇਵੇਂ ਹੀ ਨਿਰਵੈਰ ਦਾ ਜਾਪ ਕਰਨ ਵਾਲਾ ਭਾਈ ਘਨੱਈਏ ਵਾਂਗ ਨਿਰਵੈਰ ਹੋ ਜਾਂਦਾ ਹੈ।
ਅਕਾਲ ਮੂਰਤਿ-ਕਾਲ ਦਾ ਅਰਥ ਹੈ ਸਮਾਂ ਅਤੇ ਮੂਰਤ ਦਾ ਅਰਥ ਹੈ ਸਰੂਪ ਭਾਵ ਉਸ ਦਾ ਸਰੂਪ ਸਮੇਂ ਦੀ ਹੱਦ ਬੰਦੀ ਤੋਂ ਰਹਿਤ ਹੈ। ਉਹ ਸਾਡੇ ਵਾਂਗ ਕਦੇ ਬੱਚਾ ਜਵਾਨ ਤੇ ਬੁੱਢਾ ਨਹੀਂ ਹੁੰਦਾ। ਇਸ ਕਰਕੇ ਉਸ ਦੀ ਮੂਰਤਿ ਬਣਾਈ ਹੀ ਨਹੀਂ ਜਾ ਸਕਦੀ "ਥਾਪਿਆ ਨਾ ਜਾਇ ਕੀਤਾ ਨਾ ਹੋਇ" (ਜਪੁਜੀ)
ਅਜੂਨੀ-ਉਹ ਜੂਨਾਂ ਤੋਂ ਰਹਿਤ ਹੈ ਭਾਵ ਜਨਮ-ਮਰਨ ਵਿੱਚ ਨਹੀਂ ਆਉਂਦਾ-ਸੋ ਮੁਖ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥ ਪਰæææਭ੍ਰਮ ਭੂਲੇ ਨਰ ਕਰਤ ਕਚਰਾਇਣ॥ ਜਨਮ ਮਰਨ ਤੇ ਰਹਿਤ ਨਾਰਾਇਣੁ (1136)  ਉਹ ਮੂੰਹ ਸੜ ਜਾਵੇ ਜਿਹੜਾ ਕਹਿੰਦਾ ਹੈ ਕਿ ਠਾਕਰੁ (ਸੰਸਾਰ ਦਾ ਮਾਲਕ) ਜੂਨਾਂ ਵਿੱਚ ਆਉਂਦਾ ਹੈ। ਜੋ ਲੋਕ ਅਜਿਹੀਆਂ ਕੱਚੀਆਂ ਗੱਲਾਂ ਕਰਦੇ ਹਨ ਉਹ ਭਰਮ ਭੁਲੇਖਿਆਂ ਵਿੱਚ ਪਏ ਹੋਏ ਹਨ। ਇਸੇ ਕਰਕੇ ਅਵਤਾਰਾਂ, ਗੁਰੂਆਂ (ਉਪਦੇਸ਼ਕਾਂ) ਨੂੰ ਹੀ ਭਗਵਾਨ ਕਹੀ ਜਾ ਰਹੇ ਹਨ।
ਸੈਭੰ-ਉਹ ਸਵੈ ਪ੍ਰਕਾਸ਼ ਹੈ, ਉਸ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਭਾਵ ਉਸ ਦਾ ਕੋਈ ਮਾਈ ਬਾਪ ਨਹੀਂ ਜਿਵੇਂ ਸਾਰੀ ਕਾਇਨਾਤ ਵਿੱਚ ਬਾਕੀ ਸਭ ਜੀਵਾਂ ਦੇ ਮਾਂ ਬਾਪ ਹਨ। ਵੱਡੇ-ਵੱਡੇ ਅਵਤਾਰ, ਗੁਰੂ, ਪੀਰ, ਭਗਤ ਆਦਿਕ ਸਭਨਾਂ ਦੇ ਮਾਂ ਬਾਪ ਸਨ। ਇਹ ਝੂਠ ਨਹੀਂ ਹੈ ਰਾਮ, ਕ੍ਰਿਸ਼ਨ, ਈਸਾ, ਮੂਸਾ, ਮੁਹੰਮਦ ਅਤੇ ਬਾਬਾ ਨਾਨਕ ਆਦਿਕ ਸਭ ਸਰੀਰ ਕਰਕੇ ਮਾਂ ਬਾਪ ਦੇ ਘਰ ਹੀ ਪੈਦਾ ਹੋਏ ਹਨ। ਇਹ ਗੱਲ ਲਿਖਤੀ ਰੂਪ ਵਿੱਚ ਪੁਰਾਤਨ ਗ੍ਰੰਥਾਂ ਅਤੇ ਇਤਿਹਾਸ ਵਿੱਚ ਲਿਖੀ ਹੋਈ ਹੈ।
ਗੁਰਪ੍ਰਸਾਦਿ-ਗੁਰ ਦਾ ਅਰਥ ਹੈ ਗਿਆਨ ਦਾਤਾ ਅਤੇ ਪ੍ਰਸਾਦ ਦਾ ਅਰਥ ਹੈ ਕ੍ਰਿਪਾ। ਐਸੇ ਗੁਰੂ ਦੁਆਰਾ ਹੀ ਉਪ੍ਰੋਕਤ ਗੁਣਾਂ ਵਾਲੇ ਪ੍ਰਮਾਤਮਾਂ-ਅੱਲ੍ਹਾ-ਤਾਲਾ-ਰਾਮ-ਰਹੀਮ-ਗਾਡ-ਅਕਾਲ ਪੁਰਖ-ਵਾਹਿਗੁਰੂ ਨੂੰ ਜਾਣਿਆਂ, ਪਛਾਣਿਆਂ, ਮਾਣਿਆਂ ਅਤੇ ਪਾਇਆ ਜਾ ਸਕਦਾ ਹੈ-ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨਾ ਸਮਝ ਨਾ ਆਵੈ॥ ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨਾ ਮੁਕਤਿ ਨ ਪਾਵੈ॥(1399)  ਜਦ ਸਿੱਧਾਂ ਨੇ ਪੁੱਛਿਆ ਨਾਨਕ ਤੇਰਾ ਗੁਰੂ ਕੌਣ ਹੈ ਤਾਂ "ਬਾਬੇ" ਨੇ ਫਰਮਾਇਆ-ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ (943)  ਭਾਵ ਰੱਬੀ ਗਿਆਨ ਜੋ ਕਦੇ ਨਾਸ ਨਾਂ ਹੋਵੇ ਸਦਾ ਹੀ ਰੋਸ਼ਨ ਰਹੇ ਉਹ ਮੇਰਾ ਗੁਰੂ ਹੈ। ਇਸੇ ਸ਼ਬਦ ਗੁਰੂ ਦੀ ਸ਼ਕਤੀ ਨਾਲ ਹੀ ਗੁਰੂ ਜੀ ਨੇ ਹੰਕਾਰੀ ਸਿੱਧ ਮੰਡਲੀ ਨੂੰ ਜਿਤਿਆ ਸੀ-ਸ਼ਬਦਿ ਜਿਤੀ ਸਿਧ ਮੰਡਲੀ ਕੀਤੋਸੁ ਆਪਣ ਪੰਥ ਨਿਰਾਲਾ (ਭਾæਗੁæ) ਗੁਰੂ ਰਾਮਦਾਸ ਜੀ ਵੀ ਅਜਿਹਾ ਹੀ ਫੁਰਮਾਂਦੇ ਹਨ-ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥(982)  ਗੁਰੂ ਗੋਬਿੰਦ ਸਿੰਘ ਜੀ ਵੀ ਗਿਆਨ ਨੂੰ ਭਾਵ ਸ਼ਬਦ ਨੂੰ ਹੀ ਗੁਰੂ ਕਹਿੰਦੇ ਅਤੇ ਸਾਨੂੰ ਤਾਗੀਦ ਕਰਦੇ ਹਨ ਕਿ ਸੱਚੇ ਸੁੱਚੇ ਗਿਆਨ ਦਾ ਭੰਡਾਰ-ਗੁਰੂ ਗ੍ਰੰਥ ਜੀ ਮਾਨਿਓਂ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਲਿਬੋ ਚਹੈ ਖੋਜਿ ਸ਼ਬਦ ਮੇ ਲੇਹ॥  ਭਾਵ ਗੁਰੂ ਗ੍ਰੰਥ ਰੂਪੀ ਸ਼ਬਦ ਵਿੱਚੋਂ।
ਜਗਤ ਗੁਰੂ ਨਾਨਕ ਸਾਹਿਬ ਦਾ ਤਾਂ ਸਾਰੇ ਸੰਸਾਰ ਨੂੰ ਸਾਂਝਾ ਉਪਦੇਸ਼ ਹੈ ਕਿਰਤ ਕਰੋ-ਵੰਡ ਛਕੋ-ਨਾਮ ਜਪੋ
ਨਿਰੰਕਾਰ ਕਰਤਾ ਅਤੇ ਸੰਸਾਰ ਕਿਰਤ ਹੈ। ਸਿੱਖ ਧਰਮ ਵਿੱਚ ਤਾਂ ਕ੍ਰਮਵਾਰ ਕਿਰਤ ਪਹਿਲੇ, ਵੰਡ ਛੱਕਣਾ ਭਾਵ ਸੇਵਾ ਦੂਜੇ ਅਤੇ ਨਾਮ ਜਪੋ ਭਾਵ ਪ੍ਰਭੂ ਨੂੰ ਹਰ ਵੇਲੇ ਯਾਦ ਰੱਖਣਾ ਤੀਜੇ ਨੰਬਰ ਤੇ ਹੈ। ਸੋ ਜੋ ਆਪ ਕਿਰਤ ਨਹੀਂ ਕਰਦਾ ਸਗੋਂ ਦੂਜਿਆਂ ਅੱਗੇ ਹਰ ਵੇਲੇ ਹੱਥ ਅੱਡਦਾ ਹੋਇਆ, ਵੇਹਲੀਆਂ ਖਾਂਦਾ ਹੈ, ਉਹ ਗੁਰੂ ਨਾਨਕ ਦਾ ਸਿੱਖ ਨਹੀਂ ਹੋ ਸਕਦਾ ਪਰ ਅੱਜ ਦੇ ਸੰਪ੍ਰਦਾਈ ਡੇਰੇਦਾਰਾਂ ਦੀਆਂ ਧਾੜਾਂ ਭਾਵ ਵਿਹਲੜਾਂ ਦੇ ਟੋਲੇ ਹੱਥੀਂ ਕਿਰਤ ਕਰਨੀ ਛੱਡ ਅਤੇ ਅਨੇਕ ਤਰ੍ਹਾਂ ਦੇ ਢੌਂਗ ਰਚ ਕੇ, ਕਿਰਤੀਆਂ ਦੀ ਹੱਡ ਭੰਨਵੀਂ ਕਮਾਈ, ਸ਼ਰਦਾ ਅਤੇ ਭੇਟਾ ਦੇ ਨਾਂ ਤੇ ਲੁੱਟ ਕੇ, ਆਪਣੀਆਂ ਗੋਗੜਾਂ ਵਧਾ ਰਹੇ ਹਨ। ਕੀ ਤੁਸੀਂ ਇਨ੍ਹਾਂ ਵਿਹਲੜਾਂ ਨੂੰ ਬਾਬੇ ਨਾਨਕ ਦੇ ਸਿੱਖ ਆਖ ਸਕਦੇ ਹੋ? ਕਿਰਤੀਆਂ ਦੇ ਧਰਮ ਨੂੰ ਇਨ੍ਹਾਂ ਵਿਹਲੜਾਂ ਨੇ ਪੁਜਾਰੀਆਂ ਦਾ ਕਿੱਤਾ ਬਣਾ ਛੱਡਿਆ ਹੈ। ਬਾਬੇ ਨਾਨਕ ਨਾਲ ਵੀ ਇਨ੍ਹਾਂ ਭੇਖੀਆਂ ਨੇ ਭੁੱਖੇ ਵਿਹਲੜ ਸਾਧਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਮਨ ਘੜਤ ਕਹਾਣੀ ਲਿਖ ਮਾਰੀ ਹੈ। ਕੀ ਕਿਰਤ ਕਰਨ ਨੂੰ ਪਹਿਲ ਦੇਣ ਵਾਲਾ ਬਾਬਾ ਕਦੇ ਵਿਹਲੜਾਂ ਦੇ ਟੋਲੇ ਨੂੰ ਮ੍ਹਾਲ ਪੂੜੇ ਛਕਾ ਸਕਦਾ ਹੈ? ਜੋ ਹਰ ਵੇਲੇ ਇਹ ਉਪਦੇਸ਼ ਦੇਵੇ-ਘਾਲਿ ਖਾਇ ਕਿਛੁ ਹਥੋਂ ਦੇਇ॥ ਨਾਨਕ ਰਾਹ ਪਛਾਣੈ ਸੇਇ (ਗੁਰੂ ਗ੍ਰੰਥ) ਆਪਣੀ ਪੂਜਾ ਅਤੇ ਡੇਰੇ ਚਲਦੇ ਰੱਖਣ ਵਾਸਤੇ, ਅਜਿਹੀਆਂ ਅਨੇਕਾਂ ਹੀ ਮਨ ਘੜਤ ਕਹਾਣੀਆਂ, ਇਨ੍ਹਾਂ ਵਿਹਲੜ ਡੇਰੇਦਾਰਾਂ ਨੇ, ਜਗਤ ਬਾਬੇ ਨਾਲ ਜੋੜ ਰੱਖੀਆਂ ਹਨ। ਜਿਹੜਾ ਬਾਬਾ ਮਲਕ ਭਾਗੋ ਦੇ ਪਕਵਾਨ ਕਬੂਲ ਨਹੀਂ ਕਰਦਾ ਸਗੋਂ ਕਿਰਤੀ ਲਾਲੋ ਦੀ ਕੋਧਰੇ ਦੀ ਰੋਟੀ ਪ੍ਰਵਾਨ ਕਰਦਾ ਹੈ, ਉਹ ਕਦੇ ਵੀ ਵਿਹਲੜ ਸਾਧਾਂ ਦਾ ਪੱਖ ਨਹੀਂ ਪੂਰ ਸਕਦਾ। ਭਗਤ ਅਤੇ ਗੁਰੂ ਸਹਿਬਾਨ ਕਿਰਤੀ ਅਤੇ ਗ੍ਰਿਹਸਤੀ ਸਨ। ਘਰ-ਬਾਰ ਤਿਆਗ ਕੇ, ਜੰਗਲਾਂ ਵਿੱਚ ਜਾ ਕੇ, ਮੱਠ ਜਾਂ ਡੇਰੇ ਬਣਾਕੇ ਨਹੀਂ ਬੈਠੇ ਸਨ। ਅੱਜ ਦੇ ਡੇਰੇਦਾਰ ਕਿਰਤ ਨੂੰ ਤਾਂ ਬਿਲਕੁਲ ਛੱਡ ਚੁੱਕੇ ਹਨ ਜੋ ਮਨੁੱਖਤਾ ਦਾ ਪਹਿਲਾ ਉੱਤਮ ਫਰਜ਼ ਹੈ। ਭੁੱਖਾ ਭਗਤੀ ਨਹੀਂ ਕਰ ਸਕਦਾ-ਭੂਖੇ ਭਗਤਿ ਨ ਕੀਜੈ (652)  ਪੰਜਾਬੀ ਦੀ ਵੀ ਕਹਾਵਤ ਹੈ "ਪੇਟ ਨਾਂ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ" ਸੁੱਚੀ ਕਿਰਤ ਤੋਂ ਬਿਨਾ ਨਾਮ ਜਪਿਆ ਵੀ ਫਲੀਭੂਤ ਨਹੀਂ ਹੁੰਦਾ। ਸੋ ਅੱਜ ਸਾਨੂੰ ਸਾਧਾਂ-ਸੰਤਾਂ ਦੇ ਡੇਰਿਆਂ ਦਾ ਖਹਿੜਾ ਛੱਡ ਕੇ ਗੁਰੂ ਨਾਨਕ ਦੇਵ ਜੀ ਦੇ ਦੱਸੇ ਸਿੱਧੇ ਮਾਰਗ ਤੇ ਚੱਲ ਕੇ ਜਨਮ ਸਫਲਾ ਕਰਨਾ ਚਾਹੀਦਾ ਹੈ-ਕਿਰਤ ਵਿਰਤ ਕਰਿ ਧਰਮ ਦੀææ। ਗੁਰਮੁਖਿ ਗਾਡੀ ਰਾਹੁ ਚਲੰਦਾ।(ਭਾæਗੁæ) ਭਾਵ ਦਸਾਂ ਨੌਹਾਂ ਦੀ ਕਿਰਤ ਵਿਰਤ ਕਰਦਿਆਂ ਵੰਡ ਛਕਦਿਆਂ, ਨਾਮ ਜਪਦਿਆਂ ਅਤੇ ਘਰ ਬਾਰ ਵਿੱਚ ਰਹਿੰਦਿਆਂ ਹੋਇਆਂ ਮਨੁੱਖਾ ਜੀਵਨ ਨੂੰ ਸਫਲ ਬਣਾਇਆ ਅਤੇ ਪ੍ਰਮਾਤਮਾਂ ਨੂੰ ਪਾਇਆ ਜਾ ਸਕਦਾ ਹੈ-ਸਭਿ ਕਿਛੁ ਘਰਿ ਮਹਿ ਬਾਹਰਿ ਨਾਹੀਂ ॥ ਬਾਹਰਿ ਟੋਲੇ ਸੋ ਭਰਮ ਭੁਲਾਹੀ॥ ਗੁਰਪ੍ਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ॥
ਹੋਰ ਦੇਖੋ! ਬਾਬੇ ਨਾਨਕ ਨੇ ਵਿਦਿਆ ਵੀ ਪੜ੍ਹੀ, ਮੱਝਾਂ ਵੀ ਚਾਰੀਆਂ, ਖੇਤੀਬਾੜੀ, ਦੁਕਾਨਦਾਰੀ, ਨੌਕਰੀ ਅਤੇ ਵਾਪਾਰ ਵੀ ਕੀਤਾ। ਇਹ ਸਭ ਕੁਝ ਕਰਦਿਆਂ ਹੋਇਆਂ ਭੁੱਲੀ-ਭਟਕੀ ਲੋਕਾਈ ਨੂੰ ਸੱਚ ਧਰਮ ਦਾ ਉਪਦੇਸ਼ ਵੀ ਬੜੀ ਨਿਡਰਤਾ ਅਤੇ ਪਿਆਰ ਨਾਲ ਦਿੱਤਾ।
ਜਗਤ ਗੁਰ ਬਾਬੇ ਨੇ ਚੱਲ ਰਹੀਆਂ ਰੂੜੀਵਾਦੀ ਰਸਮਾਂ ਦਾ ਜੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ
ਬ੍ਰਾਹਮਣੀ ਜਾਲ ਕਟਦਿਆਂ ਜਨੇਊ ਆਦਿਕ ਫੋਕੀਆਂ ਰਸਮਾਂ ਤੋੜੀਆਂ-ਜਦ ਬਾਬਾ ਜੀ 9 ਸਾਲ ਦੇ ਹੋਏ ਤਾਂ ਕੁਲ ਦਾ ਪ੍ਰੋਹਿਤ ਪੰਡਿਤ ਹਰਦਿਆਲ ਧਾਗੇ ਦਾ ਮੰਤ੍ਰਿਆ ਹੋeਆ ਜਨੇਊ  ਪਾਉਣ ਲੱਗਾ ਤਾਂ ਬਾਬੇ ਨਾਨਕ ਨੇ ਭਰੀ ਸਭਾ ਵਿੱਚ ਰੋਕ ਦਿੱਤਾ ਤੇ ਪੁੱਛਿਆ ਕਿਉਂ ਪਾ ਰਹੇ ਹੋ? ਤਾਂ ਪੰਡਿਤ ਨੇ ਕਿਹਾ ਇਹ ਲੋਕ ਪ੍ਰਲੋਕ ਰੱਖਿਆ ਕਰਦਾ ਹੈ, ਉੱਚ ਜਾਤੀ ਦੀ ਨਿਸ਼ਾਨੀ ਹੈ ਤਾਂ ਗੁਰੂ ਜੀ ਬੋਲੇ ਜੇ ਇਤਨੇ ਗੁਣ ਇਸ ਵਿੱਚ ਹਨ ਤਾਂ ਫਿਰ ਸਭ ਤੋਂ ਪਹਿਲਾਂ ਮੇਰੀ ਭੈਣ ਨਾਨਕੀ ਦੇ ਗਲ ਪਾਇਆ ਜਾਵੇ ਕਿਉਂਕਿ ਉਹ ਮੇਰੇ ਤੋਂ ਪੰਜ ਸਾਲ ਵੱਡੇ ਹਨ। ਜਦ ਭਰੀ ਸਭਾ ਵਿਖੇ ਬਾਬੇ ਨੇ ਅਜਿਹਾ ਕਿਹਾ ਤਾਂ ਸਾਰੇ ਸ਼ਨਾਟਾ ਛਾ ਗਿਆ। ਨਹੀਂ! ਨਹੀਂ!! ਜਨੇਊ ਕੇਵਲ ਮਰਦ ਹੀ ਪਾ ਸਕਦਾ ਹੈ ਔਰਤ ਨਹੀਂ, ਦੀਆਂ ਅਵਾਜ਼ਾਂ ਆਉਣ ਲੱਗੀਆਂ ਤਾਂ ਬਾਬਾ ਬੋਲਿਆ ਮੈ ਐਸੇ ਕੱਚੇ ਧਾਗੇ ਨੂੰ ਕਦੀ ਵੀ ਨਹੀਂ ਪਹਿਰਾਂਗਾ ਜੋ ਮਰਦ ਅਤੇ ਔਰਤ ਵਿੱਚ  ਭੈਣ ਅਤੇ ਭਰਾ ਵਿੱਚ ਊਚ-ਨੀਚ ਪੈਦਾ ਕਰਦਾ ਹੈ, ਸਾਰੇ ਦੰਗ ਰਹਿ ਗਏ ਕਿਸੇ ਨੂੰ ਕੋਈ ਜਵਾਬ ਨਾ ਆਵੇ ਕਿਉਂਕਿ ਬਾਬਾ ਨਾਨਕ ਮੂੰਹ ਤੇ ਸੱਚ ਕਹਿ ਦਿੰਦਾ ਸੀ-ਸਚਿ ਸੁਣਾਇਸੀ ਸਚ ਕੀ ਬੇਲਾ (ਗੁਰੂ ਗ੍ਰੰਥ)  ਜੇ ਬਾਬਾ ਨਾਨਕ ਸੀਨਾਂ-ਬਸੀਨਾ ਚੱਲੀਆਂ ਆ ਰਹੀਆਂ ਫੋਕੀਆਂ ਰਸਮਾਂ ਨੂੰ ਗਲੋਂ ਲਾਹ ਸਕਦੇ ਹਨ ਫਿਰ ਅੱਜ ਅਸੀਂ ਸੀਨਾ-ਬਸੀਨਾਂ ਚਲੀ ਆ ਰਹੀ ਕਰਮਕਾਂਡੀ ਮਰਯਾਦਾ ਦਾ ਤਿਆਗ ਕਿਉਂ ਨਹੀਂ ਕਰਦੇ। ਅਸੀਂ ਕਿਉਂ ਲਕੀਰ ਦੇ ਫਕੀਰ ਹੀ ਬਣੇ ਹੋਏ ਹਾਂ। ਜੋਤਾਂ ਧੂਪਾਂ ਨਾਰੀਅਲ ਲਾਲ ਕਪੜਾ ਪੁੰਨਿਆ, ਮਸਿਆ ਸੰਗ੍ਰਾਂਦਾਂ ਮੜੀਆਂ ਆਦਿਕ ਹੀ ਪੂਜੀ ਜਾ ਰਹੇ ਹਾਂ, ਕਿਉਂ ਨਹੀਂ ਹਟਦੇ? ਕਿਉਂ ਭੇਖੀ ਸਾਧਾਂ ਦਾ ਖਹਿੜਾ ਨਹੀਂ ਛਡਦੇ?
ਔਰਤ ਨੂੰ ਧਰਮ ਕਰਮ ਵਿੱਚ ਬਰਾਬਰਤਾ-ਬਾਬੇ ਨਾਨਕ ਦੇ ਚਲਾਏ ਸਿੱਖ ਮੱਤ ਨੂੰ ਛੱਡ ਕੇ ਹੋਰ ਕਿਸੇ ਵੀ ਧਰਮ ਵਿੱਚ ਔਰਤ ਨੂੰ ਇਹ ਅਧਿਕਾਰ ਨਹੀਂ ਹੈ। ਬਾਬਾ ਨਾਨਕ ਪਹਿਲਾ ਸ਼ੇਰ ਮਰਦ ਰਹਿਬਰ ਹੈ ਜਿਸ ਨੇ ਔਰਤ ਦੇ ਹੱਕ ਵਿੱਚ ਅਵਾਜ਼ ਉਠਾਈ ਹੈ। ਬ੍ਰਾਹਮਣੀ ਮੱਤ ਅਨੁਸਾਰ ਔਰਤ ਸ਼ੂਦਰ ਹੈ ਉਹ ਜਨੇਊ ਨਹੀਂ ਪਾ ਸਕਦੀ। ਪਰ ਅੱਜ ਸਿੱਖ ਮੱਤ ਵਿੱਚ ਵੀ ਔਰਤਾਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਅੰਮ੍ਰਿਤ ਸੰਚਾਰ ਦੀ ਸੇਵਾ ਦਾ ਅਧਿਕਾਰ ਨਹੀਂ, ਕਿAੁਂ ਨਹੀ? ਜਦ ਕਿ ਬਾਬਾ ਜੀ-ਫੁਰਮਾਂਦੇ ਹਨ-ਸੋ ਕਿਉਂ ਮੰਦਾ ਆਖੀਐ ਜਿਤਿ ਜੰਮੇ ਰਾਜਾਂਨ (ਆਸਾ ਕੀ ਵਾਰ)
ਗ੍ਰਿਹਸਤ ਮਾਰਗ ਬਾਰੇ-ਬਾਬੇ ਨਾਨਕ ਨੇ ਅਕਾਲ ਪੁਰਖ ਦੇ ਦਿੱਤੇ ਗ੍ਰਿਹਸਤ ਮਾਰਗ ਨੂੰ ਅਪਣਾਇਆ ਅਤੇ ਉਸ ਦਾ ਪ੍ਰਚਾਰ ਵੀ ਕੀਤਾ। ਸੰਸਾਰ ਨੂੰ ਚਲਦਾ ਰੱਖਣ ਲਈ ਪ੍ਰਭੂ ਨੇ ਹੀ ਮਰਦ ਅਤੇ ਔਰਤ ਦਾ ਜੋੜਾ ਬਣਾਇਆਂ ਹੈ। ਪਛੂਆਂ ਅਤੇ ਇਨਸਾਨਾਂ ਵਿੱਚ ਇਹ ਹੀ ਅੰਤਰ ਹੈ। ਪਛੂ ਵਿਆਹ ਨਹੀਂ ਕਰਵਾਉਂਦੇ, ਉਨ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੁੰਦੀ ਆਪਸੀ ਮਿਲਾਪ ਨਾਲ ਬੱਚੇ ਉਹ ਵੀ ਪੈਦਾ ਕਰਦੇ ਹਨ। ਹੁਣ ਦੇਖੋ ਇਹ ਜਿਹੜਾ ਵਿਹਲੜ ਅਖੌਤੀ ਸਾਧਾਂ ਦਾ ਲਾਣਾ ਹੈ ਇਹ ਵੀ ਮੋਸਟਲੀ ਵਿਆਹ ਨਹੀਂ ਕਰਵਾਉਂਦਾ ਫਿਰ ਇਹ ਪਛੂਆਂ ਦਾ ਵੱਗ ਹੋਇਆ ਜਾਂ ਗ੍ਰਿਹਸਤੀ ਬਾਬੇ ਨਾਨਕ ਦੇ ਸਿੱਖਾਂ ਦਾ ਦਲ? ਅੰਨ੍ਹੀ ਸ਼ਰਦਾ ਰੱਖਣ ਵਾਲੀ ਸਿੱਖ ਜਨਤਾ ਜਰਾ ਠੰਡੇ ਦਿਮਾਗ ਨਾਲ ਸੋਚੇਗੀ ਕਿ ਉਹ ਬਾਬੇ ਨਾਨਕ ਦੇ ਰਸਤੇ ਨੂੰ ਛੱਡ ਕੇ ਡੇਰਿਆਂ ਦੇ ਕੁਰਸਤੇ ਕਿਉਂ ਜਾ ਰਹੀ ਹੈ?
ਜਾਤ ਪਾਤ ਅਤੇ ਊਚ-ਨੀਚਤਾ-ਊਚ-ਨੀਚ ਦਾ ਖੰਡਨ ਕਰਦੇ ਹੋਏ ਬਾਬੇ ਨਾਨਕ ਨੇ ਇੱਕ ਮਰਾਸੀ ਭਾæ ਮਰਦਾਨਾਂ ਜੀ ਨੂੰ ਸਾਥੀ ਭਰਾ ਬਣਾਇਆਂ ਤੇ ਕਿਹਾ-ਨੀਚਾਂ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚੁ॥ ਨਾਨਕ ਤਿਨਿ ਕੇ ਸੰਗਿ ਸਾਥਿ ਵਡਿਆਂ ਸਿਉਂ ਕਿਆ ਰੀਸੁ॥(ਗੁਰੂ ਨਾਨਕ)  ਬ੍ਰਾਹਮਣ ਭਾਊ ਵਲੋਂ ਚਲਾਈ ਜਾਤ ਪਾਤ ਦਾ ਭਰਵਾ ਵਿਰੋਧ ਕਰਦੇ ਕਿਹਾ ਸਭ ਇਨਸਾਨ ਕਰਤਾਰ ਦੇ ਸਾਜੇ ਹਨ ਅਤੇ ਸਭਨਾ ਦਾ ਸਾਜਣ ਦਾ ਸੰਚਾ ਵੀ ਇੱਕ ਹੀ ਹੈ। ਸਭਨਾ ਦਾ ਪਿਤਾ ਇੱਕ ਪ੍ਰਭੂ ਹੈ ਇਸ ਲਈ ਜੋ ਪ੍ਰਭੂ ਪਿਤਾ ਦੀ ਜਾਤ ਹੈ ਉਹ ਹੀ ਸਾਡੀ ਸਭ ਦੀ ਹੈ। ਹਾਂ ਕਰਮਾਂ ਕਰਕੇ ਕੋਈ ਉੱਚਾ-ਨੀਵਾਂ ਹੋ ਸਕਦਾ ਹੈ ਜਾਤੀ ਕਰਕੇ ਨਹੀਂ। ਭਗਤ ਕਬੀਰ ਜੀ ਦੀ ਬਾਣੀ ਜੋ ਬਾਬਾ ਨਾਨਕ ਜੀ ਨੇ ਪ੍ਰਵਾਨ ਕਰਕੇ ਆਪਣੀ ਪੋਥੀ ਵਿੱਚ ਲਿਖੀ ਉਸ ਵਿੱਚ ਵੀ ਇਹੀ ਉਪਦੇਸ਼ ਹੈ-ਅਵਲਿ ਅਲਾਹੁ ਨੂਰ ਉਪਾਇਆ ਕੁਦਰਤਿ ਕੇ ਸਭਿ ਬੰਦੇ॥ ਏਕੁ ਨੂਰ ਤੇ ਸਭ ਜਗ ਉਪਜਿਆ ਕਉਣ ਭਲੇ ਕਉਣ ਮੰਦੇ (ਗੁਰੂ ਗ੍ਰੰਥ)
ਪਿਤਰ ਪੂਜਾ (ਸਰਾਧਾਂ) ਦਾ ਖੰਡਨ- ਅੱਜ ਅਸੀਂ ਬਾਬੇ ਨਾਨਕ ਦਾ ਹੀ ਸਰਾਧ ਮਨਾਈ ਜਾ ਰਹੇ ਹਾਂ। ਗੁਰਮਤਿ ਦਾ ਉਪਦੇਸ਼ ਹੈ-ਜੀਵਤ ਪਿਤਰ ਨਾ ਮਾਨੈ ਕੋਊ ਮੂਏ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਆ ਪਾਵਹਿ ਕਊਆ ਕੂਕਰ ਖਾਹੀ॥ (ਗੁਰੂ ਗ੍ਰੰਥ) ਭਾਵ ਜਿਉਂਦੇ ਮਾਂ ਬਾਪ ਦੀ ਸੇਵਾ ਹੀ ਅਸਲ ਪਿੱਤਰ ਪੂਜਾ ਹੈ, ਹੋਰ ਸਭ ਅਡੰਬਰ ਕੂੜ ਹਨ। ਕਿਸੇ ਪਿੱਤਰਾਂ ਲਈ ਖੁਵਾਇਆ ਭੋਜਨ ਜਾਂ ਦਿੱਤੀ ਭੇਟਾ ਕਦੇ ਪਿਤਰਾਂ ਨੂੰ ਨਹੀਂ ਪਹੁੰਚਦੀ ਸਗੋਂ ਕਊਏ, ਕੂਕਰ ਅਤੇ ਪ੍ਰੋਹਿਤ ਹੀ ਖਾ ਜਾਂਦੇ ਹਨ।
ਸੰਗ੍ਰਾਂਦ, ਮਸਿਆ, ਪੁੰਨਿਆਂ ਚੰਗੇ ਮਾੜੇ ਦਿਨਾਂ ਦੀ ਵਿਚਾਰ ਤੋਂ ਸਾਡਾ ਖਹਿੜਾ ਛੁਡਾਇਆ-ਚੰਗੇ ਮਾੜੇ ਦਿਨਾਂ ਦਾ ਸਬੰਧ ਭੇਖੀ ਪ੍ਰੋਹਿਤਾਂ ਨੇ ਕਥਿਤ ਤੌਰ ਤੇ ਮੰਨੇ ਗਏ ਦੇਵਤੇ ਸੂਰਜ ਅਤੇ ਚੰਦ ਨਾਲ ਜੋੜਿਆ ਹੋਇਆ ਸੀ ਪਰ ਅੱਜ ਇਹ ਸਭ ਕੁਝ ਘਰਾਂ ਚ' ਤਾਂ ਕੀ ਗੁਰਦੁਆਰਿਆਂ ਵਿੱਚ ਵੀ ਐਡ ਹੋ ਚੁੱਕਾ ਹੈ। ਵੇਖੋ ਨੋਟਿਸ ਬੋਰਡ Aੁੱਪਰ ਸਭ ਤੋਂ ਪਹਿਲਾਂ ਮਸਿਆ, ਪੁੰਨਿਆਂ, ਸੰਗ੍ਰਾਂਦ ਅਤੇ ਪੰਚਕਾਂ ਆਦਿ ਅਤੇ ਸਭ ਤੋਂ ਥੱਲੇ ਗੁਰ-ਪੁਰਬ ਤੇ ਸ਼ਹੀਦੀ ਦਿਹਾੜੇ ਲਿਖੇ ਹੁੰਦੇ ਹਨ।
ਆਰਤੀਆਂ ਦਾ ਖੰਡਨ-ਗੁਰੂ ਬਾਬਾ ਜੀ ਜਦ ਜਗਨਨਾਥਪੁਰੀ ਉੜੀਸਾ ਵਿਖੇ ਪਹੁੰਚੇ ਤਾਂ ਓਥੋਂ ਦੇ ਪੰਡੇ ਕ੍ਰਿਸ਼ਨ ਮੁਰਤੀ ਦੀ ਆਰਤੀ ਥਾਲ ਵਿੱਚ ਦੀਵੇ ਜੋਤਾਂ ਬਾਲ ਅਤੇ ਧੂਫਾਂ ਧੁਖਾ ਕੇ ਉਤਾਰ ਰਹੇ ਸਨ ਅਤੇ ਸ਼ਰਧਾਲੂ ਉਸ ਥਾਲ ਵਿੱਚ ਪੈਸੇ ਪਾ ਰਹੇ ਸਨ। ਪਾਂਡਿਆਂ ਨੇ ਗੁਰੂ ਜੀ ਨੂੰ ਵੀ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਪਰ ਜਦੋਂ ਬਾਬੇ ਨੇ ਇਹ ਪੈਸੇ ਬਟੋਰਨ ਵਾਲਾ ਪਖੰਡ ਦੇਖਿਆ ਤਾਂ ਮਰਦਾਨਾਂ ਜੀ ਸਮੇਤ ਮੰਦਰ ਚੋਂ ਬਾਹਰ ਚਲੇ ਗਏ ਅਤੇ ਰੱਬੀ ਰੰਗ ਵਿੱਚ ਰਤਿਆਂ ਹੋਇਆਂ ਕੁਦਰਤ ਵਲੋਂ ਹੋ ਰਹੀ ਆਰਤੀ ਦਾ ਸ਼ਬਦ ਰਾਹੀ ਗਾਇਣ ਕੀਤਾ-ਗਗਨ ਮਹਿ ਥਾਲ਼ææਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ॥  ਜਦ ਪਾਂਡਿਆਂ ਨੇ ਗੁਰੂ ਬਾਬੇ ਨੂੰ ਕਿਹਾ ਤੁਸੀਂ ਆਰਤੀ ਵਿੱਚ ਸ਼ਾਮਲ ਨਹੀਂ ਹੋਏ ਤਾਂ ਬਾਬੇ ਨੇ ਬੇਬਾਕ ਕਹਾ ਤੁਸੀਂ ਤਾਂ ਪੱਥਰ ਦੀ ਮੁਰਤੀ ਦੀ ਆਰਤੀ ਪੇਟ ਪੂਜਾ ਲਈ ਉਤਾਰ ਰਹੇ ਸੀ ਅਸੀਂ ਤਾਂ ਨਿਰੰਕਾਰ ਦੀ ਆਰਤੀ ਵਿੱਚ ਸ਼ਾਮਲ ਸੀ ਜੋ ਆਪਣੇ ਆਪ ਹੋ ਰਹੀ ਹੈ। ਪਾਂਡੇ ਗੁਰੂ ਚਰਨੀ ਲੱਗੇ ਅਤੇ ਅੱਗੇ ਤੋਂ ਪਾਖੰਡ ਛੱਡਣ ਦਾ ਬਚਨ ਕੀਤਾ ਪਰ ਅੱਜ ਗੁਰੂ ਬਾਬੇ ਦੇ ਇਸ ਆਰਤੀ ਉਪਦੇਸ਼ ਨੂੰ ਵਿਸਾਰ ਕੇ ਡੇਰੇਦਾਰ ਚੋਲਾਧਾਰੀ ਬਾਬਿਆਂ ਵੱਲੋਂ ਗੁਰਦੁਆਰਿਆਂ ਵਿੱਚ ਵੀ ਦੀਵੇ ਅਤੇ ਜੋਤਾਂ ਬਾਲ ਕੇ ਆਰਤੀਆਂ ਕੀਤੀਆਂ ਜਾਂਦੀਆਂ ਹਨ।
ਕਰਾਮਾਤਾਂ ਦਾ ਖੰਡਨ ਅਤੇ ਅਸਲੀਅਤਾ-ਬਾਬਾ ਨਾਨਕ ਰੱਬੀ ਰਹਿਮਤਾਂ ਅਤੇ ਹੱਥੀਂ ਕੀਤੀ ਕਿਰਤ ਨਾਲ ਮਨੁੱਖਤਾ ਦੇ ਵਿਕਾਸ ਨੂੰ ਕਰਾਮਾਤ ਦਰਸਾਉਂਦੇ ਹਨ। ਬਾਬੇ ਨੇ ਸਾਰਾ ਪ੍ਰਚਾਰ ਲੱਖਾਂ ਕੋਹਾਂ ਪੈਦਲ ਚੱਲ ਕੇ ਕੀਤਾ ਨਾਂ ਕਿ ਅੱਖਾਂ ਮੀਟ ਰਬਾਬ ਉੱਤੇ ਸਵਾਰ ਹੋ ਕੇ, ਇਸਲਾਮ ਦੇ ਕੇਂਦਰੀ ਅਸਥਾਂਨ ਮੱਕੇ ਵਿਖੇ ਹਾਜ਼ੀ ਦੇ ਰੂਪ ਵਿੱਚ ਪਹੁੰਚ ਕੇ ਮੱਕੇ ਵੱਲ ਪੈਰ ਕਰਕੇ ਸੌਂ ਗਏ ਜਦ ਮੁਲਾਣਿਆਂ ਨੇ ਦੇਖਿਆ ਇਹ ਕਿਹੜਾ ਕਾਫਰ ਹੈ ਜੋ ਖੁਦਾ ਦੇ ਘਰ ਵੱਲ ਪੈਰ ਕਰਕੇ ਪਿਆ ਹੈ। ਗੁੱਸੇ ਵਿੱਚ ਆਇਆਂ ਨੇ ਬਾਬੇ ਦੀਆਂ ਲੱਤਾਂ ਘਟੀਸ ਕੇ ਦੂਜੇ ਪਾਸੇ ਕਰਦਿਆਂ ਕਿਹਾ ਕਾਫਰਾ! ਤੈਨੂੰ ਪਤਾ ਨਹੀਂ ਤੂੰ ਖੁਦਾ ਦੇ ਘਰ ਵੱਲ ਪੈਰ ਕੀਤੇ ਹਨ ਤਾਂ ਬਾਬੇ ਨੇ ਸਹਿਜ ਸੁਭਾ ਕਹਿ ਦਿੱਤਾ ਭਾਈ ਮੈਂ ਤਾਂ ਦੂਰ ਦਾ ਪੈਂਡਾ ਕਰਕੇ ਥੱਕਿਆ ਪਿਆ ਸੀ, ਮੁਆਫ ਕਰਨਾ ਜਿਤਧਰ ਕੂਦਾ ਦਾ ਘਰ ਨਹੀਂ ਆਪ ਮੇਰੇ ਪੈਰ ਓਧਰ ਕਰ ਦਿਓ ਤਾਂ ਉਨ੍ਹਾਂ ਦਾ ਇਕਦਮ ਮਤਥਾ ਠਣਕਿਆ! ਹੈਂ ਖੁਦਾ ਦਾ ਘਰ ਕਿੱਥੇ ਨਹੀਂ? ਫਿਰ ਬਾਬੇ ਨੂੰ ਪੁਛਣ ਲੱਗੇ ਤੂੰ ਕੌਣ ਹੈਂ ਹਿੰਦੂ ਜਾਂ ਮੁਸਲਮਾਨ ਨਾਂ ਹਿੰਦੂ ਨਾਂ ਮੁਸਲਮਾਨ ਮੈਂ ਹਾਂ ਇਨਸਾਨ। ਭਾਈ ਗੁਰਦਾਸ ਜੀ ਨੇ ਵੀ ਲੀਖਆ ਹੈ-ਪੁੱਛਣ ਖੋਲਿ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਨੋਈ। ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਝੋਂ ਦੋਨੋ ਰੋਈ। ਬਾਬੇ ਆਖਿਆ ਚੰਗੇ ਮਾੜੇ ਅਮਲ (ਕਰਮ) ਹਨ ਨਾਂ ਕਿ ਕੋਈ ਜਾਤੀ। ਤਾਂ ਕਾਜ਼ੀ ਰੱਬੀ ਔਲੀਆ ਜਾਣ ਬਾਬੇ ਦਾ ਉਪਦੇਸ਼ ਮੰਨਿਆਂ। ਇਉਂ ਕਾਜ਼ੀਆਂ ਮੁੱਲਾਂ ਦੇ ਮਨ ਦਾ ਮੱਕਾ ਘੁਮਾਇਆ ਨਾਂ ਕਿ ਇਮਾਰਤ ਪਰ ਸਾਖੀਕਾਰਾਂ ਨੇ ਬਾਬੇ ਨਾਲ ਵੀ ਕਰਾਮਾਤਾਂ ਜੋੜ ਦਿੱਤੀਆਂ ਹਨ। ਹਿੰਦੂ ਅਤੇ ਮੁਸਲਮ ਵਾਲਾ ਪਾੜਾ ਖਤਮ ਕਰਦੇ ਹੋਏ ਕਿਹਾ-ਨਾ ਕੋਈ ਹਿੰਦੂ ਨਾ ਮੁਸਲਮਾਨ॥ ਅਲਾਹ ਰਾਮ ਕੇ ਪਿੰਡ ਪਰਾਨ (ਗੁਰੂ ਗ੍ਰੰਥ) ਬਾਬਾ ਜੀ ਨੇ ਸਭ ਪ੍ਰਕਾਰ ਦੇ ਵਹਿਮ ਭਰਮ ਅਤੇ ਛਲਾਵਿਆਂ ਰੂਪ ਕਰਾਮਾਤਾਂ ਦਾ ਖੰਡਨ ਕੀਤਾ ਕਿਉਂਕਿ ਇਹ ਸਭ ਜੀਵਨ ਵਿਕਾਸ ਦੇ ਰਾਹ ਵਿੱਚ ਉਲਝਣਾ ਅਤੇ ਰੁਕਾਵਟਾਂ ਹਨ। ਜਦ ਸੁਮੇਰ ਪ੍ਰਬਤ ਤੇ ਉਪਦੇਸ਼ ਦੇਣ ਗਏ ਗੁਰੂ ਜੀ ਨੂੰ ਸਿੱਧਾਂ ਪੁਛਿਆ-ਕਉਣ ਕਰਾਮਾਤ ਤੁਹੇ ਇਥੇ ਲਿਆਈ ਤਾਂ ਬਾਬੇ ਨਾਨਕ ਦਾ ਜਵਾਬ ਸੀ-ਬਾਝੋਂ ਸੱਚੇ ਨਾਮ ਦੇ ਹੋਰਸ ਕਰਾਮਾਤ ਅਸਾਂ ਤੇ ਨਾਹੀਂ। (ਭਾæ ਗੁæ) ਇਉਂ ਵਹਿਮਾਂ ਭਰਮਾਂ ਅਤੇ ਕਰਾਮਾਤਾਂ ਦੇ ਡਰਾਵਿਆਂ ਤੋਂ ਲੋਕਾਈ ਨੂੰ ਉਪਦੇਸ਼ ਦੇ ਕੇ ਬਚਾਇਆ। ਇਹ ਸਾਰੀ ਸ੍ਰਿਸਟੀ ਨਿਰੰਕਾਰ ਦੀ ਕੁਦਰਤੀ ਕਰਾਮਾਤ ਹੈ। ਉਸ ਦੇ ਭਾਣੇ ਵਿੱਚ ਹੀ ਸਭ ਕੁਝ ਵਾਪਰਦਾ ਹੈ। ਕਿਸੇ ਅਖੌਤੀ ਕਰਾਮਾਤ ਨਾਲ ਭਾਣੇ ਨੂੰ ਟਾਲਿਆ ਨਹੀਂ ਜਾ ਸਕਦਾ। ਫੋਕੀ ਕਰਾਮਾਤ ਤਾਂ ਕਹਿਰ ਦਾ ਨਾਮ ਹੈ।
ਮਲਕ ਭਾਗੋਆਂ (ਹੰਕਾਰੀਆਂ) ਦਾ ਤਿਆਗ, ਠੱਗਾਂ ਅਤੇ ਰਾਕਸ਼ਾਂ ਦਾ ਸੁਧਾਰ-ਹਾਕਮ ਮਲਕ ਭਾਗੋ ਦਾ ਸੱਦਾ ਅਤੇ ਮਾਲ੍ਹ ਮੂੜਿਆਂ ਦਾ ਬ੍ਰਹਮਭੋਜ ਠੁਕਰਾਇਆ ਕਿਉਂਕਿ ਉਸ ਵਿੱਚ ਕਿਰਤੀਆਂ ਦਾ ਖੂਨ ਸੀ ਪਰ ਉਪਦੇਸ਼ ਦੇਣ ਲਈ ਮਰਦਾਨੇ ਸਮੇਤ ਪਹੁੰਚੇ ਤੇ ਭਰੀ ਸਭਾ ਵਿੱਚ ਮਲਕ ਭਾਗੋ ਨੂੰ ਦਰਸਾਇਆ ਕਿ ਬਰੀਬ ਕਿਰਤੀ ਕਾਮਿਆਂ ਦਾ ਹੱਕ ਮਾਰ ਕੇ ਹਰਾਂਮ ਦਾ ਪੈਸਾ ਇਕੱਠਾ ਕਰਕੇ ਸਾਲ ਦੇ ਸਾਲ ਬ੍ਰਹਮਭੋਜ ਦਾ ਢੌਂਕ ਰਚ ਬ੍ਰਾਹਮਣਾਂ ਅਤੇ ਸਾਧ ਜੋਗੀਆਂ ਨੂੰ ਚੰਗੇ ਚੋਸੇ ਮਾ੍ਹਲ ਪੂੜੇ ਖਵਾ ਅਤੇ ਦੱਖਸ਼ਣਾ ਦੇ ਕੇ ਧਰਮੀ ਨਹੀਂ ਬਣਿਆਂ ਜਾ ਸਕਦਾ ਧਰਮੀ ਤਾਂ ਭਾਈ ਲਾਲੋ ਹੈ ਜੋ ਦਸਾਂ ਨੌਹਾਂ ਦੀ ਕਿਰਤ ਕਰਦਾ ਅਤੇ ਵੰਡ ਛਕਦਾ ਹੈ। ਇਉਂ ਹੰਕਾਰੀ ਵਿਕਾਰੀ ਅਤੇ ਮਾਇਆਧਾਰੀ ਮਲਕ ਭਾਗੋ ਦਾ ਹੰਕਾਰ ਤੋੜਿਆ। ਸੱਜਨ ਵਰਗੇ ਠੱਗਾਂ ਅਤੇ ਕੌਡੇ ਵਰਗੇ ਰਾਕਸ਼ਾਂ ਨੂੰ ਸਿੱਧੇ ਰਾਹ ਪਾਇਆ।
ਪ੍ਰੋਹਿਤਵਾਦ ਤੇ ਪੁਜਾਰੀਵਾਦ ਦਾ ਭੈ ਦੂਰ ਕੀਤਾ-ਬਾਬੇ ਨਾਨਕ ਨੇ ਕਾਜ਼ੀਆਂ, ਬ੍ਰਾਹਮਣਾਂ, ਮੁਲਾਂ ਮੁਲਾਣਿਆਂ, ਜੋਗੀਆਂ, ਪੀਰਾਂ, ਹੰਕਾਰੀ ਰਾਜਿਆਂ ਅਤੇ ਭੇਖੀ ਪਾਖੰਡੀ ਵਿਹਲੜ ਸਾਧਾਂ ਸੰਤਾਂ ਰੂਪੀ ਠੱਗਾਂ ਆਦਿਕ ਨੂੰ ਮੂੰਹ ਤੇ ਖਰੀਆਂ ਖਰੀਆਂ ਸੁਣਾ ਕੇ ਇਨ੍ਹਾਂ ਦਾ ਭੈ ਜਨਤਾ ਦੇ ਦਿਲ ਦਿਮਾਗ ਚੋਂ ਕੱਢਦੇ ਹੋਏ ਫੁਰਮਾਇਆ-ਕਾਦੀ ਕੂੜ ਬਲਿ ਮਲਿ ਖਾਇ॥ ਬਾਮਣ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨਾ ਜਾਣੈ ਅੰਧੁ॥ਤੀਨੇ ਓਜਾੜੈ ਕਾ ਬੰਧੁ॥(ਗੁਰੂ ਗ੍ਰੰਥ)  ਭਾਵ ਕਾਜ਼ੀ ਜਿਸ ਨੇ ਇੰਨਸਾਫ ਕਰਨਾ ਹੈ ਰਿਸ਼ਵਤ ਲੈ ਕੇ ਝੂਠੇ ਫੈਂਸਲੇ ਕਰਦਾ ਹੈ। ਬ੍ਰਾਹਮਣ ਮਨੁੱਖਾਂ ਤੇ ਜੀਵਾਂ ਦੀਆਂ ਬਲੀਆਂ ਦੇ ਕੇ ਅਤੇ ਚੜ੍ਹਤ ਚੜਾਵਾ ਆਦਿਕ ਮਾਇਆ ਹੜੱਪ ਕੇ ਬੜੀ ਖੁਸ਼ੀ ਨਾਲ ਅਖੌਤੀ ਤੀਰਥਾਂ ਦਾ ਇਸ਼ਨਾਨ ਕਰ ਰਿਹਾ ਹੈ ਭਾਵ ਸ਼ਰਧਾਲੂਆਂ ਦਾ ਖੂੰਨ ਪੀ ਰਿਹਾ ਹੈ। ਜੋਗੀ ਜੋਗ ਦੀ ਜੁਗਤੀ ਭਾਵ ਰੱਬ ਨੂੰ ਮਿਲਣ ਦਾ ਤਰੀਕਾ ਹੀ ਨਹੀਂ ਜਾਣਦਾ, ਤਾਹੀਓਂ ਪਹਾੜਾਂ ਦੀਆਂ ਕੰਦਰਾਂ ਵਿੱਚ ਰਹਿੰਦਾ ਅਤੇ ਪੇਟ ਪੂਰਤੀ ਲਈ ਉਨ੍ਹਾਂ ਹੀ ਗ੍ਰਿਹਸਤੀਆਂ ਦੇ ਦਰਾਂ ਤੇ ਭੋਜਨ ਮੰਗਣ ਲਈ ਭਟਕਦਾ ਹੈ। ਇਵੇਂ ਇਹ ਤਿੰਨੋ ਧਾਰਮਿਕ ਆਗੂ ਜਨਤਾ ਲਈ ਅਵਾਰਾ ਪਸ਼ੂਆਂ ਵਾਂਗ ਉਜਾੜਾ ਕਰਨ ਵਾਲੇ ਹਨ। ਇਵੇਂ ਹੀ ਅੱਜ ਸਿੱਖ ਧਰਮ ਵਿੱਚ ਸੰਤ-ਸਾਧ ਸੰਪ੍ਰਦਾਈ ਅਤੇ ਭੇਖੀ ਰਾਗੀ, ਗ੍ਰੰਥੀ ਪੁਜਾਰੀ ਆਦਿਕ ਬੜੇ ਜੋਰਾਂ ਸ਼ੋਰਾਂ ਨਾਲ ਭੇਖ ਧਾਰਨ ਕਰਕੇ ਕਰਮਕਾਂਡ, ਵਹਿਮ ਭਰਮ ਅਤੇ ਤੋਤਾ ਰਟਨੀ ਪਾਠ ਪੂਜਾ ਚਲਾ ਕੇ ਸਿੱਖੀ ਦੀ ਉਤਮ ਖੇਤੀ ਨੂੰ ਦੋਹੀਂ ਹੱਥੀ ਉਜਾੜ ਰਹੇ ਹਨ। ਪਾਠ, ਕਥਾ, ਕੀਰਤਨ ਅਤੇ ਅਰਦਾਸਾਂ ਵਿਕ ਰਹੀਆਂ ਹਨ। ਗੁਰਦੁਆਰੇ ਜੋ ਗਿਆਨ ਦੇ ਸੋਮੇ ਸਨ ਰਸਮੀ ਪਾਠ ਕਥਾ ਕੀਰਤਨ ਅਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਪਕਵਾਨਾਂ ਤੱਕ ਹੀ ਸੀਮਤ ਕਰ ਦਿੱਤੇ ਗਏ ਹਨ। ਤਖਤਾਂ ਦੇ ਜਥੇਦਾਰ ਜੋੜਨ ਦੀ ਥਾਂ ਤੋੜਨ ਦਾ ਕੰਮ ਕਰਦੇ ਹੋਏ ਹੁਕਮਨਾਮਿਆਂ ਦੇ ਡਰਾਵੇ ਦੇ ਕੇ ਵਿਦਵਾਨਾਂ ਦੀ ਜੁਬਾਨ ਬੰਧ ਕਰ ਰਹੇ ਹਨ। ਗੁਰੂ ਨਾਨਕ ਨੇ ਤਾਂ ਵਿਰੋਧੀ ਸਿੱਧਾਂ ਨਾਲ ਵੀ ਵਿਚਾਰ ਗੋਸ਼ਟੀ ਕੀਤੀ ਪਰ ਅੱਜ ਦੇ ਪੁਜਾਰੀ ਕਿਸੇ ਵਿਦਵਾਨ ਨਾਲ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਸਗੋਂ ਧੌਂਸ ਨਾਲ ਹੁਕਮ ਦੇਣਾ ਹੀ ਜਾਣਦੇ ਹਨ। ਸੋ ਗੁਰੂ ਨਾਨਕ ਅਨੁਸਰ ਪ੍ਰੋਹਿਤ ਅਤੇ ਪੁਜਾਰੀਵਾਦ ਨੂੰ ਕੋਈ ਮਾਨਤਾ ਨਹੀਂ ਸਗੋਂ ਸੰਗਤ ਨੂੰ ਮਾਨਤਾ ਹੈ ਅਤੇ ਸੰਗਤ ਦਾ ਨੀਯਤ ਕੀਤਾ ਜਥੇਦਾਰ ਹੀ ਸੰਗਤ ਦੀ ਸਲਾਹ ਨਾਲ ਕੋਈ ਫੈਂਸਲਾ ਕਰ ਸਕਦਾ ਹੈ ਨਾਂ ਕਿ ਕੋਈ ਪੰਡਿਤ ਪ੍ਰੋਹਿਤ ਜਾਂ ਕੋਈ ਸੰਤ ਬਾਬਾ ਅਤੇ ਇੱਕਪਾਸੜ ਜਥੇਦਾਰ।
ਤੀਰਥ ਇਸ਼ਨਾਨ ਅਤੇ ਸੁੱਚ ਭਿੱਟ ਦੇ ਭਰਮ ਤੋੜੇ-ਗੁਰੂ ਸਾਹਿਬ ਤੀਰਥਾਂ ਤੇ ਨਹਾਉਣ ਨਹੀਂ ਸਗੋਂ ਸਮਝਾਉਣ ਗਏ ਸਨ। ਨਹਾਉਣ ਦਾ ਸਿੱਧਾਂ ਸਰੀਰ ਨਾਲ ਸਬੰਧ ਹੈ ਹੋਰ ਕਿਸੇ ਧਾਰਮਿਕ ਪਵਿਤ੍ਰਤਾ ਨਾਲ ਨਹੀਂ। ਅਸਲ ਵਿੱਚ ਨਾਮ ਹੀ ਤੀਰਥ ਹੈ-ਤੀਰਥ ਨਾਵਣ ਜਾਉਂ ਤੀਰਥ ਨਾਮੁ ਹੈ॥(ਗੁਰੂ ਗ੍ਰੰਥ) ਤੀਰਥਾਂ ਤੇ ਤਾਂ ਸਗੋਂ ਹੰਕਾਰੀ ਲਾਲਚੀ ਲੋਕ ਬੈਠੇ ਹਨ-ਤੀਰਥ ਜਾਉਂ ਤਾਂ ਹਉਂ ਹਉਂ ਕਰਤੇ॥ ਪੰਡਿਤ ਪੂਛਹੁ ਤਾਂ ਮਾਇਆ ਰਾਤੇ॥ਸੋ ਅਸਥਾਨ ਬਤਾਵੋ ਮੀਤਾ॥ ਜਾ ਕੈ ਹਰਿ ਹਰਿ ਕੀਰਤਨ ਨੀਕਾ॥(ਗੁਰੂ ਗ੍ਰੰਥ) ਉਨ੍ਹਾਂ ਦਿਨਾਂ ਵਿੱਚ ਅੱਜ ਵਰਗੇ ਸਾਧਨ ਨਹੀਂ ਸਨ ਭਾਵ ਮੀਡੀਆ ਨਹੀਂ ਸੀ ਸੂਚਿਤ ਕਰਨ ਵਾਸਤੇ ਪਰ ਤੀਰਥਾਂ ਤੇ ਅਗਿਆਨਤਾ, ਮੁਕਤੀ ਅਤੇ ਕਿਸੇ ਫਲ ਦੀ ਪ੍ਰਾਪਤੀ ਖਾਤਰ ਲੋਕ ਮੇਲੇ ਵਾਂਗ ਇਕੱਠੇ ਹੁੰਦੇ ਸਨ। ਸੋ ਗੁਰੂ ਜੀ ਥੋੜੇ ਜਿਹੇ ਸਮੇਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਉਪਦੇਸ਼ ਦੇਣ ਵਾਸਤੇ ਤੀਰਥਾਂ ਦੀਆਂ ਭੀੜਾਂ ਵਿੱਚ ਜਾਂਦੇ ਸਨ ਨਾਂ ਕਿ ਕੋਈ ਪੁੰਨ ਦਾਨ ਕਰਨ ਵਾਸਤੇ। ਰੱਬ ਦੇ ਪੈਦਾ ਕੀਤੇ ਇਨਸਾਨਾਂ ਨਾਲ ਕਦੇ ਵੀ ਸੁੱਚ ਭਿਟ ਨਹੀਂ ਰੱਖਣੀ ਚਾਹੀਦੀ ਕਿਉਂਕਿ ਬਾਹਰੀ ਸਰੀਰਕ ਸੁੱਚ ਨਾਲ ਕਦੇ ਮਨ ਨਹੀਂ ਸੁੱਚਾ ਹੁੰਦਾ-ਮਨ ਨਹੀਂ ਸੂਚਾ ਕਿਆ ਸੋਚਿ ਕਰੀਜੈ॥ ਅਤੇ ਤਨ ਧੋਤੇ ਮਨ ਅੱਛਾ ਨਾ ਹੋਈ॥(ਗੁਰੂ ਗ੍ਰੰਥ) ਜੇ ਮਨ ਵਿੱਚ ਜਾਤ ਪਾਤ ਛੂਆ ਛਾਤ ਵਹਿਮ ਭਰਮ ਕਰਮਕਾਂਡਾਂ ਅਤੇ ਈਰਖਾ ਦਵੈਤ ਭਾਵਨਾ ਅਤੇ ਹਉਮੇ-ਹੰਕਾਰ ਦਾ ਗੰਦ ਭਰਿਆ ਪਿਆ ਹੈ ਤਾਂ ਤੀਰਥ ਇਸ਼ਨਾਨ ਦਾ ਕੋਈ ਫਾਇਦਾ ਨਹੀਂ-ਲਉਕੀ ਅਠਸਠ ਤੀਰਥ ਨਾਈ॥ ਕਉਰਾਪਨ ਕਦੇ ਨਾ ਜਾਈ॥(ਗੁਰੂ ਗ੍ਰੰਥ)
ਮੰਤ੍ਰ ਜਾਪਾਂ ਅਤੇ ਗਿਣਤੀ ਮਿਣਤੀ ਦੇ ਪਾਠਾਂ ਦਾ ਪਾਖੰਡ-ਕੇਵਲ ਤੋਤਾ ਰਟਨੀ ਮੰਤ੍ਰ ਜਾਪਾਂ ਅਤੇ ਪਾਠਾਂ ਨੂੰ ਕੋਈ ਮਾਨਤਾ ਨਾਂ ਦਿੱਤੀ ਤੇ ਕਿਹਾ-ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ॥ ਪੜੀਐ ਜੇਤੇ ਬਰਸ ਬਰਸ ਪੜੀਐ ਜੇਤੇ ਮਾਸ਼æææææਨਾਨਕ ਲੇਖੇ ਇਕਿ ਗੱਲ ਹੋਰਿ ਹਉਮੇ ਝਖਣਾ ਝਾਖੁ॥(ਗੁਰੂ ਗ੍ਰੰਥ) ਜਦ ਸੈਦਪੁਰ ਦੇ ਹਾਕਮ ਜ਼ਾਲਮ ਖਾਂ ਨੇ ਇਲਾਕੇ ਦੇ ਸਾਰੇ ਪੀਰ ਫਕੀਰ ਅਤੇ ਸਾਧ ਸੰਤ ਹੁਕਮਨ ਪਕੜ ਕੇ ਮੰਤ੍ਰ ਜਾਪਾਂ ਅਤੇ ਟੂਣੇ ਟਾਮਣ ਕਰਨ ਤੇ ਲਾ ਦਿੱਤੇ ਕਿ ਕਾਲਾ ਇਲਮ ਪੜੋ ਤਾਂ ਕਿ ਬਾਬਰ ਦੀਆਂ ਫੌਜਾਂ ਅੰਨ੍ਹੀਆਂ ਹੋ ਜਾਣ ਤਾਂ ਉਨਾਂ ਸਾਧਾਂ ਵਿੱਚ ਬਾਬੇ ਨਾਨਕ ਨੂੰ ਵੀ ਅਜਿਹਾ ਕਰਨ ਲਈ ਕਿਹਾ ਗਿਆ। ਬਾਬੇ ਨੇ ਸਮਝਾਇਆ ਦੁਸ਼ਮਣ ਦਾ ਮੁਕਾਬਲਾ ਫੌਜਾਂ ਅਤੇ ਹਥਿਆਰਾਂ ਨਾਲ ਕਰਨਾ ਚਾਹੀਦਾ ਹੈ ਨਾਂ ਕਿ ਮੰਤ੍ਰਾਂ ਜੰਤ੍ਰਾਂ ਜਾਂ ਕਿਸੇ ਟੂਣੇ ਟਾਮਣ ਨਾਲ। ਜਦ ਕਿਸੇ ਦੇ ਵੀ ਟੂਣੇ ਟਾਮਣ ਮੰਤ੍ਰ ਜੰਤ੍ਰ ਬਾਬਰ ਦੀਆਂ ਖੂੰਖਾਰ ਫੌਜਾਂ ਅੱਗੇ ਨਾਂ ਚੱਲੇ ਤਾਂ ਸੈਦਪੁਰ ਦੇ ਹੰਕਾਰੀ ਅਤੇ ਭੂਤਰੇ ਪਠਾਨਾਂ ਅਤੇ ਉਨ੍ਹਾਂ ਦੇ ਝੋਲੀ ਚੁੱਕ ਹਿੰਦੂ ਹਾਕਮਾਂ ਦੀ ਧੰਨ ਦੌਲਤ, ਇਜ਼ਤ ਆਬਰੂ ਅਤੇ ਪਤਿ ਲੁੱਟੀ ਗਈ ਤਾਂ ਬਾਬੇ ਨੇ ਬੇਬਾਕ ਹੋ ਹਾਕਮਾਂ ਦੇ ਸਨਮੁਖ ਕਹਿ ਦਿੱਤਾ-ਕੋਈ ਮੁਗਲ ਨਾ ਹੋਆ ਅੰਧਾ ਕਿਨੈ ਨਾ ਪਰਚਾ ਲਾਇਆ॥ææਮੁਗਲ ਪਠਾਨਾਂ ਭਈ ਲੜਾਈ॥ ਰਣ ਮਹਿ ਤੇਗ਼ ਵਗਾਈ॥ ਉਨ੍ਹੀ ਤੁਪਕ ਤਾਨਿ ਚਲਾਈææ(ਗੁਰੂ ਗ੍ਰੰਥ)  ਗੁਰੂ ਨਾਨਕ ਤਾਂ ਮੰਤ੍ਰਾਂ ਜੰਤ੍ਰਾਂ ਅਤੇ ਗਿਣਤੀ ਮਿਣਤੀ ਦੇ ਪਾਠਾਂ ਦਾ ਵਿਰੋਧ ਕਰ ਰਹੇ ਹਨ ਪਰ ਅੱਜ ਅਸੀਂ ਵਿਹਲੜ ਸਾਧਾਂ ਦੇ ਸਿੱਖੇ ਸਿਖਾਏ ਗੁਰੂ ਦੇ ਉਪਦੇਸ਼ਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਗਿਣਤੀ ਮਿਣਤੀ ਦੇ ਜਪਾਂ ਤਪਾਂ ਅਤੇ ਪਾਠਾਂ ਦੀਆਂ ਲੜੀਆਂ ਉੱਤੇ ਪੂਰਾ ਜੋਰ ਦਿੱਤਾ ਹੋਇਆ ਹੈ। ਜਰਾ ਸੋਚੋ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ ਜਾਂ ਇਨ੍ਹਾਂ ਚੋਲਾਧਾਰੀ ਸਾਧਾਂ ਦੇ?
ਮਨੁੱਖਤਾ ਚ' ਪਾਈਆਂ ਗਈਆਂ ਹੱਦ ਬੰਦੀਆਂ ਤੋੜੀਆਂ- ਇਉਂ ਸਾਰੀ ਮਨੁੱਖਤਾ ਨੂੰ ਸਰਬਸਾਂਝਾ ਉਦੇਸ਼ ਦੇ ਕੇ ਹਿੰਦੂ, ਮੁਸਲਿਮ, ਸਿੱਖ, ਈਸਾਈ ਆਦਿਕ ਵਾਲੀਆਂ ਹੱਦ ਬੰਦੀਆਂ ਤੋੜੀਆਂ। ਆਪਸ ਵਿੱਚ ਮਿਲ ਕੇ ਰਹਿਣਾ ਸਿਖਾਇਆ। ਦੇਸ਼ ਕਾਲ ਦੀਆਂ ਹੱਦ ਬੰਦੀਆਂ ਤੋਂ ਉੱਪਰ ਉੱਠ ਕੇ ਦੇਸ਼ਾਂ-ਵਿਦੇਸ਼ਾਂ ਵਿੱਚ ਪਹੁੰਚ ਕੇ ਸਰਬਸਾਂਝਾ ਉਪਦੇਸ਼ ਦਿੱਤਾ-ਸਭੇ ਸਾਂਝੀਵਾਲ ਸਦਾਇਨ ਤੂ ਕਿਸੈ ਨਾ ਦਿੰਸਹਿ ਬਾਹਿਰਾ ਜੀਉ॥ (ਗੁਰੂ ਗ੍ਰੰਥ) ਰੰਗ ਨਸਲ ਭੇਦ ਨੂੰ ਖਤਮ ਕੀਤਾ। ਸਾਰੀ ਕਾਇਨਾਤ ਨੂੰ ਹੀ ਰੱਬ ਦੀ ਸੰਤਾਨ ਦੱਸ ਕੇ ਪਈਆਂ ਵਿੱਥਾਂ ਦੂਰ ਕੀਤੀਆਂ। ਬਾਬਾ ਜੀ ਇੱਕ ਅਜਿਹੇ ਰਹਿਬਰ ਸਨ ਜੋ ਹਿੰਦੂ ਮੁਸਲਮ ਆਦਿਕਾਂ ਦੇ ਧਰਮ ਅਸਥਾਨਾਂ ਤੇ ਵੀ ਰੱਬੀ ਸੰਦੇਸ਼ ਦੇਣ ਗਏ ਅਤੇ ਵਿਚਾਰ ਵਿਟਾਂਦਰੇ ਕਰਦੇ ਹੋਏ-ਸ਼ਬਦਿ ਜਿਤੀ ਸਿੱਧ ਮੰਡਲੀ ਕੀਤੋਸੁ ਅਪਣਾ ਪੰਥ ਨਿਰਾਲਾ। "ਅੱਜ ਜੇ ਸਾਰੀ ਕਾਇਨਾਤ ਬਾਬੇ ਨਾਨਕ ਦੇ ਸੁਨਹਿਰੀ, ਸਰਬਸਾਂਝੇ ਅਤੇ ਸਾਂਇੰਟੇਫਿਕ ਉਪਦੇਸ਼ਾਂ ਨੂੰ ਅਪਣਾਅ ਲਵੇ ਤਾਂ ਦੁਨੀਆਂ ਵਿੱਚ ਸ਼ਾਂਤੀ ਅਤੇ ਖੁਸ਼ਿਹਾਲੀ ਆ ਸਕਦੀ ਹੈ। ਲੋੜ ਅੱਜ ਬਾਬੇ ਨਾਨਕ ਦੇ ਉਪਦੇਸ਼ਾਂ ਨੂੰ ਵੱਧ ਤੋਂ ਵੱਧ ਬੋਲੀਆਂ ਵਿੱਚ ਵੰਡਣ ਦੀ ਨਾਂ ਕਿ ਰਸਮੀ ਪਾਠਾਂ ਅਤੇ ਨਗਰ ਕੀਰਤਨਾਂ ਤੇ ਹੀ ਸਾਰਾ ਜੋਰ ਅਤੇ ਪੈਸਾ ਲਾਈ ਜਾਣ ਦੀ ਹੈ। ਦੇਖੋ ਕੌਮ ਦਾ ਬਹੁਤਾ ਧੰਨ ਸੰਪ੍ਰਦਾਈ ਡੇਰੇਦਾਰ,ਪ੍ਰਬੰਧਕ ਅਤੇ ਸੰਤ ਬਾਬੇ ਹੀ ਹੜੱਪੀ ਜਾ ਰਹੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਸਾਡੀਆਂ ਝੋਲੀਆਂ ਉਸ ਦਿਨ ਬਾਬੇ ਦੀ ਰੱਬੀ ਰਹਿਮਤ ਨਾਲ ਭਰ ਜਾਣਗੀਆਂ ਜਦੋਂ ਅਸੀਂ ਬਾਬੇ ਨਾਨਕ ਦੀ ਬਾਣੀ ਪੜ੍ਹ ਵਿਚਾਰ ਕੇ ਇਨ੍ਹਾਂ ਅਖੌਤੀ ਬਾਬਿਆਂ ਤੋਂ ਆਪਣਾ ਖਹਿੜਾ ਛੁਡਾ ਲਵਾਂਗੇ?" ਆਓ! ਆਪਸੀ ਕੁੜੱਤਣਾਂ ਤਿਆਗ ਕੇ ਸੁਹਾਵੇਂ ਮਹੌਲ ਵਿੱਚ ਵਿਚਾਰ ਵਟਾਂਦਰੇ ਕਰਦੇ ਹੋਏ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਕੇ ਗੁਰੂ ਨਾਨਕ ਦੀਆਂ ਰੱਬੀ ਰਹਿਮਤਾਂ ਪ੍ਰਾਪਤ ਕਰੀਏ।
ਇੱਕ ਪਾਸੇ ਗੁਰੂ ਗ੍ਰੰਥ ਅਤੇ ਸਿੱਖ ਪੰਥ ਦੂਜੇ ਪਾਸੇ ਭੇਖੀ, ਹੰਕਾਰੀ ਅਤੇ ਵਿਕਾਰੀ ਸੰਤ, ਅਖੌਤੀ ਸਿੱਖ ਲੀਡਰ ਅਤੇ ਅਨੇਕਾਂ ਗ੍ਰੰਥ ਪਰ ਗੁਰਸਿੱਖ ਨੇ ਹਮੇਸ਼ਾਂ ਸ਼ਬਦ ਗੁਰੂ ਗ੍ਰੰਥ ਨੂੰ ਹੀ ਸਰਬਉਚਤਾ ਦੇਣੀ ਹੈ ਕਿਉਂਕਿ ਦੁਨੀਆਂ ਦੇ ਰਹਿਬਰ ਬਾਬਾ ਨਾਨਕ ਜੀ ਨੇ ਸ਼ਬਦ ਨੂੰ ਹੀ ਗੁਰੂ ਕਿਹਾ ਹੈ "ਸ਼ਬਦ ਗੁਰੂ ਸੁਰਤਿ ਧੁਨਿ ਚੇਲਾ"  ਗੁਰੂ ਬਾਬੇ ਨਾਨਕ ਨੇ ਸ਼ਬਦ ਨਾਲ ਸਿੱਧ ਮੰਡਲੀ ਜਿੱਤੀ ਸੀ। ਕੀ ਅਸੀਂ ਅੱਜ ਸ਼ਬਦ ਰਾਹੀਂ ਡੇਰਾਵਾਦੀ ਸਾਧ ਮੰਡਲੀ ਨਹੀਂ ਜਿੱਤ ਸਕਦੇ? ਜੋ ਬਾਬੇ ਨਾਨਕ ਦੇ ਲਾਏ ਸਿੱਖੀ ਬੂਟੇ ਨੂੰ ਬਾਂਦਰਾਂ ਵਾਂਗ ਵਲੂੰਦਰ ਰਹੀ ਹੈ। ਬਾਬਾ ਨਾਨਕ ਦੁਨੀਆਂ ਦਾ ਮਹਾਂਨ ਰਹਿਬਰ ਹੈ ਉਸ ਦੇ ਕ੍ਰਾਂਤੀ ਅਤੇ ਕਲਿਆਣਕਾਰੀ ਉਪਦੇਸ਼ਾਂ ਦੀ ਪਾਲਨਾ ਕਰਦੇ ਹੋਏ ਆਪਣਾ ਜੀਵਨ ਸਫਲ ਕਰੀਏ।

ਅਵਤਾਰ ਸਿੰਘ ਮਿਸ਼ਨਰੀ (5104325827)