ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਗੁਰਬਾਣੀ ਦੇ ਟੀਕਾਕਾਰ ਪ੍ਰੋ: ਸਾਹਿਬ ਸਿੰਘ


ਆਪਣੇ ਕੰਮ ਨੂੰ ਸਮਰਪਿਤ ਸਿੱਖ ਵਿਦਵਾਨ ਬਹੁਤ ਥੋੜ੍ਹੇ ਹਨ, ਜਿਨ੍ਹਾਂ ਪਾਵਨ ਗੁਰਬਾਣੀ ਦੀ ਅਰਥਾਂ ਸਹਿਤ ਵਿਆਖਿਆ, ਟੀਕਾਕਾਰੀ ਅਤੇ ਗੁਰਬਾਣੀ ਵਿਆਕਰਣ-ਕਾਰ ਵਜੋਂ ਨਾਮਣਾ ਖੱਟਿਆ ਹੋਵੇ। ਅਜਿਹੇ ਨਿਸ਼ਠਾਵਾਨ ਵਿਦਵਾਨਾਂ ਵਿਚੋਂ ਪ੍ਰੋਫੈਸਰ ਸਾਹਿਬ ਸਿੰਘ ਨੂੰ ਅੱਜ ਵੀ ਸ਼ਰਧਾ ਅਤੇ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ। ਪ੍ਰੋ: ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲੀ, ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਭਾਈ ਹੀਰਾ ਨੰਦ ਦੇ ਘਰ ਮਾਤਾ ਨਿਹਾਲ ਦੇਵੀ ਦੀ ਕੁੱਖ ਤੋਂ 16 ਫਰਵਰੀ, 1892 ਈ: ਨੂੰ ਹੋਇਆ। ਭਾਈ ਹੀਰਾ ਨੰਦ ਨੂੰ ਰੋਜ਼ੀ-ਰੋਟੀ ਖਾਤਰ ਆਪਣਾ ਪਿੰਡ ਛੱਡ ਕੇ ਥਰਪਾਲ ਪਿੰਡ ਵਿਚ ਨਿਵਾਸ ਕਰਨਾ ਪਿਆ। ਪਿੰਡ ਦੇ ਨੇੜੇ ਵਸੇ ਕਸਬਾ ਫਤਹਿਗੜ੍ਹ ਤੋਂ ਅੱਠਵੀਂ ਦਾ ਇਮਤਿਹਾਨ ਪਾਸ ਕੀਤਾ। ਦਸਵੀਂ ਪਾਸ ਕਰਨ ਲਈ ਪਿੰਡ ਪਸਰੂਰ ਦੇ ਹਾਈ ਸਕੂਲ ਵਿਚ ਦਾਖ਼ਲਾ ਲਿਆ। ਇਸੇ ਦੌਰਾਨ ਖੰਡੇ-ਬਾਟੇ ਦੀ ਪਾਹੁਲ ਪ੍ਰਾਪਤ ਕਰਕੇ ਭਾਈ ਹੀਰਾ ਨੰਦ ਦਾ ਇਹ ਯੋਗ ਸਪੁੱਤਰ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਿਆ। ਪ੍ਰੋ: ਸਾਹਿਬ ਨੇ ਨੌਵੀਂ ਸ਼੍ਰੇਣੀ ਤੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ। ਦਸਵੀਂ ਤੋਂ ਪਿੱਛੋਂ ਇਹ ਨੌਜਵਾਨ ਅਗਾਂਹ ਨਹੀਂ ਪੜ੍ਹ ਸਕਿਆ ਕਿਉਂਕਿ ਪਿਤਾ ਜੀ ਦਾ ਸਾਇਆ 15 ਸਾਲ ਦੀ ਉਮਰ ਵਿਚ ਸਿਰ ਤੋਂ ਉੱਠ ਗਿਆ। ਪਿਤਾ ਜੀ ਦੇ ਅਕਾਲ ਚਲਾਣੇ ਤੋਂ ਪਿੱਛੋਂ ਘਰ ਵਿਚ ਆਰਥਿਕ ਤੰਗੀ ਵਧ ਗਈ। ਇਸੇ ਲਈ ਕੁਝ ਸਮਾਂ ਡਾਕਖਾਨੇ ਅਤੇ ਸਕੂਲ ਵਿਚ ਨੌਕਰੀ ਕਰਨੀ ਪਈ। ਪਰ ਪੜ੍ਹਾਈ ਵਿਚ ਪ੍ਰਬਲ ਰੁਚੀ ਹੋਣ ਕਰਕੇ ਨੌਕਰੀ ਛੱਡ ਕੇ ਫਿਰ ਪੜ੍ਹਨਾ ਸ਼ੁਰੂ ਕਰ ਦਿੱਤਾ। 1913 ਵਿਚ ਦਿਆਲ ਸਿੰਘ ਕਾਲਜ ਲਾਹੌਰ ਤੋਂ ਐਫ. ਏ. ਅਤੇ 1915 ਵਿਚ ਗੌਰਮਿੰਟ ਕਾਲਜ ਲਾਹੌਰ ਤੋਂ ਬੀ. ਏ. ਕੀਤੀ। ਆਪ ਪਹਿਲਾਂ ਖਾਲਸਾ ਹਾਈ ਸਕੂਲ ਫਾਰੂਕਾ ਵਿਚ ਅਧਿਆਪਕ ਵਜੋਂ ਨਿਯੁਕਤ ਹੋਏ। ਇਸ ਤੋਂ ਪਿੱਛੋਂ 1917 ਵਿਚ ਗੁਰੂ ਨਾਨਕ ਖਾਲਸਾ ਕਾਲਜ ਗੁਜਰਾਂਵਾਲਾ ਵਿਚ ਲੈਕਚਰਾਰ ਨਿਯੁਕਤ ਹੋਏ। 1921 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਮੀਤ ਸਕੱਤਰ ਅਤੇ ਸੁਪਰਡੈਂਟ ਦੀ ਨੌਕਰੀ ਵੀ ਕੀਤੀ। 1929 ਈ: ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਧਰਮ ਅਧਿਐਨ ਦੇ ਲੈਕਚਰਾਰ ਵਜੋਂ ਨਿਯੁਕਤੀ ਹੋਈ, ਇਥੋਂ 1952 ਵਿਚ ਸੇਵਾ-ਮੁਕਤੀ ਤੋਂ ਪਿੱਛੋਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਿਚ ਪਿੰ੍ਰਸੀਪਲ ਬਣੇ। ਗੁਰੂ ਕੇ ਬਾਗ਼ ਅਤੇ ਜੈਤੋ ਦੇ ਮੋਰਚੇ ਦੌਰਾਨ ਗ੍ਰਿਫ਼ਤਾਰੀ ਦੇ ਕੇ ਜੇਲ੍ਹ ਯਾਤਰਾ ਵੀ ਕੀਤੀ। ਪ੍ਰੋ: ਸਾਹਿਬ ਸਿੰਘ ਨੇ ਉੱਘੇ ਸਿੱਖ ਵਿਦਵਾਨ ਪਿੰ੍ਰਸੀਪਲ ਭਾਈ ਜੋਧ ਸਿੰਘ ਦੇ ਪ੍ਰਭਾਵ ਨੂੰ ਕਬੂਲਦਿਆਂ ਗੁਰਬਾਣੀ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ। ਵਿਆਖਿਆ ਵਿਚ ਰੁਚੀ ਹੋਣ ਕਰਕੇ 1939 ਈ: ਵਿਚ 'ਗੁਰਬਾਣੀ ਵਿਆਕਰਣ' ਪੁਸਤਕ ਦੀ ਪ੍ਰਕਾਸ਼ਨਾ ਕਰਵਾਈ। ਇਸ 'ਗੁਰਬਾਣੀ ਵਿਆਕਰਣ' ਪੁਸਤਕ ਨੂੰ ਸਿੱਖ ਵਿਦਵਾਨਾਂ ਤੇ ਗੁਰਬਾਣੀ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਵਿਆਕਰਣ ਨੂੰ ਮੁੱਖ ਰੱਖ ਕੇ ਵੱਖ-ਵੱਖ ਬਾਣੀਆਂ ਦੇ ਟੀਕੇ ਲਿਖੇ। ਇਸ ਤੋਂ ਪਿੱਛੋਂ ਇਨ੍ਹਾਂ ਸਾਰੇ ਟੀਕਿਆਂ ਨੂੰ ਲੈ ਕੇ ਸਮੁੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ 'ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ' ਦਸ ਭਾਗਾਂ ਵਿਚ ਲਿਖ ਕੇ 1962 ਤੋਂ 1964 ਈ: ਤੱਕ ਇਸ ਦੇ ਪ੍ਰਕਾਸ਼ਨ ਦਾ ਮਹਾਨ ਕਾਰਜ ਕੀਤਾ। ਪ੍ਰੋਫੈਸਰ ਸਾਹਿਬ ਨੇ ਦੂਸਰਾ ਵੱਡਾ ਕਾਰਜ 14 ਪੁਸਤਕਾਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਗੁਰਬਾਣੀ ਸਬੰਧੀ ਖੋਜ ਭਰਪੂਰ ਲੇਖ ਸੰਗ੍ਰਹਿ ਦੀਆਂ ਛਾਪ ਕੇ ਪਾਠਕਾਂ ਦੀ ਝੋਲੀ ਪਾਈਆਂ। ਸਾਂਝੇ ਪੰਜਾਬ ਵਿਚ ਪੈਪਸੂ ਦੀ ਸਰਕਾਰ ਵੱਲੋਂ 1952 ਵਿਚ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। 1970 ਈ: ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਪ੍ਰੋ: ਸਾਹਿਬ ਸਿੰਘ ਨੂੰ ਫੈਲੋਸ਼ਿਪ ਦੇ ਕੇ ਮਾਣ ਦਿੱਤਾ ਗਿਆ। ਉਨ੍ਹਾਂ ਦੀਆਂ ਕਈ ਪੁਸਤਕਾਂ ਨੂੰ ਵੀ ਸਨਮਾਨ ਪ੍ਰਾਪਤ ਹੋਏ। ਗੁਰਬਾਣੀ ਦੀ ਵਿਆਖਿਆਕਾਰੀ ਅਤੇ ਟੀਕਾਕਾਰੀ ਵਿਚ ਆਪਣੀ ਨਿਵੇਕਲੀ ਤੇ ਵੱਖਰੀ ਪਛਾਣ ਰੱਖਣ ਵਾਲਾ ਇਹ ਮਹਾਨ ਗੁਰਮਤਿ ਨੂੰ ਪ੍ਰਨਾਇਆ ਸਾਹਿਤਕਾਰ 29 ਅਕਤੂਬਰ, 1977 ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ।

- ਭਗਵਾਨ ਸਿੰਘ ਜੌਹਲ
ਮੋ: 98143-24040