ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਲਾਸਾਨੀ ਸਿੱਖ ਸ਼ਹਾਦਤਾਂ ਦੀ ਯਾਦ ਦਿਵਾਉਂਦਾ ਹੈ ਛੋਟਾ ਘੱਲੂਘਾਰਾ


ਜ਼ਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਨਵਾਬ ਕਪੂਰ ਸਿੰਘ ਜੀ ਨੇ 14 ਅਕਤੂਬਰ, 1745 ਈ: ਨੂੰ ਸਿੰਘਾਂ ਦੇ 25 ਜਥੇ ਬਣਾ ਕੇ 25 ਜਥੇਦਾਰ ਨਿਯੁਕਤ ਕਰ ਦਿੱਤੇ। ਇਹ ਸ: ਸ਼ਾਮ ਸਿੰਘ ਨਾਰੋਕੇ, ਸ: ਚੰਦਾ ਸਿੰਘ ਸ਼ੁਕਰਚੱਕ, ਸ: ਗੁਰਦਿਆਲ ਸਿੰਘ ਡੱਲੇਵਾਲ, ਸ: ਖਿਆਲਾ ਸਿੰਘ, ਸ: ਕਾਲਾ ਸਿੰਘ ਕੰਗ, ਸ: ਜੱਸਾ ਸਿੰਘ ਆਹਲੂਵਾਲੀਆ, ਸ: ਧਰਮ ਸਿੰਘ, ਸ: ਹਰੀ ਸਿੰਘ ਭੰਗੀ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਸ: ਜੈ ਸਿੰਘ, ਸ: ਹੀਰਾ ਸਿੰਘ ਨਕੱਈ, ਸ: ਸਦਾ ਸਿੰਘ, ਸ: ਅੱਘੜ ਸਿੰਘ, ਸ: ਸੁੱਖਾ ਸਿੰਘ ਮਾੜੀਕੰਬੋ, ਸ: ਮਦਨ ਸਿੰਘ, ਸ: ਬਾਘ ਸਿੰਘ ਆਹਲੂਵਾਲੀਆ, ਸ: ਛੱਜਾ ਸਿੰਘ ਪੰਜਵੜ, ਸ: ਧੀਰ ਸਿੰਘ, ਸ: ਕਰਮ ਸਿੰਘ ਨਾਰਲੀ ਅਤੇ ਸ: ਭੂਪਾ ਸਿੰਘ ਸਨ।
ਯਹੀਆ ਖ਼ਾਨ ਦੇ ਸਮੇਂ ਦੀਵਾਨ ਲੱਖਪਤ ਰਾਏ ਦਾ ਭਰਾ ਜਸਪਤ ਰਾਏ ਏਮਨਾਬਾਦ ਦਾ ਫ਼ੌਜਦਾਰ ਸੀ। ਇਹ ਦੋਨੋਂ ਖੱਤਰੀ ਭਰਾ ਕਲਾਨੌਰ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਸਨ। ਇਸੇ ਸਮੇਂ ਸਿੱਖਾਂ ਦਾ ਇਕ ਜਥਾ ਵੈਰੀਆਂ ਨਾਲ ਮੁਕਾਬਲਾ ਕਰਦਾ ਹੋਇਆ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਵਿਚ ਬਣੇ ਗੁਰਦੁਆਰਾ ਰੋੜੀ ਸਾਹਿਬ ਏਮਨਾਬਾਦ ਦੇ ਦਰਸ਼ਨ ਕਰਨ ਲਈ ਪਹੁੰਚਿਆ। ਜਦ ਸਿੱਖਾਂ ਦੇ ਜਥੇ ਦਾ ਰੋੜੀ ਸਾਹਿਬ ਪਹੁੰਚਣ ਬਾਰੇ ਜਸਪਤ ਰਾਏ ਨੂੰ ਪਤਾ ਲੱਗਿਆ ਤਾਂ ਜਸਪਤ ਰਾਏ ਨੇ ਫ਼ੌਜਾਂ ਤੇ ਧਾੜਵੀਆਂ ਨੂੰ ਨਾਲ ਲੈ ਕੇ ਸਿੱਖਾਂ ਦੇ ਜਥੇ ਨੂੰ ਏਮਨਾਬਾਦ ਵਿਚੋਂ ਨਿਕਲ ਜਾਣ ਲਈ ਕਿਹਾ। ਪਰ ਜਥੇ ਦੇ ਸਿੰਘਾਂ ਨੇ ਉਥੇ ਹੀ ਰਾਤ ਕੱਟਣ ਦਾ ਫ਼ੈਸਲਾ ਕੀਤਾ। ਜਥੇ ਦੇ ਸਿੰਘ ਲੰਗਰ ਬਣਾਉਣ ਦੀ ਤਿਆਰੀ ਵਿਚ ਹੀ ਸਨ ਕਿ ਜਸਪਤ ਰਾਏ ਨੇ ਸਿੰਘਾਂ 'ਤੇ ਹਮਲਾ ਕਰ ਦਿੱਤਾ। ਹੁਣ ਸਿੰਘਾਂ ਨੇ ਭੁੱਖੇ ਮਰਨ ਨਾਲੋਂ ਲੜ ਕੇ ਮਰਨ ਦਾ ਫ਼ੈਸਲਾ ਕੀਤਾ ਅਤੇ ਲੰਗਰ ਦਾ ਪ੍ਰਬੰਧ ਛੱਡ ਕੇ ਜੈਕਾਰੈ ਗਜਾਉਂਦੇ ਤਕੜੇ ਹੋ ਕੇ ਜਸਪਤ ਦੀ ਫ਼ੌਜ ਦਾ ਟਾਕਰਾ ਕਰਨ ਲੱਗ ਪਏ। ਜਸਪਤ ਹਾਥੀ 'ਤੇ ਸਵਾਰ ਸੀ। ਭਾਈ ਨਿਬਾਹੂ ਸਿੰਘ ਰੰਘਰੇਟਾ ਹਾਥੀ ਦੀ ਪੂਛ ਫੜ ਕੇ ਹਾਥੀ 'ਤੇ ਚੜ੍ਹਿਆ ਅਤੇ ਜਸਪਤ ਰਾਏ ਦਾ ਸਿਰ ਵੱਢ ਲਿਆਇਆ। ਜਸਪਤ ਰਾਏ ਦੀਆਂ ਫ਼ੌਜਾਂ ਨੇ ਜਦ ਜਸਪਤ ਰਾਏ ਨੂੰ ਮਰਿਆ ਵੇਖਿਆ ਤਾਂ ਫ਼ੌਜ ਵਿਚ ਹਫ਼ੜਾ-ਦਫ਼ੜੀ ਮੱਚ ਗਈ। ਉਸ ਦੇ ਸਾਥੀ ਜਾਨ ਬਚਾਉਣ ਲਈ ਜਿੱਧਰ ਰਾਹ ਮਿਲਿਆ, ਭੱਜ ਨਿਕਲੇ। ਹੁਣ ਜਸਪਤ ਰਾਏ ਦਾ ਸਿਰ ਸਿੰਘਾਂ ਕੋਲ ਸੀ। ਇਹ ਘਟਨਾ ਮਾਰਚ 1746 ਨੂੰ ਵਾਪਰੀ।
ਜਦ ਲਖਪਤ ਰਾਏ ਨੂੰ ਜਸਪਤ ਰਾਏ ਦੇ ਮਾਰੇ ਜਾਣ ਬਾਰੇ ਪਤਾ ਲੱਗਿਆ ਤਾਂ ਬਹੁਤ ਔਖਾ ਹੋਇਆ। ਯਹੀਆ ਖ਼ਾਨ ਕੋਲ ਜਾ ਕੇ ਰੋਇਆ-ਪਿੱਟਿਆ ਅਤੇ ਆਪਣੀ ਪੱਗ ਉਤਾਰੀ ਤੇ ਪਾਨ ਦਾ ਬੀੜਾ ਚੱਕ ਕੇ ਕਸਮ ਖਾਧੀ ਕਿ ਉਹ ਉਸ ਦਿਨ ਤੱਕ ਪਗੜੀ ਸਿਰ ਉਤੇ ਨਹੀਂ ਰੱਖੇਗਾ ਜਦ ਤੱਕ ਸਿੰਘਾਂ ਨੂੰ ਮੁਕਾ ਨਹੀਂ ਲੈਂਦਾ। ਲਖਪਤ ਰਾਏ ਹੰਕਾਰ ਵਿਚ ਬੋਲਿਆ ਕਿ ਸਿੱਖੀ ਇਕ ਖੱਤਰੀ ਨੇ ਸ਼ੁਰੂ ਕੀਤੀ ਸੀ ਤੇ ਹੁਣ ਇਕ ਖੱਤਰੀ ਹੀ ਮੁਕਾਏਗਾ।' ਯਹੀਆ ਖ਼ਾਨ ਖੁਸ਼ ਸੀ। ਉਸ ਨੂੰ ਹੋਰ ਕੀ ਚਾਹੀਦਾ ਸੀ ਕਿ ਇਕ ਹਿੰਦੂ ਖੱਤਰੀ ਸਿੱਖਾਂ ਨੂੰ ਖ਼ਤਮ ਕਰਨ ਦਾ ਤਹੱਈਆ ਕਰ ਰਿਹਾ ਹੈ। ਯਹੀਆ ਖ਼ਾਨ ਨੇ ਵੀ ਸਿੱਖਾਂ ਨੂੰ ਕਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਅਤੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ।
ਜਦੋਂ ਲਾਹੌਰ ਵਿਚ ਇਸ ਤਰ੍ਹਾਂ ਹਕੂਮਤ ਵੱਲੋਂ ਕਤਲ ਕੀਤੇ ਜਾਣ ਬਾਰੇ ਲੋਕਾਂ ਨੇ ਸੁਣਿਆ ਤਾਂ ਸਾਰੇ ਪਾਸੇ ਰੌਲਾ ਪੈ ਗਿਆ, ਹਾਹਾਕਾਰ ਮੱਚ ਗਈ। ਦੀਵਾਨ ਲਖਪਤ ਰਾਏ ਨੇ ਲਾਹੌਰ ਸ਼ਹਿਰ ਦੇ ਸਰਕਾਰੀ ਮੁਲਾਜ਼ਮਾਂ ਅਤੇ ਲਾਹੌਰ ਦੇ ਵਸਨੀਕ ਸਿੱਖਾਂ ਨੂੰ ਫੜ ਲਿਆ ਅਤੇ ਉਨ੍ਹਾਂ ਨੂੰ 10 ਮਾਰਚ, 1746 ਨੂੰ ਕਤਲ ਕਰਨ ਦਾ ਸਮਾਂ ਨਿਰਧਾਰਿਤ ਕੀਤਾ। ਇਹ ਭਿਆਨਕ ਖ਼ਬਰ ਸੁਣ ਕੇ ਦੀਵਾਨ ਕੌੜਾ ਮੱਲ, ਦੀਵਾਨ ਲੱਛਾ ਰਾਮ ਨੇ ਕੁੱਝ ਧਰਮੀ ਬੰਦਿਆਂ ਨਾਲ ਗੱਲ ਸਾਂਝੀ ਕੀਤੀ ਕਿ ਦੀਵਾਨ ਲਖਪਤ ਰਾਏ ਨੂੰ ਮਿਲਿਆ ਜਾਵੇ ਤਾਂ ਜੋ ਉਹ ਇਹ ਜ਼ੁਲਮ ਨਾ ਕਰੇ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ। ਅਜਿਹੀ ਭਿਆਨਕ ਖ਼ਬਰ ਸੁਣ ਕੇ ਦੀਵਾਨ ਕੌੜਾ ਮੱਲ, ਦੀਵਾਨ ਲੱਛਾ ਰਾਮ, ਕਸ਼ਮੀਰੀ ਮੱਲ, ਦੀਵਾਨ ਸੂਰਤ ਸਿੰਘ, ਦਿਲਾ ਰਾਮ, ਹਰੀ ਰਾਮ, ਹਰੀ ਮੱਲ, ਬਹਿਲੂ ਮੱਲ, ਹਰੀ ਸਿੰਘ, ਗੁਲਜ਼ਾਰ ਸਿੰਘ, ਚੌਧਰੀ ਜਵਾਹਰ ਮੱਲ, ਪੰਡਿਤ ਸੂਰਤਾ ਰਾਮ, ਭਾਈ ਦੇਸ ਰਾਜ, ਗੋਸਾਈ ਜਗਤ ਭਗਤ ਜੀ ਜੋ ਪ੍ਰਿਥੀ ਗੋਸਾਈ ਦੀ ਗੱਦੀ 'ਤੇ ਬੈਠੇ ਸਨ, ਨੂੰ ਨਾਲ ਲੈ ਕੇ ਇਕ ਵਫ਼ਦ ਦੇ ਰੂਪ 'ਚ ਲਖਪਤ ਰਾਏ ਨੂੰ ਲਾਹੌਰ 'ਚ ਮਿਲੇ ਤੇ ਕਿਹਾ ਕਿ ਉਹ ਬੇਦੋਸ਼ਿਆਂ ਦਾ ਖੂਨ ਨਾ ਕਰੇ।
ਲਖਪਤ ਰਾਏ ਨੇ ਕਿਸੇ ਦੀ ਕੋਈ ਗੱਲ ਨਾ ਮੰਨੀ ਅਤੇ ਕਿਹਾ ਕਿ ਤੁਹਾਨੂੰ ਇਨ੍ਹਾਂ ਗੱਲਾਂ ਦਾ ਨਹੀਂ ਪਤਾ, ਤੁਸੀਂ ਡੇਰੇ ਹੀ ਬੈਠਿਆ ਕਰੋ। ਲਖਪਤ ਰਾਏ ਨੇ ਵਫ਼ਦ ਨੂੰ ਜਵਾਬ ਦੇ ਕੇ ਵਾਪਸ ਭੇਜ ਦਿੱਤਾ ਅਤੇ ਸਿੱਖਾਂ ਨੂੰ ਪੂਰਨ ਤੌਰ 'ਤੇ ਖ਼ਤਮ ਕਰਨ ਲਈ ਸਿੱਖਾਂ ਦੇ ਮਗਰ ਪੈ ਗਿਆ ਅਤੇ ਡੋਂਡੀ ਪਿਟਵਾ ਦਿੱਤੀ ਕਿ ਕੋਈ ਗੁਰੂ ਦਾ ਨਾਂਅ ਨਾ ਲਵੇ। ਗੁੜ ਵੀ ਗੁਰੂ ਦਾ ਨਾਮ ਯਾਦ ਕਰਵਾਉਂਦਾ ਹੈ, ਇਸ ਲਈ ਗੁੜ ਨੂੰ ਰੋੜੀ ਕਿਹਾ ਜਾਏ, ਗੁਰਬਾਣੀ ਕੋਈ ਨਾ ਪੜੇ, ਗ੍ਰੰਥ ਕੋਈ ਨਾ ਆਖੇ, ਪੋਥੀ ਆਖਿਆ ਜਾਏ। ਲਖਪਤ ਰਾਏ ਨੇ ਧਾਰਮਿਕ ਪੋਥੀਆਂ ਇਕੱਠੀਆਂ ਕਰਵਾ ਕੇ ਉਨ੍ਹਾਂ ਨੂੰ ਅੱਗ ਲਗਵਾ ਦਿੱਤੀ ਤੇ ਸੈਂਕੜੇ ਧਰਮਸ਼ਾਲਾਵਾਂ ਨੂੰ ਢਾਹ ਦਿੱਤਾ।
ਲਖਪਤ ਰਾਏ ਨੇ ਸਿੱਖਾਂ ਨੂੰ ਕਤਲ ਕਰਨ ਲਈ 10 ਮਾਰਚ, 1746 ਈ: ਦਾ ਦਿਨ ਮੁਕੱਰਰ ਕੀਤਾ ਸੀ। ਉਸ ਦਿਨ ਸੋਮਵਾਰੀ ਮੱਸਿਆ ਸੀ। ਲਾਹੌਰ ਦੇ ਹਿੰਦੂ ਲਖਪਤ ਦੇ ਕੋਲ ਗਏ ਤੇ ਕਿਹਾ ਕਿ ਸੋਮਵਾਰੀ ਮੱਸਿਆ ਕਈ ਸਾਲਾਂ ਬਾਅਦ ਆਈ ਹੈ, ਉਹ ਇਸ ਦਿਨ ਇਹ ਜ਼ੁਲਮ ਨਾ ਕਰੇ ਪਰ ਲਖਪਤ ਰਾਏ ਨੇ ਇਸ ਵਫ਼ਦ ਨੂੰ ਵੀ ਵਾਪਸ ਨਿਰਾਸ਼ ਕਰਕੇ ਭੇਜ ਦਿੱਤਾ। ਉਸ ਦਿਨ ਸਾਰੇ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ।
ਸਿੰਘਾਂ ਨੇ ਲਾਹੌਰ ਵਿਚ ਸਿੱਖਾਂ ਦੇ ਕਤਲੇਆਮ ਤੋਂ ਬਾਅਦ ਕਾਹਨੂੰਵਾਨ ਦੇ ਜੰਗਲਾਂ ਵੱਲ ਚਾਲੇ ਪਾ ਦਿੱਤੇ। ਇਸ ਸਮੇਂ 15 ਹਜ਼ਾਰ ਖਾਲਸਾ ਨਵਾਬ ਕਪੂਰ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆਂ, ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਜਥੇਦਾਰੀ ਹੇਠ ਇਕੱਠਾ ਹੋਇਆ ਸੀ। ਯਹੀਆਂ ਖ਼ਾਨ ਤੇ ਲਖਪਤ ਰਾਏ ਨੇ ਇਕ ਭਾਰੀ ਫ਼ੌਜ ਲੈ ਕੇ ਕਾਹਨੂੰਵਾਨ ਦੇ ਛੰਬ ਨੂੰ ਘੇਰਾ ਪਾ ਲਿਆ। ਫ਼ੌਜ ਦੇ ਕੋਲ ਤੋਪਾਂ, ਜੰਬੂਰੇ ਅਤੇ ਹੋਰ ਕਈ ਹਥਿਆਰ ਸਨ। ਮੁਗ਼ਲ ਫ਼ੌਜਾਂ ਨੂੰ ਜੰਗਲ ਵਿਚ ਵੜਨਾ ਮੁਸ਼ਕਿਲ ਸੀ, ਇਸ ਲਈ ਜੰਗਲ ਨੂੰ ਅੱਗ ਲਵਾ ਦਿੱਤੀ ਗਈ ਅਤੇ ਤੋਪਾਂ ਦੇ ਮੂੰਹ ਜੰਗਲ ਵੱਲ ਖੋਲ੍ਹ ਦਿੱਤੇ ਗਏ। ਇਕ ਪਾਸੇ ਜੰਗਲਾਂ ਨੂੰ ਅੱਗ, ਦੂਜੇ ਪਾਸੇ ਤੋਪਾਂ ਅੱਗ ਵਰਾਹ ਰਹੀਆਂ ਸਨ। ਮੁਗ਼ਲ ਫ਼ੌਜਾਂ ਨੇ ਤੋਪਾਂ ਦੀ ਮਦਦ ਨਾਲ ਸਿੱਖਾਂ ਨੂੰ ਕਾਹਨੂੰਵਾਨ ਵਿਚੋਂ ਕੱਢ ਕੇ ਰਾਵੀ ਵੱਲ ਨੂੰ ਧੱਕ ਦਿੱਤਾ। ਇਕ ਪਾਸੇ ਦਰਿਆ ਰਾਵੀ, ਦੂਜੇ ਪਾਸੇ ਪਹਾੜ ਸਨ। ਬਾਕੀ ਸਾਰੇ ਰਾਹ ਸ਼ਾਹੀ ਫ਼ੌਜ ਨੇ ਰੋਕੇ ਹੋਏ ਸਨ। ਸਿੰਘਾਂ ਲਈ ਸ਼ਾਹੀ ਫ਼ੌਜਾਂ ਵਿਰੁੱਧ ਜੰਮ ਕੇ ਲੜਨਾ ਔਖਾ ਹੋਇਆ ਪਿਆ ਸੀ। ਸਿੰਘ ਕਈ ਦਿਨਾਂ ਦੇ ਭੁੱਖੇ-ਪਿਆਸੇ ਸਨ। ਸਿੰਘਾਂ ਨੇ ਰਾਤ ਨੂੰ ਦੁਸ਼ਮਣ ਦੀ ਫ਼ੌਜ 'ਤੇ ਹਮਲਾ ਕਰਨਾ ਅਤੇ ਜੋ ਹੱਥ ਲਗਣਾ, ਲੈ ਜਾਣਾ ਪਰ ਇਹ ਕਿੰਨੇ ਕੁ ਦਿਨ ਚਲਦਾ? ਫ਼ੈਸਲਾ ਹੋਇਆ ਕਿ ਬਸੌਲੀ ਦੀਆਂ ਪਹਾੜੀਆਂ ਵੱਲ ਜਾਇਆ ਜਾਵੇ ਪਰ ਉਥੇ ਪਹਿਲਾਂ ਹੀ ਸ਼ਾਹੀ ਫੁਰਮਾਨ ਪਹੁੰਚ ਚੁੱਕੇ ਸਨ ਕਿ ਸਿੱਖਾਂ ਨੂੰ ਕੋਈ ਟਿਕਾਣਾ ਨਾ ਦਿੱਤਾ ਜਾਵੇ। ਬਸੌਲੀ ਦੇ ਹਿੰਦੂ ਪਹਾੜੀ ਲੋਕਾਂ ਵੱਲੋਂ ਸਿੱਖਾਂ 'ਤੇ ਇੱਟਾਂ, ਪੱਥਰ ਅਤੇ ਗੋਲੀਆਂ ਵਰ੍ਹਾਈਆਂ ਗਈਆਂ। ਆਖਿਰ ਇਹ ਵਿਚਾਰ ਬਣੀ ਕਿ ਇਕ ਜਥਾ ਪਹਾੜੀ 'ਤੇ ਚੜ੍ਹੇ, ਦੂਜਾ ਰਾਵੀ ਪਾਰ ਕਰੇ ਅਤੇ ਤੀਜਾ ਭਾਈ ਸੁੱਖਾ ਸਿੰਘ ਮਾੜੀ ਕੰਬੋ ਦੀ ਅਗਵਾਈ ਵਿਚ ਲਖਪਤ ਰਾਏ ਦਾ ਟਾਕਰਾ ਕਰੇ। ਸ: ਗੁਰਦਿਆਲ ਸਿੰਘ ਤੇ ਸ: ਹਰਦਿਆਲ ਸਿੰਘ ਡੱਲੇਵਾਲ ਦੋਵਾਂ ਭਰਾਵਾਂ ਨੇ ਦਰਿਆ ਵਿਚ ਘੋੜੇ ਠੇਲ੍ਹ ਦਿੱਤੇ, ਉਥੇ ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਉਹ ਦੋਨੋਂ ਰੁੜ੍ਹ ਗਏ। ਇਥੇ ਹੀ ਕੁਝ ਹੋਰ ਸਿੰਘ ਵੀ ਦਰਿਆ ਦੀ ਭੇਟ ਚੜ੍ਹ ਗਏ। ਕੁਝ ਸਿੰਘ ਪਹਾੜੀਆਂ ਉਤੇ ਚੜ੍ਹ ਗਏ ਅਤੇ ਕੁੱਲੂ ਮੰਡੀ ਵੱਲ ਨਿਕਲ ਗਏ। ਇਹ ਸਿੰਘ ਮੁਸੀਬਤਾਂ ਝਲਦੇ ਹੋਏ ਛੇ ਮਹੀਨਿਆਂ ਬਾਅਦ ਕੀਰਤਪੁਰ ਸਾਹਿਬ ਦੇ ਸਿੰਘਾਂ ਨੂੰ ਜਾ ਮਿਲੇ। ਜਿਨ੍ਹਾਂ ਘੋੜ ਸਵਾਰ ਸਿੰਘਾਂ ਨੇ ਦੁਸ਼ਮਣ ਦੀਆਂ ਗੁਫ਼ਾਵਾਂ ਚੀਰ ਕੇ ਲੰਘਣ ਦਾ ਯਤਨ ਕੀਤਾ, ਉਨ੍ਹਾਂ ਵਿਚੋਂ ਕਾਫ਼ੀ ਗੋਲੀਆਂ ਦਾ ਸ਼ਿਕਾਰ ਹੋ ਗਏ।
ਨਵਾਬ ਕਪੂਰ ਸਿੰਘ ਜਥੇ ਦੀ ਅਗਵਾਈ ਕਰ ਰਹੇ ਸਨ, ਸ: ਜੱਸਾ ਸਿੰਘ ਆਹਲੂਵਾਲੀਆ ਇਕ ਪਾਸੇ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਸਨ ਤੇ ਦੂਜੇ ਪਾਸੇ ਭਾਈ ਸੁੱਖਾ ਸਿੰਘ ਅੱਗੇ ਵਧ ਕੇ ਦੁਸ਼ਮਣ ਨੂੰ ਮਾਰ ਰਹੇ ਸਨ। ਸਿੰਘ ਚਾਰੇ ਪਾਸਿਓਂ ਘਿਰੇ ਹੋਏ ਸਨ। ਭਾਈ ਸੁੱਖਾ ਸਿੰਘ ਲਖਪਤ ਰਾਏ ਵੱਲ ਵਧ ਰਿਹਾ ਸੀ ਕਿ ਭਾਈ ਸੁੱਖਾ ਸਿੰਘ ਦੀ ਲੱਤ ਗੋਲੀ ਲੱਗਣ ਕਰਕੇ ਜ਼ਖ਼ਮੀ ਹੋ ਗਈ ਪਰ ਫਿਰ ਵੀ ਭਾਈ ਸੁੱਖਾ ਸਿੰਘ ਨੇ ਹਿੰਮਤ ਨਾ ਹਾਰੀ ਅਤੇ ਪੱਗ ਪਾੜ ਕੇ ਲੱਤ ਕਾਠੀ ਦੇ ਹੰਨੇ ਨਾਲ ਬੰਨ੍ਹ ਲਈ ਅਤੇ ਆਪ ਅੱਗੇ ਵਧਦੇ ਗਏ। ਇਸ ਘੇਰੇ ਵਿਚ ਸੈਂਕੜੇ ਸਿੰਘ ਸ਼ਹੀਦੀ ਪਾ ਗਏ। ਸਿੰਘਾਂ ਉਪਰ ਸਿਰਫ਼ ਮੁਗ਼ਲ ਫ਼ੌਜਾਂ ਦਾ ਹੀ ਹਮਲਾ ਨਹੀਂ ਸੀ ਹੋਇਆ, ਸਗੋਂ ਇਲਾਕੇ ਦੇ ਆਸੇ-ਪਾਸੇ ਪਿੰਡਾਂ ਦੇ ਲੋਕ ਵੀ ਹਮਲੇ 'ਚ ਸ਼ਾਮਿਲ ਹੋਏ ਸਨ। ਇਸ ਵੱਡੇ ਘਮਸਾਣ ਵਿਚ ਦਸ ਹਜ਼ਾਰ ਦੇ ਕਰੀਬ ਸਿੰਘ ਸ਼ਹੀਦੀਆਂ ਪਾ ਗਏ। ਇਸ ਨੂੰ ਸਿੱਖ ਕੌਮ ਦਾ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ ਜੋ 1 ਜੂਨ 1746 ਈ: ਨੂੰ ਵਾਪਰਿਆ। ਇਸ ਘੱਲੂਘਾਰੇ ਵਿਚ ਜਸਪਤ ਰਾਏ ਦਾ ਲੜਕਾ, ਹਰਭਜ ਰਾਏ, ਯਹੀਆ ਖ਼ਾਨ ਦਾ ਲੜਕਾ ਨਾਹਰ ਖ਼ਾਨ, ਕਰਮ ਬਖ਼ਸ਼, ਅਖਗਰ ਖ਼ਾਨ ਅਤੇ ਚੋਣਵੇਂ ਸਿਪਾਹੀ ਵੀ ਮਾਰੇ ਗਏ। ਲਖਪਤ ਰਾਏ ਕੁਝ ਹਜ਼ਾਰ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬਾਜ਼ਾਰ ਨਖ਼ਾਸ ਵਿਚ ਕਤਲ ਕੀਤਾ ਗਿਆ। ਇਸ ਥਾਂ 'ਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੰਘਾਂ ਨੇ ਸ਼ਹੀਦ ਗੰਜ ਬਣਵਾਇਆ।

ਹਰਵਿੰਦਰ ਸਿੰਘ ਖਾਲਸਾ
ਮੋ: 98155-33725