ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਰਾਮਗੜ੍ਹੀਆ ਮਿਸਲ


ਸਿੱਖਾਂ ਦੀਆਂ 12 ਮਿਸਲਾਂ ਵਿੱਚੋਂ ਰਾਮਗੜ੍ਹੀਆ ਮਿਸਲ ਬਹੁਤ ਤਾਕਤਵਰ ਮਿਸਲ ਸੀ ਇਸ ਮਿਸਲ ਨੇ ਆਪਣਾ ਨਾਂ 'ਰਾਮ ਰੌਣੀ' ਤੋਂ ਲਿਆ 'ਰਾਮ ਰੌਣੀ' ਇੱਕ ਗੜ੍ਹੀ ਸੀ ਜਿਸ ਦੀ ਤਾਮੀਰ ਸ੍ਰ: ਜੱਸਾ ਸਿੰਘ ਨੇ ਅੰਮ੍ਰਿਤਸਰ ਦੇ ਬਾਹਰਵਾਰ ਕੱਚੀਆਂ ਇੱਟਾਂ ਨਾਲ ਕਰਵਾਈ ਬਾਅਦ ਵਿੱਚ ਇਸੇ ਗੜ੍ਹੀ ਨੂੰ ਕਿਲ੍ਹੇ ਦੀ ਸ਼ਕਲ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਕਿਲ੍ਹਾ ਰਾਮਗੜ੍ਹ ਪੈ ਗਿਆ ਇਸ ਦੇ ਨਾਂ 'ਤੇ ਸ੍ਰ: ਜੱਸਾ ਸਿੰਘ ਦਾ ਨਾਂ ਵੀ ਜੱਸਾ ਸਿੰਘ ਰਾਗੜ੍ਹੀਆ ਪੈ ਗਿਆ ਸ੍ਰ: ਜੱਸਾ ਸਿੰਘ ਰਾਮਗੜ੍ਹੀਆ ਸਿੱਖ ਇਤਿਹਾਸ ਵਿੱਚ ਬਹੁਤ ਵੱਡੇ ਸਿੱਖ ਯੋਧੇ ਵਜੋਂ ਜਾਣਿਆਂ ਜਾਣ ਲੱਗ ਪਿਆ
ਜੱਸਾ ਸਿੰਘ ਲਾਹੌਰ ਦੇ ਕੋਲ ਇਚੋਗਿਲ ਪਿੰਡ ਦੇ ਰਹਿਣ ਵਾਲੇ ਗਿਆਨੀ ਭਗਵਾਨ ਸਿੰਘ ਦੇ ਘਰ 1723 ਵਿੱਚ ਪੈਦਾ ਹੋਇਆ ਜੱਸਾ ਸਿੰਘ ਦੇ ਪੁਰਖੇ ਗੁਰੂਘਰ ਦੇ ਬਹੁਤ ਸ਼ਰਧਾਲੂ ਸਨ ਉਨ੍ਹਾਂ ਦਾ ਗੁਰਬਾਣੀ ਅਤੇ ਸੇਵਾ ਵਿੱਚ ਬਹੁਤ ਨਿਸ਼ਚਾ ਸੀ ਜੱਸਾ ਸਿੰਘ ਦੇ ਪੰਜ ਭਰਾ ਸਨ ਤੇ ਉਹ ਉਨ੍ਹਾਂ ਵਿੱਚ ਸਭ ਤੋਂ ਵੱਡਾ ਸੀ ਉਸ ਦੇ ਪਿਤਾ ਨੇ ਜੱਸਾ ਸਿੰਘ ਨੂੰ ਨਿੱਤਨੇਮ ਜ਼ਬਾਨੀ ਕੰਠ ਕਰਵਾਇਆ ਅਤੇ ਉਸ ਨੂੰ ਬਹੁਤ ਛੋਟੀ ਉਮਰ ਵਿੱਚ ਅੰਮ੍ਰਿਤ ਪਾਨ ਕਰਵਾਇਆ

1733
ਵਿੱਚ ਪੰਜਾਬ ਦੇ ਗਵਰਨਰ ਜ਼ਕਰੀਆ ਖ਼ਾਨ ਨੇ ਦੇਖਿਆ ਕਿ ਸਿੱਖਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਿਲ ਹੈ, ਇਸ ਲਈ ਉਸ ਨੇ ਇਨ੍ਹਾਂ ਵੱਲ ਦੋਸਤੀ ਦਾ ਹੱਥ ਵਧਾਇਆ ਉਹ ਅਫ਼ਗ਼ਾਨੀ ਹਮਲਾਵਰ ਨਾਦਿਰ ਸ਼ਾਹ ਤੋਂ ਬਚਣ ਲਈ ਸਿੱਖਾਂ ਦੀ ਇਮਦਾਦ ਚਾਹੁੰਦਾ ਸੀ ਉਸ ਨੇ ਸਿੱਖਾਂ ਨੂੰ ਜਗੀਰ ਅਤੇ ਸ਼ਾਹੀ ਚਿੰਨ੍ਹ ਦੇਣ ਦੀ ਪੇਸ਼ਕਸ਼ ਵੀ ਕੀਤੀ ਸ੍ਰ: ਭਗਵਾਨ ਸਿੰਘ ਅਤੇ ਜੱਸਾ ਸਿੰਘ ਨੇ ਨਾਦਿਰ ਸ਼ਾਹ ਦੇ ਖ਼ਿਲਾਫ਼ ਲੜਨ ਲਈ ਕਮਰਕੱਸਾ ਕਰ ਲਿਆ ਪਰ ਭਗਵਾਨ ਸਿੰਘ ਨਾਦਿਰ ਸ਼ਾਹ ਦੇ ਖ਼ਿਲਾਫ਼ ਲੜਦੇ ਹੋਏ ਸ਼ਹੀਦ ਹੋ ਗਏ ਜ਼ਕਰੀਆ ਖ਼ਾਨ ਨੇ ਸ੍ਰ: ਭਗਵਾਨ ਸਿੰਘ ਦੇ ਪੰਜਾਂ ਲੜਕਿਆਂ ਨੂੰ ਪੰਜ ਪਿੰਡ ਬਹਾਦਰੀ ਦਿਖਾਉਣ ਬਦਲੇ ਇਨਾਮ ਵਿੱਚ ਦਿੱਤੇ ਸ੍ਰ: ਜੱਸਾ ਸਿੰਘ ਨੂੰ ਵੱਲਾ ਦਾ ਪਿੰਡ ਮਿਲਿਆ 1745 ਵਿੱਚ ਜ਼ਕਰੀਆ ਖ਼ਾਨ ਦੀ ਮੌਤ ਹੋ ਗਈ ਤੇ ਮੀਰ ਮੰਨੂ ਨੂੰ ਪੰਜਾਬ ਦਾ ਨਵਾਂ ਗਵਰਨਰ ਥਾਪਿਆ ਗਿਆ ਉਹ ਸਿੱਖਾਂ ਦੀ ਵਧ ਰਹੀ ਸ਼ਕਤੀ ਬਾਰੇ ਬਹੁਤ ਚਿੰਤਿਤ ਸੀ ਉਸ ਨੇ ਸਿੱਖ ਤਾਕਤ ਨੂੰ ਖ਼ਤਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ
ਉਸ ਨੇ ਸਿੱਖਾਂ ਦੇ ਸਿਰਾਂ ਦੇ ਇਨਾਮ ਰੱਖ ਦਿੱਤੇ ਮੀਰ ਮੰਨੂ ਨੇ ਜਲੰਧਰ ਦੇ ਫੌਜਦਾਰ ਅਦੀਨਾ ਬੇਗ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਸਿੱਖਾਂ ਦਾ ਖੁਰਾ-ਖੋਜ ਮਿਟਾ ਦੇਵੇ ਅਦੀਨਾ ਬੇਗ ਬੜਾ ਹੰਢਿਆ ਹੋਇਆ ਸਿਆਸਤਦਾਨ ਸੀ ਉਹ ਨਹੀਂ ਚਾਹੁੰਦਾ ਸੀ ਕਿ ਸਿੱਖ ਤਾਕਤ ਨੂੰ ਖ਼ਤਮ ਕਰ ਕੇ ਮੀਰ ਮੰਨੂ ਨੂੰ ਸਾਰੀ ਤਾਕਤ ਦੇ ਦਿੱਤੀ ਜਾਵੇ ਇਸ ਲਈ ਉਹ ਸਿੱਖਾਂ ਨੂੰ ਗੁਪਤ ਸੰਦੇਸ਼ ਭੇਜ ਕੇ ਹਾਲਾਤ ਤੋਂ ਜਾਣੂੰ ਕਰਵਾਉਂਦਾ ਰਹਿੰਦਾ ਸੀ ਪਰ ਸਿੱਖ ਉਨ੍ਹਾਂ ਦਿਨਾਂ ਵਿੱਚ ਜੰਗਲਾਂ ਵਿੱਚ ਵੱਖ-ਵੱਖ ਥਾਵਾਂ 'ਤੇ ਆਪਣੀਆਂ ਛੁਪਣਗਾਹਾਂ ਵਿੱਚ ਲੁਕੇ ਹੋਏ ਸਨ ਸਾਰੇ ਸੁਨੇਹੇ ਸਭ ਨੂੰ ਨਾ ਮਿਲ ਸਕੇ ਸਿੱਖ ਕਿਸੇ ਇੱਕ ਜਗ੍ਹਾ ਇਕੱਠੇ ਨਾ ਹੋ ਸਕੇ ਤੇ ਕੋਈ 'ਪੰਥਕ ਫ਼ੈਸਲਾ' ਨਾ ਲਿਆ ਜਾ ਸਕਿਆ ਜੱਸਾ ਸਿੰਘ ਜਲੰਧਰ ਦੇ ਫੌਜਦਾਰ ਨੂੰ ਸਹਾਇਤਾ ਦੇਣ ਲਈ ਸਹਿਮਤ ਹੋ ਗਿਆ ਇਸ ਲਈ ਜੱਸਾ ਸਿੰਘ ਨੂੰ ਕਮਾਂਡਰ ਬਣਾ ਦਿੱਤਾ ਗਿਆ ਇਸ ਹੈਸੀਅਤ ਵਿੱਚ ਜੱਸਾ ਸਿੰਘ ਦੇ ਦੀਵਾਨ ਕੌੜਾ ਮਲ ਨਾਲ ਚੰਗੇ ਸੰਬੰਧ ਬਣ ਗਏ ਅਤੇ ਕਈ ਸਿੱਖਾਂ ਨੂੰ ਜਲੰਧਰ ਡਿਵਿਜ਼ਨ ਵਿੱਚ ਅਹਿਮ ਅਹੁਦੇ ਵੀ ਮਿਲ ਗਏ ਪਰ ਇਹ ਪੁਜ਼ੀਸ਼ਨ ਬਹੁਤੀ ਦੇਰ ਬਣੀ ਨਾ ਰਹਿ ਸਕੀ
ਲਾਹੌਰ ਦੇ ਗਵਰਨਰ ਨੇ ਆਪਣੀ ਫੌਜ ਨੂੰ ਰਾਮ ਰੌਣੀ 'ਤੇ ਹਮਲਾ ਕਰਨ ਅਤੇ ਸਿੱਖਾਂ ਦਾ ਸਫ਼ਾਇਆ ਕਰਨ ਦਾ ਹੁਕਮ ਦਿੱਤਾ ਅਤੇ ਅਦੀਨਾ ਬੇਗ ਨੂੰ ਕਿਹਾ ਕਿ ਉਹ ਵੀ ਆਪਣੀ ਫੌਜ ਲੈ ਕੇ ਰਾਮ ਰੌਣੀ ਪਹੁੰਚੇ ਜਲੰਧਰ ਡਿਵੀਜ਼ਨ ਦੀ ਅਗਵਾਈ ਜੱਸਾ ਸਿੰਘ ਹੀ ਕਰ ਰਿਹਾ ਸੀ ਉਸ ਲਈ ਇਹ ਗੱਲ ਬੜੀ ਦੁੱਖਦਾਈ ਸੀ ਕਿ ਉਹ ਉਸ ਫੌਜ ਦੀ ਅਗਵਾਈ ਕਰੇ ਜੋ ਉਸ ਦੇ ਭਾਈਬੰਦਾਂ ਦੇ ਖ਼ਿਲਾਫ਼ ਲੜਨ ਜਾ ਰਹੀ ਸੀ ਚਾਰ ਮਹੀਨੇ ਤੱਕ ਮੁਗ਼ਲ ਫ਼ੌਜਾਂ ਨੇ ਰਾਮ ਰੌਣੀ ਨੂੰ ਘੇਰ ਪਾ ਕੇ ਰੱਖਿਆ ਅੰਦਰ ਰਾਸ਼ਨ ਪਾਣੀ ਖ਼ਤਮ ਹੋ ਗਿਆ ਜੱਸਾ ਸਿੰਘ ਨੇ ਰਾਮ ਰੌਣੀ ਵਿੱਚ ਫਸੇ ਸਿੱਖਾਂ ਨਾਲ ਸੰਪਰਕ ਕਾਇਮ ਕੀਤਾ ਅਤੇ ਖੁੱਲ੍ਹੇ ਆਮ ਉਨ੍ਹਾਂ ਨਾਲ ਮਿਲ ਜਾਣ ਦਾ ਐਲਾਨ ਕਰ ਦਿੱਤਾ ਇਸ ਨਾਲ ਘਿਰੇ ਹੋਏ ਸਿੱਖਾਂ ਨੂੰ ਬਹੁਤ ਰਾਹਤ ਮਿਲੀ ਦਲ ਖਾਲਸਾ ਵਿੱਚ ਹਰ ਸਿੱਖ ਨੇ ਜੱਸਾ ਸਿੰਘ ਦੀ ਬਹਾਦਰੀ ਤੇ ਹੌਸਲੇ ਦੀ ਪ੍ਰਸ਼ੰਸਾ ਕੀਤੀ ਜੱਸਾ ਸਿੰਘ ਨੇ ਦੀਵਾਨ ਕੌੜਾ ਮਲ ਦੀ ਸਹਾਇਤੀ ਨਾਲ ਰਾਮ ਰੌਣੀ ਦਾ ਘੇਰਾ ਵੀ ਖ਼ਤਮ ਕਰਵਾ ਦਿੱਤਾ ਰਾਮ ਰੌਣੀ ਨੂੰ ਮਜ਼ਬੂਤ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇਸ ਦਾ ਨਾਂ ਵੀ ਰਾਮਗੜ੍ਹ ਰੱਖ ਦਿੱਤਾ ਗਿਆ ਸ੍ਰ: ਜੱਸਾ ਸਿੰਘ ਨੂੰ ਇਸ ਕਿਲ੍ਹੇ 'ਰਾਮਗੜ੍ਹ' ਦਾ ਜਥੇਦਾਰ ਥਾਪ ਦਿੱਤਾ ਗਿਆ ਤੇ ਇਸ ਤੋਂ ਬਾਅਦ ਉਸ ਦਾ ਨਾਂ ਜੱਸਾ ਸਿੰਘ ਰਾਮਗੜ੍ਹੀਆ ਪੈ ਗਿਆ

ਮੀਰ ਮੰਨੂ ਨੇ ਸਿੱਖਾਂ ਦੇ ਖ਼ਿਲਾਫ਼ ਕਾਰਵਾਈਆਂ ਜਾਰੀ ਰੱਖੀਆਂ ਤੇ ਇੱਕ ਵਾਰੀ ਫਿਰ ਰਾਮਗੜ੍ਹ ਨੂੰ ਘੇਰ ਲਿਆ ਉਸ ਸਮੇਂ ਕਿਲ੍ਹੇ ਦੇ ਅੰਦਰ 900 ਸਿੱਖ ਸਨ ਸਿੱਖਾਂ ਨੇ ਬਹਾਦਰੀ ਨਾਲ ਲੜਦੇ ਹੋਏ ਆਪਣਾ ਰਸਤਾ ਬਣਾਇਆ ਮੀਰ ਮੰਨੂੰ ਦੀ ਫੌਜ ਨੇ ਇਸ ਕਿਲ੍ਹੇ ਨੂੰ ਢਾਹ-ਢੇਰੀ ਕਰ ਦਿੱਤਾ ਸਿੱਖਾਂ ਦੀ ਤਾਲਾਸ਼ ਵਿੱਚ ਚੱਪਾ-ਚੱਪਾ ਜਗ੍ਹਾ ਦੀ ਤਾਲਾਸ਼ੀ ਲਈ ਗਈ ਇਸ ਸਿਲਸਿਲਾ 1753 ਤੱਕ ਚੱਲਦਾ ਰਿਹਾ ਮੰਨੂੰ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਕੋਈ ਪ੍ਰਭਾਵਸ਼ਾਲੀ ਗਵਰਨਰ ਨਾ ਮਿਲ ਸਕਿਆ ਸਿੱਖਾਂ ਲਈ ਆਪਣੇ ਆਪ ਨੂੰ ਗਠਿਤ ਕਰਨ ਲਈ ਇਹ ਇੱਕ ਮੌਕਾ ਸੀ ਜੱਸਾ ਸਿੰਘ ਨੇ ਫਿਰ ਕਿਲ੍ਹਾ ਬਨਾਉਣਾ ਸ਼ੁਰੂ ਕਰ ਦਿੱਤਾ ਸਿੱਖ ਮਿਸਲਦਾਰਾਂ ਨੇ ਪੰਜਾਬ ਵਿੱਚ ਲੋਕਾਂ ਦੀ ਰਾਖੀ ਕਰਨ ਲਈ ਇੱਕ ਟੈਕਸ ਉਗਰਾਹੁਣਾ ਸ਼ੁਰੂ ਕਰ ਦਿੱਤਾ ਜਿਸ ਨੂੰ 'ਰਾਖੀ' ਕਿਹਾ ਜਾਂਦਾ ਸੀ

ਮੁਗ਼ਲ ਤਾਕਤ ਹੌਲੀ-ਹੌਲੀ ਖ਼ਤਮ ਹੋ ਰਹੀ ਸੀ ਉਹ ਪੰਜਾਬ ਵਿੱਚ ਆਪਣਾ ਗਵਰਨਰ ਨਿਯੁਕਤ ਕਰਨ ਤੋਂ ਅਸਮਰਥ ਸਨ ਅਹਿਮਦ ਸ਼ਾਹ ਅਬਦਾਲੀ ਦਾ ਪੁੱਤਰ ਤੈਮੂਰ 1757 ਵਿੱਚ ਪੰਜਾਬ ਦਾ ਗਵਰਨਰ ਬਣ ਗਿਆ ਉਸ ਨੇ ਸਿੱਖਾਂ ਨੂੰ ਰਾਮਗੜ੍ਹ ਤੋਂ ਬਾਹਰ ਕੱਢਣ ਲਈ ਪੂਰੀ ਵਾਹ ਲਾ ਦਿੱਤੀ ਉਸ ਨੇ ਇੱਕ ਵਾਰੀ ਫਿਰ ਰਾਮਗੜ੍ਹ ਨੂੰ ਢਾਹ ਦਿੱਤਾ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ ਗੋਲੀਆਂ ਨਾਲ ਉਡਾ ਦਿੱਤਾ ਤੇ ਪਵਿੱਤਰ ਸਰੋਵਰ ਨੂੰ ਦਰਬਾਰ ਸਾਹਿਬ ਦੇ ਮਲਬੇ ਨਾਲ ਪੂਰ ਦਿੱਤਾ ਗਵਰਨਰ ਨੂੰ ਜਲੰਧਰ ਦੇ ਫੌਜਦਾਰ ਅਦੀਨਾ ਬੇਗ਼ 'ਤੇ ਭਰੋਸਾ ਨਹੀਂ ਸੀ ਇਸ ਲਈ ਉਹ ਉਸ ਨੂੰ ਹਟਾਉਣਾ ਚਾਹੁੰਦਾ ਸੀ ਅਦੀਨਾ ਬੇਗ ਨੇ ਇਸ ਨਾਜ਼ੁਕ ਸਮੇਂ ਸਿੱਖਾਂ ਕੋਲੋਂ ਮਦਦ ਮੰਗੀ ਸਿੱਖਾਂ ਨੇ ਸਾਂਝੇ ਦੁਸ਼ਮਨ ਨੂੰ ਕਮਜ਼ੋਰ ਕਰਨ ਲਈ ਮਦਦ ਦਾ ਭਰੋਸਾ ਦਿਵਾਇਆ ਅਦੀਨਾ ਬੇਗ਼ ਨੇ ਗਵਰਨਰ ਤੈਮੂਰ ਦੀਆਂ ਫੌਜਾਂ ਨੂੰ ਸਿੱਖਾਂ ਦੀ ਮਦਦ ਨਾਲ ਹਰਾ ਦਿੱਤਾ ਅਤੇ ਆਪ ਪੰਜਾਬ ਦਾ ਗਵਰਨਰ ਬਣ ਗਿਆ ਸਿੱਖਾਂ ਨੇ ਫਿਰ ਰਾਮਗੜ੍ਹ ਦੀ ਤਾਮੀਰ ਸ਼ੁਰੂ ਕਰ ਦਿੱਤੀ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਮੁਰੰਮਤ ਸ਼ੁਰੂ ਕੀਤੀ ਪਰ ਅਦੀਨਾ ਬੇਗ ਨੂੰ ਪਤਾ ਸੀ ਕਿ ਜੇ ਉਸ ਨੇ ਸਿੱਖਾਂ ਨੂੰ ਹੋਰ ਤਾਕਤਵਰ ਹੋਣ ਦਿੱਤਾ ਤਾਂ ਉਹ ਉਸ ਦਾ ਹੀ ਸਫ਼ਾਇਆ ਕਰ ਦੇਣਗੇ ਇਸ ਲਈ ਉਸ ਨੇ ਇੱਕ ਵਾਰੀ ਫਿਰ ਰਾਮਗੜ੍ਹ 'ਤੇ ਹੱਲਾ ਬੋਲ ਦਿੱਤਾ ਸਿੱਖ ਬਹਾਦਰੀ ਨਾਲ ਲੜੇ ਪਰ ਵੱਡੀ ਫ਼ੌਜ ਦਾ ਮੁਕਾਬਲਾ ਕਰਨਾ ਮੁਸ਼ਕਿਲ ਸੀ ਇਸ ਲਈ ਉਨ੍ਹਾਂ ਨੇ ਕਿਲ੍ਹਾ ਖਾਲੀ ਕਰ ਦਿੱਤਾ 1758 ਵਿੱਚ ਬੇਗ ਦੀ ਮੌਤ ਹੋ ਗਈ
ਸਿੱਖਾਂ ਨੂੰ ਸਿੱਖ ਇਤਿਹਾਸ ਦਾ ਸਭ ਤੋਂ ਵੱਡਾ ਸਦਮਾ ਉਸ ਸਮੇਂ ਪਹੁੰਚਿਆ ਜਦੋਂ ਫਰਵਰੀ 1762 ਵਿੱਚ ਵੱਡਾ ਘੱਲੂਘਾਰਾ ਹੋਇਆ 40-50,000 ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਅਚਾਨਕ ਆ ਘੇਰਿਆ ਬੜਾ ਘਮਸਾਨ ਦਾ ਯੁੱਧ ਹੋਇਆ ਇਸ ਲੜਾਈ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦੇ ਜਿਸਮ 'ਤੇ ਲੱਗਭੱਗ 2 ਦਰਜਨ ਗਹਿਰੇ ਜ਼ਖ਼ਮ ਆਏ ਇਸ ਵੱਡੇ ਸਦਮੇ ਨੇ ਸਿੱਖਾਂ ਦੇ ਹੌਸਲੇ ਪਸਤ ਨਾ ਕੀਤੇ ਸਗੋਂ 17 ਅਕਤੂਬਰ, 1762 ਨੂੰ ਉਹ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਅਤੇ ਅਹਿਮਦ ਸ਼ਾਹ ਨੂੰ ਵੱਡੀ ਸ਼ਿਕੱਸਤ ਦਿੱਤੀ ਉਹ ਰਾਤ ਦੇ ਅੰਨ੍ਹੇਰੇ ਵਿੱਚ ਬਚ ਕੇ ਅਫ਼ਗ਼ਾਨਿਸਤਾਨ ਨੂੰ ਦੌੜ ਗਿਆ ਸਰਬੱਤ ਖਾਲਸਾ ਨੇ ਮਿਲ ਕੇ ਪੰਜਾਬ ਦੇ ਕਈ ਹਿੱਸਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਇਸ ਤੋਂ ਬਾਅਦ ਅਫ਼ਗ਼ਾਨੀਆਂ ਦੇ 1764 ਅਤੇ 1767 ਵਿੱਚ ਵੀ ਹਮਲੇ ਹੋਏ ਪਰ ਸਿੱਖਾਂ ਨੇ ਮੁੜਦੇ ਹੋਏ ਅਫ਼ਗ਼ਾਨੀਆਂ ਨੂੰ ਬਹੁਤ ਪ੍ਰੇਸ਼ਾਨ ਕੀਤਾ ਭਾਵੇਂ 1767 ਵਿੱਚ ਅਹਿਮਦ ਸ਼ਾਹ ਦਿੱਲੀ ਤੱਕ ਪਹੁੰਚ ਗਿਆ ਤੇ ਮਰਾਠਿਆਂ ਨੂੰ ਉਸ ਨੇ ਵੱਡੀ ਭਾਂਜ ਦਿੱਤੀ ਪਰ ਪੰਜਾਬ ਵਿੱਚ ਸਿੱਖਾਂ ਨੇ ਉਸ ਦਾ ਹਸ਼ਰ ਕਰ ਦਿੱਤਾ ਹੁਣ ਪੰਜਾਬ ਦੇ ਲੋਕ ਚਾਹੁੰਦੇ ਸਨ ਕਿ ਸਿੱਖ ਹੀ ਉਨ੍ਹਾਂ ਦੇ ਹਾਕਮ ਬਣਨ
ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅੰਮ੍ਰਿਤਸਰ ਦੇ ਉੱਤਰ ਵਿੱਚ ਪੈਣ ਵਾਲੇ ਇਲਾਕਿਆਂ ਦਾ ਹਾਕਮ ਸੀ
ਇਹ ਇਲਾਕੇ ਰਾਵੀ ਅਤੇ ਬਿਆਸ ਦਰਿਆਵਾਂ ਦੇ ਦਰਮਿਆਨ ਪੈਂਦੇ ਸਨ ਉਸ ਨੇ ਇਸ ਵਿੱਚ ਜਲੰਧਰ ਅਤੇ ਕਾਂਗੜਾ ਦਾ ਇਲਾਕਾ ਵੀ ਸ਼ਾਮਲ ਕਰ ਲਿਆ ਸੀ ਉਸ ਨੇ ਸ੍ਰੀ ਹਰਗੋਬਿੰਦਪੁਰ, ਜਿਸ ਦੀ ਸਥਾਪਨਾ ਛੇਵੇਂ ਗੁਰੂ ਸ੍ਰੀ ਗੁਰੂ ਗਰਗੋਬਿੰਦ ਸਾਹਿਬ ਨੇ ਕੀਤੀ ਸੀ, ਨੂੰ ਆਪਣੀ ਰਾਜਧਾਨੀ ਬਣਾਇਆ ਹੁਣ ਹਾਲਤ ਇਹ ਸੀ ਕਿ ਬਾਕੀ ਦੀਆਂ ਸਿੱਖ ਮਿਸਲਾਂ ਦੇ ਸਰਦਾਰ ਇਹ ਨਹੀਂ ਸਨ ਚਾਹੁੰਦੇ ਕਿ ਸ੍ਰ: ਜੱਸਾ ਸਿੰਘ ਹੋਰ ਤਾਕਤਵਰ ਬਣੇ ਆਪਸੀ ਈਰਖਾ ਕਾਰਨ ਜੈ ਸਿੰਘ ਨਕਈ ਅਤਰੇ ਜੱਸਾ ਸਿੰਘ ਦਰਮਿਆਨ ਤਿੱਖਾ ਮੱਤਭੇਦ ਪੈਦਾ ਹੋ ਗਿਆ ਭੰਗੀ ਸਰਦਾਰਾਂ ਦੇ ਵੀ ਜੈ ਸਿੰਘ ਨਾਲ ਮੱਤਭੇਦ ਪੈਦਾ ਹੋ ਗਏ ਆਪਸੀ ਈਰਖਾ ਕਾਰਨ ਸਿੱਖ ਸਰਦਾਰਾਂ ਦਰਮਿਆਨ ਲੜਾਈਆਂ ਰੋਜ਼ ਦਿਹਾੜੇ ਦਾ ਕੰਮ ਹੀ ਬਣ ਗਿਆ ਸੀ 1776 ਵਿੱਚ ਭੰਗੀ ਮਿਸਲ ਨੇ ਕਨ੍ਹਈਆ ਮਿਸਲ ਨਾਲ ਗੱਠਜੋੜ ਕਰ ਲਿਆ ਅਤੇ ਜੱਸਾ ਸਿੰਘ ਨੂੰ ਉਸ ਦੀ ਰਾਜਧਾਨੀ ਹਰਗੋਬਿੰਦਪੁਰ ਵਿੱਚੋਂ ਖਦੇੜ ਦਿੱਤਾ ਉਸ ਨੂੰ ਆਪਣੇ ਸਾਰੇ ਇਲਾਕੇ ਛੱਡਣ ਲਈ ਮਜਬੂਰ ਹੋਣਾ ਪਿਆ ਉਸ ਨੇ ਸਤਲੁੱਜ ਦਰਿਆ ਪਾਰ ਕਰ ਕੇ ਪਟਿਆਲਾ ਦੇ ਹਾਕਮ ਅਮਰ ਸਿੰਘ ਕੋਲ ਪਨਾਹ ਲਈ ਜੱਸਾ ਸਿੰਘ ਰਾਮਗੜ੍ਹੀਆ ਨੇ ਹੁਣ ਹਿਸਾਰ ਅਤੇ ਹਾਂਸੀ 'ਤੇ ਕਬਜ਼ਾ ਕਰ ਲਿਆ 1783 ਵਿੱਚ ਜੱਸਾ ਸਿੰਘ ਦਿੱਲੀ ਵਿੱਚ ਜਾ ਵੜਿਆ ਮੁਗ਼ਲ ਬਾਦਸ਼ਾਹ ਸ਼ਾਹ ਆਲਮ ਦੂਸਰਾ ਬੇਬੱਸ ਸੀ ਉਹ ਸਿੱਖਾਂ ਨਾਲ ਲੋਹਾ ਲੈਣ ਦੀ ਤਾਕਤ ਨਹੀਂ ਸੀ ਰੱਖਦਾ ਇਸ ਲਈ ਉਸ ਨੇ ਸਿੱਖਾਂ ਦਾ ਸੁਆਗਤ ਕੀਤਾ ਅਤੇ ਕੀਮਤੀ ਤੋਹਫ਼ੇ ਜੱਸਾ ਸਿੰਘ ਰਾਮਗੜ੍ਹੀਆ ਨੂੰ ਦਿੱਤੇ ਦਿੱਲੀ ਦੇ ਆਸਪਾਸ ਦੇ ਮੁਸਲਮਾਨ ਨਵਾਬ ਜੱਸਾ ਸਿੰਘ ਰਾਮਗੜ੍ਹੀਆ ਦੀ ਸ਼ਰਨ ਵਿੱਚ ਆਏ ਮੇਰਠ ਦੇ ਨਵਾਬ ਨੇ ਜੱਸਾ ਸਿੰਘ ਨੂੰ 10,000 ਰੁਪਏ ਨਜ਼ਰਾਨੇ ਵਿੱਚ ਦਿੱਤੇ ਜਿਸ ਦੇ ਇਵਜ਼ ਵਿੱਚ ਜੱਸਾ ਸਿੰਘ ਨੇ ਉਸ ਦੇ ਇਲਾਕੇ ਉਸ ਨੂੰ ਵਾਪਸ ਦੇ ਦਿੱਤੇ 1783 ਵਿੱਚ ਜੱਸਾ ਸਿੰਘ ਆਹਲੂਵਾਲੀਆ ਦੀ ਮੌਤ ਹੋ ਗਈ ਜੱਸਾ ਸਿੰਘ ਰਾਮਗੜ੍ਹੀਆ ਪੰਜਾਬ ਵਾਪਸ ਆ ਗਿਆ ਅਤੇ ਆਪਣੇ ਖੁਸੇ ਹੋਏ ਇਲਾਕਿਆਂ 'ਤੇ ਦੋਬਾਰਾ ਕਬਜ਼ਾ ਕਰ ਲਿਆ ਹੁਣ ਜੱਸਾ ਸਿੰਘ ਰਾਮਗੜ੍ਹੀਆ ਨੇ ਸ਼ੁਕਰਚਕੀਆ ਮਿਸਲ ਵੱਲ ਦੋਸਤੀ ਦਾ ਹੱਥ ਵਧਾਇਆ ਤੇ ਦੋਹਾਂ ਨੇ ਮਿਲ ਕੇ ਕਨ੍ਹਈਆ ਮਿਸਲ ਦੀ ਤਾਕਤ ਦਾ ਖ਼ਾਤਮਾ ਕਰ ਦਿੱਤਾ ਰਾਮਗੜ੍ਹੀਆ ਕੋਲ ਆਪਣੀ ਚੜ੍ਹਤ ਦੇ ਦਿਨਾ ਵਿੱਚ ਬਾਰੀ ਦੋਆਬ ਵਿੱਚ ਬਟਾਲਾ, ਕਲਾਨੌਰ, ਦੀਨਾਨਗਰ, ਸ੍ਰੀ ਹਰਗੋਬਿੰਦਪੁਰ, ਸ਼ਾਹਪੁਰ ਕੰਡੀ, ਗੁਰਦਾਸਪੁਰ, ਕਾਦੀਆਂ, ਘੁਮਾਨ, ਮੱਤੇਵਾਲ, ਅਤੇ ਜਲੰਧਰ ਵਿੱਚ ਉੜਮੁੜ ਟਾਂਡਾ, ਮਿਆਣੀ, ਗੜ੍ਹਦੀਵਾਲ ਅਤੇ ਜ਼ਹੂਰਾ ਸਨ ਪਹਾੜੀ ਇਲਾਕਿਆਂ ਵਿੱਚ ਇਸ ਮਿਸਲ ਕੋਲ ਕਾਂਗੜਾ, ਨੂਰਪੁਰ, ਮੰਡੀ ਸਨ ਅਤੇ ਚੰਬਾ ਦਾ ਹਿੰਦੂ ਰਾਜ ਉਸ ਨੂੰ ਨਜ਼ਰਾਨਾ ਪੇਸ਼ ਕਰਦਾ ਸੀ 80 ਸਾਲ ਦੀ ਉਮਰ ਵਿੱਚ ਜੱਸਾ ਸਿੰਘ ਰਾਮਗੜ੍ਹੀਆ ਦਾ 1803 ਵਿੱਚ ਦੇਹਾਂਤ ਹੋ ਗਿਆ ਉਸ ਦੇ ਦੋ ਪੁੱਤਰ ਸਨ: ਜੋਧ ਸਿੰਘ ਅਤੇ ਬੀਰ ਸਿੰਘ ਜੋਧ ਸਿੰਘ ਰਾਮਗੜ੍ਹੀਆ ਮਿਸਲ ਦਾ ਵਾਰਸ ਬਣਿਆਂ ਉਸ ਨੇ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਵਿੱਚ ਬੁੰਗਾ ਰਾਗੜ੍ਹੀਆਂ ਬਣਵਾਇਆ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਰਾਮਗੜ੍ਹੀਆ ਮਿਸਲ ਦੇ ਇਲਾਕਿਆਂ ਨੂੰ ਆਪਣੀ ਬਾਦਸ਼ਾਹਤ ਵਿੱਚ ਸ਼ਾਮਲ ਕਰ ਲਿਆ ਉਸੇ ਸਾਲ ਹੀ ਮਹਾਰਾਜੇ ਨੇ ਰਾਮਗੜ੍ਹ ਦੇ ਕਿਲ੍ਹੇ 'ਤੇ ਕਬਜ਼ਾ ਕਰ ਲਿਆ ਜੱਸਾ ਸਿੰਘ ਰਾਮਗੜ੍ਹੀਆ ਦੇ ਵਾਰਸਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਪੈਨਸ਼ਨਾਂ ਨਾਲ ਨਿਵਾਜਿਆ