ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖ ਪੰਥ ਦਾ ਵਾਧਾ ਹਰ ਸਿੱਖ ਦੀ ਲੋਚਾ ਹੋਵੇ


ਸਰਬੰਸਦਾਨੀ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ 42 ਸਾਲ ਪਰਮ ਪੁਰਖ ਦੇ ਦਾਸ ਵਜੋਂ ਜਗਤ ਤਮਾਸ਼ਾ ਵੇਖ, ਧਰਮ ਤੇ ਪੰਥ ਲਈ ਪ੍ਰਚਾਰ ਕਰਨ ਦੀ ਰੱਬੀ ਆਗਿਆ ਪੂਰੀ ਕਰ ਜੀਵਨ ਹਯਾਤੀ ਦੇ ਅੰਤਲੇ ਦੌਰ ਵਿਚ ਜੋ ਇਲਾਹੀ ਕ੍ਰਿਸ਼ਮਾ ਕੀਤਾ ਮਨੁੱਖੀ ਇਤਿਹਾਸ ਵਿਚ ਇਸ ਦੀ ਮਿਸਾਲ ਨਹੀਂ ਮਿਲਦੀ। ਪੰਜਾਬ ਤੋਂ ਦੂਰ ਦੱਖਣ ਵਿੱਚ ਨੰਦੇੜ ਨਾਮਕ ਸਥਾਨ (ਜੋ ਹੁਣ ਸਿੱਖ ਪੰਥ ਲਈ ਤਖ਼ਤ ਸ੍ਰੀ ਅਬਿਚਲ ਨਗਰ ਹਜ਼ੂਰ ਸਾਹਿਬ ਹੈ) ਵਿਖੇ ਗੁਰੂ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਵੱਲੋਂ ਬਖ਼ਸ਼ਿਸ਼ ਕੀਤੇ ਸ਼ਬਦ ਗੁਰੂ ਦੇ ਸਿਧਾਂਤ ਨੂੰ ਪਰੀ ਪੂਰਨ ਕਰਦਿਆਂ, ਮਨੁੱਖੀ ਦੇਹੀ ਵਿਚ ਗੁਰੂ ਦੀ ਪਰਪਾਟੀ ਖ਼ਤਮ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੀ ਸਦੀਵੀ ਬਖਸ਼ਿਸ਼ ਕੀਤੀ।
ਸ਼ਬਦ ਗੁਰੂ, ਜਿਸ ਦਾ ਪ੍ਰਕਾਸ਼ ਗੁਰੂ ਸਾਹਿਬਾਨ ਦੇ ਹਿਰਦੇ ਵਿਚ 'ਪ੍ਰਭ ਕੀ ਬਾਣੀ' ਦੇ ਰੂਪ ਵਿਚ ਹੋਇਆ, ਉਸ ਇਲਾਹੀ ਤੇ ਅਨਹਦ ਬਾਣੀ ਨੂੰ ਪੰਚਮ ਪਾਤਸ਼ਾਹ ਨੇ ਭਾਈ ਗੁਰਦਾਸ ਜੀ ਤੋਂ 'ਪੋਥੀ' ਰੂਪ ਵਿਚ ਕਲਮਬੱਧ ਕਰਵਾਇਆ, ਜਿਸ ਦਾ ਪਹਿਲਾ ਪ੍ਰਕਾਸ਼ 'ਸ਼ਬਦ ਗੁਰੂ ਪ੍ਰਕਾਸਿਓ' ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ ਵਿਚ ਕੀਤਾ ਗਿਆ। 'ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ' ਉਚਾਰ ਕੇ ਸ਼ਬਦ ਗੁਰੂ ਦਾ ਸਰੂਪ ਪੰਚਮ ਪਾਤਸ਼ਾਹ ਨੇ ਸਥਾਪਿਤ ਕਰ ਦਿੱਤਾ, ਬਾਣੀ ਦੇ ਅਦਬ ਅਤੇ ਸਤਿਕਾਰ ਲਈ ਮਰਿਆਦਾ ਬੰਨ੍ਹ ਦਿੱਤੀ, 'ਜੋਤਿ ਰੂਪੁ ਹਰਿ ਆਪ ਗੁਰੁ ਨਾਨਕ ਕਹਾਇਓ'।
ਇਹ ਠੀਕ ਹੈ ਕਿ ਗੁਰੂ ਦੀ ਲੋੜ ਹਰ ਸਮੇਂ ਹਰ ਕਾਲ ਅਤੇ ਹਰ ਸਥਾਨ 'ਤੇ ਜ਼ਰੂਰੀ ਹੈ। ਪਰ ਸਰੀਰਕ ਰੂਪ ਵਿਚ ਤਾਂ ਗੁਰੂ ਅਵਤਾਰ ਪੈਗੰਬਰ ਹਰ ਥਾਂ, ਹਰ ਸਮੇਂ, ਮਨੁੱਖ ਦੀ ਅਗਵਾਈ ਨਹੀਂ ਕਰ ਸਕਦਾ। ਇਸੇ ਲਈ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਵਿਚ ਹੀ ਇਹ ਦ੍ਰਿੜ੍ਹ ਕਰਵਾ ਦਿੱਤਾ ਕਿ ਗੁਰੂ ਦੇ ਦਰਸ਼ਨ ਬਾਣੀ ਦੀ ਵਿਚਾਰਧਾਰਾ ਵਿਚ ਹਨ। ਸ਼ਬਦ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਹਰ ਥਾਂ, ਹਰ ਸਮੇਂ ਮਨੁੱਖ ਦੀ ਅਗਵਾਈ ਕਰਨ ਦੇ ਸਮਰੱਥ ਹਨ, ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾÂੈ'
ਦਸਵੇਂ ਪਾਤਸ਼ਾਹ ਨੇ ਜਦੋਂ ਸਰੀਰਕ ਚੋਲਾ ਤਿਆਗਣ ਅਤੇ ਗੁਰੂ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਥਾਪਿਤ ਕਰਨ ਦਾ ਫ਼ੈਸਲਾ ਸੁਣਾਇਆ ਤਾਂ ਵੈਰਾਗੀ ਤੇ ਬਿਹਬਲ ਹੋਈ ਸੰਗਤ ਨੇ ਕਰੁਣਾ ਭਰੀ ਆਵਾਜ਼ ਵਿਚ ਪੁੱਛਿਆ ਕਿ ਅਸੀਂ ਤੁਹਾਡੇ ਦਰਸ਼ਨ ਕਿਵਂੇ ਕਰਾਂਗੇ, ਅਗਵਾਈ ਕਿਸ ਪਾਸੋਂ ਲਵਾਂਗੇ¸
'ਲਖੀਏ ਤੁਮਰਾ ਦਰਸ਼ ਕਹਾਂ। ਕਹਹੁੰ ਤੋਹਿ ਸਮਝਾਇ'
ਗੁਰੂ ਪਾਤਸ਼ਾਹ ਦੇ ਹਜੂਰੀ ਅਰਸ਼ੀ ਕਵੀ ਭਾਈ ਨੰਦ ਲਾਲ ਜੀ ਅਨੁਸਾਰ, ਗੁਰੂ ਪਾਤਸ਼ਾਹ ਨੇ ਸਤਿਗੁਰੂ ਦਾ ਸੰਕਲਪ ਸਿਧਾਂਤ ਅਤੇ ਦਰਸ਼ਨ ਇਉਂ ਸਮਝਾਇਆ¸
ਤੀਨ ਰੂਪ ਹੈਂ ਮੋਹਿ ਕੇ, ਸੁਨਹੁ ਨੰਦ ਚਿੱਤ ਲਾਇ।
ਨਿਰਗੁਣ, ਸਰਗੁਣ, ਗੁਰਸ਼ਬਦ ਕਹਹੁੰ ਤੋਹਿ ਸਮਝਾਏ।
ਸਤਿਗੁਰ ਦਾ ਪ੍ਰਥਮ ਰੂਪ ਉਹੀ ਦਰਸਾਇਆ ਜਿਸ ਬਾਰੇ ਗੁਰੂ ਨਾਨਕ ਨੇ ਸਿੱਧਾਂ ਦੇ ਜੁਆਬ ਵਿਚ ਕਿਹਾ ਸੀ :
'ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ£'
ਏਸੇ ਸੰਦੇਸ਼ ਨੂੰ ਭਾਈ ਨੰਦ ਲਾਲ ਜੀ ਨੇ ਇਉਂ ਬਿਆਨ ਕੀਤਾ ਹੈ:-
'ਏਕੁ ਰੂਪ ਤਿਹ ਗੁਣ ਤੇ ਪਰੈ£ ਨੇਤਿ ਨੇਤਿ ਜਿਹ ਨਿਗਮ ਉਚਰੈ£'
'ਘਟ ਘਟ ਵਿਆਪਕ ਅੰਤਰਜਾਮੀ£'
ਇਹੀ ਪ੍ਰਮਾਤਮਾ ਦਾ ਪ੍ਰਥਮ ਤੇ ਸਦੀਵੀ ਸਰੂਪ ਹੈ ਜਿਸ ਤੋਂ ਸਾਰੇ ਗੁਰੂ ਅਵਤਾਰ ਤੇ ਪੈਗੰਬਰ ਤੇ ਨਬੀ ਰੌਸ਼ਨੀ ਪ੍ਰਾਪਤ ਕਰਦੇ ਹਨ। ਗੁਰੂ ਪਾਤਸ਼ਾਹ ਨੇ ਦੂਜਾ ਰੂਪ ਇਉਂ ਬਿਆਨ ਕੀਤਾ¸
ਦੂਸਰ ਰੂਪ ਗ੍ਰੰਥ ਜੀ ਜਾਨਹੁ£ ਆਪਨ ਅੰਗ ਮੇਰੇ ਕਰਿ ਮਾਨਹੁ£
ਮੇਰਾ ਰੂਪ ਗ੍ਰੰਥ ਜੀ ਜਾਨ£ ਇਸ ਮੇਂ ਭੇਦ ਨ ਰੰਚਕ ਮਾਨ£
(ਰਹਿਤਨਾਮਾ ਭਾਈ ਨੰਦ ਲਾਲ ਜੀ)
ਜਦੋਂ ਸਿੱਖਾਂ ਨੇ ਪੁੱਛਿਆ¸ਜੇ ਤੁਹਾਡੇ ਦਰਸ਼ਨਾਂ ਦੀ ਚਾਹ ਹੋਵੇ, ਤਾਂ ਗੁਰੂ ਜੀ ਨੇ ਫ਼ੁਰਮਾਇਆ¸
'ਜੋ ਸਿਖ ਗੁਰੁ ਦਰਸ਼ਨ ਕੀ ਚਾਹਿ£ ਦਰਸ਼ਨ ਕਰੇ ਗ੍ਰੰਥ ਜੀ ਆਹਿ।'
ਸਿੱਖਾਂ ਨੇ ਪੁੱਛਿਆ¸ਸਤਿਗੁਰ ਜੀ ਜੇ ਤੁਹਾਡੇ ਨਾਲ ਗੱਲਾਂ ਕਰਨੀਆਂ ਹੋਣ, ਤਾਂ ਗੁਰ ਫੁਰਮਾਇਆ!
'ਜੋ ਮਮ ਸਾਥ ਚਹੇ ਕਰਿ ਬਾਤ£ ਗ੍ਰੰਥ ਜੀ ਪੜਹਿ ਬਿਚਾਰਹਿ ਸਾਥ£'
ਜੋ ਸਿੱਖ ਅਗਵਾਈ ਜਾਂ ਆਦੇਸ਼ ਪ੍ਰਾਪਤ ਕਰਨਾ ਚਾਹੁੰਦੇ ਹਨ ਉਨ੍ਹਾਂ ਬਾਰੇ ਗੁਰੂ ਜੀ ਨੇ ਫੁਰਮਾਇਆ¸
'ਜੋ ਮੁਝ ਬਚਨ ਸੁਨਨ ਕੀ ਚਾਇ£ ਗ੍ਰੰਥ ਵਿਚਾਰ ਸੁਨਹੁ ਚਿਤ ਲਾਇ£'
ਅਰਥਾਤ ਜੋ ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਨਾ ਚਾਹੇ ਉੁਹ ਗੁਰਬਾਣੀ ਤੇ ਵਿਚਾਰ ਕਰੇ।
ਦਸਮ ਗੰਥ ਬਾਰੇ ਪੁੱਛੇ ਜਾਣ ਤੇ ਪਾਤਸ਼ਾਹ ਨੇ ਕਿਹਾ, ਇਹ ਮੇਰੀ ਕਿਰਤ ਹੈ' ਲੇਕਿਨ ਗੁਰੂ ਦੀ ਪਦਵੀ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਾਪਤ ਹੈ। ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ¸
'ਕਰ ਪ੍ਰਕਰਮਾ ਗੁਰੂ ਜੀ ਨਿਜ ਮਾਥ ਝੁਕਾਯੋ। ਗੁਰੂ ਗ੍ਰੰਥ ਕੋ ਗੁਰ ਥਪਿਓ,
ਕੁਣਕਾ ਬਟਵਾਯੋ' (ਅਰਥਾਤ ਕੜਾਹ ਪ੍ਰਸਾਦਿ ਵੰਡਿਆ)
'ਸ੍ਰੀ ਮੁਖ ਤੇ ਸਭ ਸਿੱਖਨ ਕੋ, ਇਮ ਹੁਕਮ ਸੁਨਾਯੋ'
ਸ੍ਰੀ ਮੁਖਵਾਕ ਦੋਹਿਰਾ
'ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ'।
ਇਉਂ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਗੁਰਿਆਈ ਬਖ਼ਸ਼ ਇਕ ਅਦਭੁੱਤ ਅਤੇ ਅਲੌਕਿਕ, ਅਧਿਆਤਮਕ ਗਣਤੰਤਰ (Spiritual Republic) ਦੀ ਸਥਾਪਨਾ ਕਰ ਦਿੱਤੀ। ਰਾਜਨੀਤੀ ਵਿਚ ਤਾਂ ਵਿਅਕਤੀਗਤ ਰਾਜੇ ਦੀ ਬਜਾਏ ਲੋਕਸ਼ਾਹੀ ਆ ਗਈ ਹੈ, ਪਰ ਧਰਮ ਅਤੇ ਮਜ਼ਹਬ ਦੀ ਦੁਨੀਆ ਵਿਚ ਅਜੇ ਵੀ ਵਿਅਕਤੀ ਪ੍ਰਧਾਨ ਹੈ। ਗੁਰੂ ਸਾਹਿਬ ਨੇ ਸਿੱਖ ਧਰਮ ਨੂੰ ਸਰੀਰਕ ਪੂਜਾ ਦੀ ਜਕੜ ਤੇ ਗੁਲਾਮੀ ਤੋਂ ਸਦਾ ਸਦਾ ਲਈ ਮੁਕਤ ਕਰ ਦਿੱਤਾ। ਜੋਤ ਅਤੇ ਜੁਗਤ ਦਾ ਜਿਹੜਾ ਸੁਮੇਲ ਸਿੱਖੀ ਵਿਚ ਅਰੰਭ ਹੋਇਆ ਸੀ ਉਸੇ ਨੂੰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਗੁਰਤਾ ਸਥਾਪਤ ਕਰਕੇ ਪਰੀਪੂਰਨ ਕਰ ਦਿੱਤਾ।
ਜੋਤ ਰੂਪ ਵਿਚ ਅਗਵਾਈ ਸ਼ਬਦ ਗੁਰੂ ਅਤੇ ਉਸ ਦੇ ਉਪਦੇਸ਼ ਨੂੰ ਸਿੱਖ ਸੰਗਤਾਂ ਵਿਚ ਵਰਤਾਉਣ ਦੀ ਜੁਗਤ ਗੁਰੂ ਪੰਥ ਨੇ ਕਰਨੀ ਹੈ ਅਰਥਾਤ ਸਿੱਖ ਦਾ ਨਿੱਜੀ ਅਤੇ ਪੰਥਕ ਜੀਵਨ ਗੁਰ ਸ਼ਬਦ ਅਨੁਸਾਰ ਹੀ ਹੁੰਦਾ ਰਿਹਾ ਹੈ ਅਤੇ ਇਸ ਦਾ ਪ੍ਰਮਾਣ ਸਿੱਖ ਇਤਿਹਾਸ ਹੈ। ਗੁਰੂ ਅਰਜਨ ਸਾਹਿਬ ਗੁਰ ਸ਼ਬਦ ਦੀ ਸਚਾਈ ਦਰਸਾਉਣ ਲਈ ਤੱਤੀ ਤਵੀ 'ਤੇ ਬੈਠਦੇ ਹਨ, ਗੁਰੂ ਤੇਗ ਬਹਾਦੁਰ ਸਾਹਿਬ ਹੱਕ ਸੱਚ ਤੇ ਧਰਮ ਲਈ ਸੀਸ ਭੇਟ ਕਰਦੇ ਹਨ ਅਤੇ ਇਸੇ ਮਾਰਗ ਤੇ ਚਲਦਿਆਂ 1699 ਵਿਚ ਕੇਸਗੜ੍ਹ ਸਾਹਿਬ ਵਿਖੇ ਖਾਲਸੇ ਦੀ ਸਾਜਨਾ ਨੂੰ ਗੁਰਮਤਿ ਸ਼ਬਦਾਵਲੀ ਅਨੁਸਾਰ :-'ਸੀਸ ਭੇਟ ਦਿਓ ਦਿਵਸ' ਦੇ ਨਾਂਅ ਨਾਲ ਯਾਦ ਕੀਤਾ ਜਾਂਦਾ ਹੈ ਅਤੇ ਅਸੀਂ ਹਰ ਰੋਜ਼ ਅਰਦਾਸ ਵਿਚ ਦੁਹਰਾਉਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਚਰਖੜੀਆਂ ਤੇ ਚੜ੍ਹੇ ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਨੇ ਆਦਰਸ਼ ਮਨੁੱਖ, ਆਦਰਸ਼ ਸਮਾਜ ਅਤੇ ਆਦਰਸ਼ ਰਾਜ ਦੀ ਕਲਪਨਾ ਕੀਤੀ ਹੈ। ਆਦਰਸ਼ ਮਨੁੱਖ ਨੂੰ ਗੁਰਸਿੱਖ ਦੀ ਸੰਗਿਆ ਦਿੰਦਿਆਂ ਪਾਤਸ਼ਾਹ ਨੇ ਸਪੱਸ਼ਟ ਕੀਤਾ ਹੈ, ਗੁਰਮਤਿ ਖੋਜਤ ਭਏ ਉਦਾਸੀ' ਅਤੇ ਉਸੇ ਗੁਰਮੁੱਖ ਦੀ ਪਰਖ ਸੀ।
ਜਉ ਤਉ ਪ੍ਰੇਮ ਖੇਲਣ ਕਾ ਚਾਉ'
ਅਰਥਾਤ ਪਿਆਰੇ ਦੀ ਗਲੀ ਵਿਚ ਜਾਣ ਲਈ ਹਉਮੈ ਤਿਆਗ ਕੇ ਅਤੇ ਸਮਾਂ ਆਉਣ ਤੇ ਧਰਮ ਲਈ ਸੀਸ ਦੇ ਦੇਣਾ। ਗੁਰਮੁੱਖ ਅਤੇ ਮਨਮੁੱਖ (ਸਾਕਤ) ਵਿਚਕਾਰ ਫਰਕ ਕਰਦਿਆਂ ਗੁਰੂ ਰਾਮ ਦਾਸ ਜੀ ਨੇ ਗੁਰਮੁੱਖ ਨੂੰ ਸੂਰਬੀਰ ਦੱਸਿਆ ਹੈ,
ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨ ਬਲੀ ਰੇ'
ਪੰਚਮ ਪਾਤਸ਼ਾਹ ਨੇ ਸਰੀਰ ਦੀ ਮੌਤ ਤੋਂ ਪਹਿਲਾਂ ਮਨ ਦੀਆਂ ਇੱਛਾਵਾਂ ਅਤੇ ਕਾਮਨਾਵਾਂ ਨੂੰ ਮਾਰ ਦੇਣ ਦਾ ਆਦੇਸ਼ ਦਿੱਤਾ ਹੈ,
ਪਹਿਲਾਂ ਮਰਨ ਕਬੂਲ'
ਗੁਰਮੁੱਖ ਨੂੰ ਪ੍ਰਭਾਸ਼ਿਤ ਕਰਦਿਆਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਨਰ, ਗਿਆਨੀ ਦੀ ਸੰਗਿਆ ਦਿਤੀ ਹੈ,
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ£....
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ£ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ£ ਆਦਰਸ਼ ਸਮਾਜ ਦੀ ਕਲਪਨਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ,
ਏਕੁ ਪਿਤਾ ਏਕਸ ਕੇ ਹਮ ਬਾਰਿਕ',
ਸਭੈ ਸਾਂਝੀ ਵਾਲ ਸਦਾਇਨ'।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੀ ਬਾਣੀ ਦਰਜ ਕਰਦਿਆਂ ਕਿਸੇ ਭਗਤ, ਫਕੀਰ ਜਾਂ ਸਿੱਖ ਦੀ ਜਾਤ ਜਾਂ ਧਰਮ ਨਹੀਂ ਵੇਖਿਆ ਗਿਆ। ਇਹੀ ਕਾਰਨ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਇਕ ਮੁਸਲਮਾਨ ਅਜ਼ਾਨ ਦੀ ਅਵਾਜ਼ ਸੁਣ ਸਕਦਾ ਹੈ ਅਤੇ ਹਿੰਦੂ ਇਸ ਵਿਚੋਂ ਠਾਕਰ ਦੀ ਆਰਤੀ ਅਤੇ ਘੜਿਆਲ ਦੀ ਆਵਾਜ਼ ਸੁਣ ਸਕਦਾ ਹੈ। ਇਕੋ ਇਕ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਸ ਵਿਚ ਮੰਦਰ ਅਤੇ ਮਸਜਿਦ ਨੂੰ ਵੱਖ ਨਹੀਂ ਸਮਝਿਆ ਗਿਆ ਅਤੇ ਇਕ ਅਕਾਲ ਦੀ ਪੂਜਾ ਦਾ ਸੰਦੇਸ਼ ਦਿੰਦਿਆਂ ਸਾਰੀਆਂ ਪੂਜਾ ਵਿਧੀਆਂ ਨੂੰ ਪ੍ਰਵਾਨ ਕੀਤਾ ਗਿਆ ਹੈ ਅਤੇ ਅਕਾਲ ਪੁਰਖ ਨੂੰ ਅਮਜਹਬੇ ਕਿਹਾ ਗਿਆ ਹੈ। ਆਦਰਸ਼ ਰਾਜ ਦਾ ਜ਼ਿਕਰ ਕਰਦਿਆਂ ਐਸੇ ਰਾਜ ਦੀ ਕਲਪਨਾ ਕੀਤੀ ਗਈ ਹੈ, ਜਿਥੇ ਹਰ ਕਿਸਮ ਦੀ ਗੁਲਾਮੀ ਤੋਂ ਛੁਟਕਾਰਾ ਅਤੇ ਹਰੇਕ ਲਈ ਬਰਾਬਰ ਦੇ ਅਧਿਕਾਰ ਜਿਨ੍ਹਾਂ ਵਿਚ ਜੀਉਣ ਦਾ ਅਧਿਕਾਰ ਪ੍ਰਥਮ ਸ਼੍ਰੇਸ਼ਟ ਕਿਹਾ ਗਿਆ ਹੈ। ਧਰਮਾਂ ਦੀ ਸਹਿਹੋਂਦ ਵਾਲੇ ਐਸੇ ਰਾਜ ਨੂੰ ਪ੍ਰਵਾਨ ਕੀਤਾ ਗਿਆ ਹੈ ਜਿਸ ਦਾ ਜ਼ਿਕਰ ਭਗਤ ਰਵੀਦਾਸ ਜੀ ਨੇ¸
ਬੇਗਮਪੁਰਾ ਸਹਰ ਕੋ ਨਾਉ' ਕਹਿ ਕੇ ਕੀਤਾ ਹੈ।
ਗੁਰੂ ਗ੍ਰੰਥ ਸਾਹਿਬ ਤਾਂ ਸਿੱਖ ਪੰਥ ਦੇ ਸਰਬ ਪ੍ਰਵਾਨਤ ਸਤਿਗੁਰੂ ਸਥਾਪਤ ਹਨ ਪਰ ਗੁਰੂ ਪੰਥ ਦਾ ਸੰਕਲਪ ਅਤੇ ਸਿਧਾਂਤ 18ਵੀਂ ਸਦੀ ਬਾਅਦ ਪੂਰੀ ਤਰ੍ਹਾਂ ਅਮਲ ਵਿਚ ਅਜੇ ਉਜਾਗਰ ਨਹੀਂ ਹੋ ਸਕਿਆ। ਇਸ ਪਾਸੇ ਬਖ਼ਸ਼ੇ ਹੋਏ ਗੁਰਮੁਖਾਂ ਨੂੰ ਸੁਚੇਤ ਹੋ ਕੇ ਯਤਨ ਕਰਨ ਅਤੇ ਜੁਗਤ ਨੂੰ ਜੋਤ ਦੀ ਰੌਸ਼ਨੀ ਵਿਚ ਵਰਤਣ ਦਾ ਅਮਲ ਨਿਸਚਿਤ ਕਰ ਦ੍ਰਿੜ੍ਹ ਕਰਵਾਉਣ ਦੀ ਸਦੀਵੀ ਲੋੜ ਹੈ ਤਾਂ ਜੋ ਅਜੋਕੇ ਭਰਮ ਭੁਲੇਖਿਆਂ ਤੇ ਵਹਿਮਾਂ ਭਰਮਾਂ, ਸਖ਼ਸ਼ੀ ਸਿਕਦਾਰੀਆਂ, ਨਿੱਜ ਪ੍ਰਸਤੀ ਅਤੇ ਪਰਿਵਾਰ ਪ੍ਰਸਤੀ ਤੋਂ ਉਚੇਰਾ ਉਠ ਕੇ ਪੰਥ ਪ੍ਰਸਤੀ ਦੀ ਭਾਵਨਾ ਮੁੜ ਉਜਾਗਰ ਹੋਵੇ। ਗੁਰੂ ਪੰਥ ਦਾ ਵਾਧਾ ਹਰ ਸਿੱਖ ਦੀ ਲੋਚਾ ਹੋਵੇ ਅਤੇ ਖ਼ਾਲਸਾ ਜੀ ਦੇ ਬੋਲ ਬਾਲੇ ਰਾਹੀਂ ਮਨੁੱਖੀ ਤਵਾਰੀਖ਼ ਵਿਚ ਆਪਣਾ ਨਿਵੇਕਲਾ ਤੇ ਨਰੋਆ ਯੋਗਦਾਨ ਪਾ ਸਕੇ।
ਸਿੱਖ ਧਰਮ ਅਨੁਸਾਰ ਗੁਰਸਿੱਖ ਮੜ੍ਹੀ ਮਸਾਣਾਂ, ਦੇਹਧਾਰੀਆਂ, ਡੇਰੇਦਾਰਾਂ, ਮੂਰਤੀਆਂ ਤੇ ਬੁੱਤਾਂ ਦੀ ਪੂਜਾ ਕਰਦਾ ਗੁਰੂ ਦਰਬਾਰ ਵਿਚ ਪ੍ਰਵਾਨ ਨਹੀਂ ਹੋ ਸਕਦਾ ਅਤੇ ਨਾ ਹੀ ਸੰਗਤ ਵਿਚ ਸ਼ੋਭਾ ਪਾ ਸਕਦਾ ਹੈ। ਸਿੱਖ ਨੂੰ ਹੁਕਮ ਹੈ ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਤੇ ਲੋਚਾ ਖਾਲਸੇ ਜੀ ਦੇ ਬੋਲ ਬਾਲੇ ਦੀ। ਹਰ ਸਿੱਖ ਖੰਡੇ ਬਾਟੇ ਦੀ ਪਾਹੁਲ ਛਕ, ਪੰਜ ਕਕਾਰਾਂ ਦਾ ਧਾਰਣੀ ਹੋ, ਦੇਹ ਧਾਰੀਆਂ ਦੇ ਪਾਖੰਡ ਤੋਂ ਬਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਵੇ।

ਮਨਜੀਤ ਸਿੰਘ ਕਲਕੱਤਾ
-ਮੋ: 98140-50679