ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਕੀ ਵਿਰਸੇ ਨਾਲੋਂ ਟੁੱਟੇ , ਭੁੱਖੇ-ਨੰਗੇ , ਅਨਪੜ੍ਹ ਸਿੱਖ , ਅੱਜ ਦੀ ਤੇਜ਼ ਰਫਤਾਰ ਜ਼ਿੰਦਗੀ ਦੇ ਹਾਣੀ ਬਣ ਸਕਣਗੇ?


ਅੱਜ ਕਲ ਜਿੱਧਰ ਵੀ ਦੇਖੋ , ਸਿੱਖਾਂ ਲਈ , ਕੋਈ ਨਾ ਕੋਈ ਮੁਸੀਬਤ ਮੂੰਹ ਅੱਡੀ , ਸਾਮ੍ਹਣੇ ਖੜੀ ਨਜ਼ਰ ਆਉਂਦੀ ਹੈ । ਸਿੱਖਾਂ ਦੀਆਂ ਸਾਰੀਆਂ ਸਿਰਮੌਰ ਜਥੇਬੰਦੀਆਂ ਅਜਿਹੇ ਹੱਥਾਂ ਵਿਚ ਹਨ ਕਿ ਓਥੋਂ ਮੁਸੀਬਤਾਂ ਵਿਚ ਵਾਧਾ ਕਰਨ ਦੇ ਉਪਰਾਲੇ ਤਾਂ ਰੋਜ਼ ਹੋ ਰਹੇ ਹਨ , ਪਰ ਪਿਛਲੇ ੩੦੦ ਸਾਲਾਂ ਵਿਚ , ਇਕ ਵੀ ਮੁਸੀਬਤ ਹਾ ਹੱਲ ਨਹੀਂ ਲੱਭਿਆ ਗਿਆ। ਵਿਚ-ਵਿਚ ਕੁਝ ਲਹਿਰਾਂ ਉਠੀਆਂ ਹਨ , ਜਿਨ੍ਹਾਂ ਨੇ ਕੁਝ ਮੁਸੀਬਤਾਂ ਦੀ ਨਿਸ਼ਾਨ ਦੇਹੀ ਕੀਤੀ ਹੈ , ਸਿੱਖਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਵੀ ਕੀਤਾ ਹੈ , ਪਰ ਕੋਈ ਇਕ ਵੀ ਉਲਝਣ ਸੁਲਝਾਈ ਨਹੀਂ ਜਾ ਸਕੀ । ਜਿਸ ਦਾ ਮੁੱਖ ਕਾਰਨ ਉਹ ਸੰਸਥਾਵਾਂ ਹਨ , ਜਿੱਥੇ ਸਿੱਖ ਇਸ ਆਸ ਨਾਲ ਦਸਵੰਧ ਚੜ੍ਹਾਉਂਦੇ ਹਨ , ਕਿ ਇਸ ਪੈਸੇ ਨਾਲ , ਸਿੱਖਾਂ ਦੀਆਂ ਮੁਸੀਬਤਾਂ ਦਾ ਹੱਲ ਹੋਵੇਗਾ , ਪਰ ਉਹ ਪੈਸਾ , ਉਲਟਾ ਮੁਸੀਬਤਾਂ ਵਧਾਉਣ ਦਾ ਕਾਰਨ ਬਣਦਾ ਹੈ ।
     ਇਸ ਵਾਰ ਵੀ ਇਹੀ ਕੁਝ ਹੋ ਰਿਹਾ ਹੈ । ਗੁਰਦਵਾਰਿਆਂ ਵਿਚੋਂ ਕਰਮ-ਕਾਂਡ ਬੰਦ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੱਮ , ਕੇਂਦਰ ਸਰਕਾਰ ਵਲੋਂ , ਪੰਜਾਬ ਦੇ ਮਾਰੇ ਜਾਂਦੇ ਹੱਕਾਂ ਦੀ ਰਖਵਾਲੀ ਲਈ , ਕੀਤਾ ਗਿਆ ਉਪਰਾਲਾ , ਨਾ ਸਿਰਫ ਫੇਲ੍ਹ ਹੋਇਆ ਹੈ , ਬਲਕਿ ਪੰਜਾਬ ਨੂੰ ਹੋਰ ਖੱਡ ਵਿਚ ਧਕੇਲ ਗਿਆ ਹੈ । ਗੁਰਦਵਾਰਿਆਂ ਦੀ ਬਰਬਾਦੀ ਅਤੇ ਬੇ-ਹੁਰਮਤੀ ਕਰਵਾਉਣ , ਢਾਈ ਲੱਖ ਤੋਂ ਉੋਪਰ ਸਿੱਖ ਨੌਜਵਾਨ ਮਰਵਾਉਣ , ਧੀਆਂ ਭੈਣਾਂ ਦੀ ਬੇਇਜ਼ਤੀ ਕਰਵਾਉਣ  , ਖਰਬਾਂ ਦੀ ਜਾਇਦਾਦ ਤਬਾਹ-ਬਰਬਾਦ ਕਰਵਾਉਣ ਮਗਰੋਂ , ਪੰਜਾਬ ਦੀ ਉਹ ਸਰਕਾਰ , ਜਿਸ ਤੋਂ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੀ ਆਸ ਕੀਤੀ ਜਾ ਰਹੀ ਸੀ , ਉਹੀ ਕੇਂਦਰ ਸਰਕਾਰ ਨਾਲ ਰਲ ਕੇ , ਆਪਣੇ ਸਵਾਰਥਾਂ ਕਾਰਨ , ਪੰਜਾਬ ਦਾ ਹੋਰ ਨੁਕਸਾਨ ਕਰ ਅਤੇ ਕਰਵਾ ਰਹੀ ਹੈ । ਏਥੋਂ ਤਕ ਕਿ ਲੀਡਰਾਂ ਅਤੇ ਪਰਸ਼ਾਸਨ ਨੂੰ ਬੇਈਮਾਨ ਬਨਾਉਣ ਦੀ ਅਜਿਹੀ ਚਾਲ ਖੇਡੀ ਗਈ ਹੈ ਕਿ , ਕੋਈ ਇਮਾਨਦਾਰ , ਪੰਜਾਬ ਦੇ ਹੱਕਾਂ ਦੀ ਰਖਵਾਲੀ ਕਰਨ ਵਾਲਾ ਲੀਡਰ ਲੱਭਣਾ ਵੀ ਔਖਾ ਜਾਪਦਾ ਹੈ ।          ਇਸ ਮਾਮਲੇ ਵਿਚ ਸਭ ਤੋਂ ਵੱਧ ਘਾਣ ਸਿੱਖੀ ਦਾ ਹੋ ਰਿਹਾ ਹੈ ।
    ਸੁਹਿਰਦ ਬੁੱਧੀਜੀਵੀਆਂ ਵਲੋਂ ਕੀਤਾ ਸਾਰਾ ਉਪਰਾਲਾ , ਪੁੱਠਾ ਪੈ ਰਿਹਾ ਹੈ । ਬੱਚਿਆਂ ਨੂੰ ਗੁਰਬਾਣੀ ਪ੍ਰਤੀ ਜਾਗਰੂਕ ਕਰਨ ਦੀ ਗੱਲ ਕਰੀਦੀ ਹੈ , ਤਾਂ ਸਿੱਖੀ ਭੇਸ ਵਿਚਲੇ ਹੀ ਬੱਚਿਆਂ ਨੂੰ ਲਾਲਚ ਦੇ ਕੇ , ਗੁਰਦਵਾਰਿਆਂ ਤੋਂ ਹੀ , ਗਿਣਤੀ-ਮਿਣਤੀ ਦੀਆਂ ਬਾਣੀਆਂ ਦੇ ਤੋਤਾ-ਰਟਣ ਨਾਲ ਜੋੜਦੇ ਪਏ ਹਨ । ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਦੀ ਗੱਲ ਕੀਤੀ ਜਾਂਦੀ ਹੈ ਤਾਂ , ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਲੰਪਟ ਰਚਨਾਵਾਂ ਨਾਲ ਭਰਪੂਰ , ਪੋਥੇ ਦਾ ਪਰਕਾਸ਼ ਕਰ ਕੇ , ਸਿੱਖਾਂ ਵਿਚ ਖਾਨਾ-ਜੰਗੀ ਦੇ ਆਸਾਰ ਪੈਦਾ ਕੀਤੇ ਜਾ ਰਹੇ ਹਨ ।
    ਸਿੱਖਾਂ ਦੇ ਦਸਵੰਧ ਦੇ ਪੈਸੇ ਨਾਲ ਹੀ ਪ੍ਰਕਾਸ਼ਿਤ ਪੁਸਤਕਾਂ ਵਿਚ , ਗੁਰ-ਵਿਅਕਤੀਆਂ ਦਾ ਚਰਿਤ੍ਰ-ਘਾਣ ਕੀਤਾ ਜਾਂਦਾ ਹੈ । ਜੇ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਆਲੇ ਇਕੱਠੇ ਹੋਣ ਦੀ ਗੱਲ ਕੀਤੀ ਜਾਂਦੀ ਹੈ ਤਾਂ , ਸਿੱਖੀ ਭੇਸ ਵਿਚਲੇ ਅਖੌਤੀ ਵਿਦਵਾਨ , ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਕਈ ਤਰ੍ਹਾਂ ਦੀਆਂ ਉਂਗਲਾਂ ਉਠਾਉਂਦੇ ਨਜ਼ਰ ਆ ਜਾਂਦੇ ਹਨ , ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮਾਣਿਕਤਾ ਤੇ ਹੀ ਪ੍ਰਸ਼ਨ-ਚਿਨ੍ਹ ਲਗਾਏ ਜਾਂਦੇ ਹਨ । ਹਰ ਕੋਈ ਪੈਸੇ ਵਾਲਾ , ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ , ਅਪਣੀ ਮਨ-ਮਤ ਮੁਤਾਬਕ ਘੜਦਿਆਂ , ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈਣ ਦੀ ਥਾਂ , ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਤ ਦਿੰਦਾ ਨਜ਼ਰ ਆਉਂਦਾ ਹੈ ।
    ਸੋਚ ਹੀ ਰਿਹਾ ਸੀ ਕਿ ਸਪੋਕਸਮੈਨ  ਉ ਉਚਾ ਦਰ ਬਾਬੇ ਨਾਨਕ ਦਾ ”  ਦੀ ਸੰਸਥਾ ਬਣਾ ਕੇ , ਨਾਨਕ ਸਿਧਾਂਤ ਨੂੰ ਦੁਨੀਆਂ ਵਿਚ ਉਜਾਗਰ ਕਰਨ ਦੀਆਂ ਜੋ ਗੱਲਾਂ ਕਰ ਰਿਹਾ ਹੈ , ਕੀ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਇੰਸਾਫ ਕਰ ਸਕੇਗਾ ? ਕੀ ਉਸ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਬਾਰੇ ਸੋਝੀ ਹੈ ? ਸਪੱਸ਼ਟ ਰੂਪ ਵਿਚ ਜਵਾਬ ਨਾਂਹ ਵਿਚ ਮਿਲਦਾ ਹੈ । ਜੋ ਆਪ ਗਲ-ਗਲ ਤੱਕ ਹਉਮੈ ਵਿਚ ਫਸਿਆ ਹੋਇਆ ਹੈ , ਕੀ ਉਹ ਨਾਨਕ ਦੇ ਨਿਮਰਤਾ ਦੈ ਸਿਧਾਂਤ ਨੂੰ ਸਮਝ ਸਕਦਾ ਹੈ  ? ਕੀ ਉਸ ਦਾ ਦੁਨੀਆਂ ਦੇ ਰੂ-ਬ-ਰੂ ਪੇਸ਼ ਕੀਤਾ ਨਾਨਕ ਸਿਧਾਂਤ , ਡੇਰੇਵਾਦੀਆਂ ਦੇ ਸਿਧਾਂਤ ਨਾਲੋਂ , ਕੁਝ ਵੱਖਰਾ ਹੋਵੇਗਾ ?  ਕੀ ਇਕ ਵਿਅਕਤੀ ਨੂੰ ਇਹ ਸਾਰਾ ਕੁਝ ਕਰਨ ਦਾ ਹੱਕ ਦਿੱਤਾ ਜਾ ਸਕਦਾ ਹੈ  ?  ਇਹੀ ਗਲਤੀ ਤਾਂ ਸਿੱਖਾਂ ਨੇ ਅੱਜ-ਤਕ ਕੀਤੀ ਹੈ ।
    ਹੁਣ ਇਕ ਨਵਾਂ ਮਸਲ੍ਹਾ ਸਾਮ੍ਹਣੇ ਆਇਆ ਹੈ । ਇੰਡੋਨੇਸ਼ੀਆ ਦੇ ਜਕਾਰਤਾ ਪ੍ਰਾਂਤ ਵਿਚ , ਇਕ ਸਦੀ ਤੋਂ ਵੱਧ ਸਮਾ  ਪਹਿਲਾਂ ਦੇ ਸਿੱਖ ਰਹਿੰਦੇ ਹਨ , ਜੋ ਸਿੱਖੀ ਅਤੇ ਪੰਜਾਬੀ ਸੀਭਆਚਾਰ ਨਾਲੋਂ ਬਿਲਕੁਲ ਟੁੱਟ ਚੁੱਕੇ ਹਨ । ਖਬਰ ਅਨੁਸਾਰ ਇਨ੍ਹਾਂ ਬਾਰੇ ਸਿੱਖਾਂ ਵਿਚ ਬੜੀ ਚਿੰਤਾ ਸੀ । ਓਥੇ ਇਕ ਗੁਰਦਵਾਰਾ ਯੇਸਾਨ ਵਿਖੇ ਹੈ , ਉਸ ਦੇ ਪ੍ਰਬੰਧਕਾਂ ਨੂੰ ਵੀ ਬੜੀ ਦੂਰ ਦੀ ਸੁੱਝੀ ਹੈ । ਉਹ ਹੁਣ ਸਿੱਖਾਂ ਕੋਲੋਂ ਪੈਸੇ ਇਕੱਠੇ ਕਰ ਕੇ , ਕਰੋੜਾਂ ਦੀ ਲਾਗਤ ਨਾਲ ਇਕ ਗੁਰਮਤਿ ਅਧਿਅਨ ਅਕੈਡਮੀ ਬਨਾਉਣ ਜਾ ਰਹੇ ਹਨ , ਜਿਸ ਦਾ ਨਾਮ  ਉ ਸਿੱਖ ਅਕੈਡਮੀ ਇਨ ਗੁਰਮਤਿ ਸਟੱਦੀਜ਼ ” ਹੈ ।
    ਗੁਰਦਵਾਰਿਆਂ ਦੇ ਰੋਲ ਬਾਰੇ ਅੱਜ ਸਿੱਖਾਂ ਨੂੰ ਕੋਈ ਭੁਲੇਖਾ ਨਹੀਂ ਹੈ , ਯੇਸਾਨ ਦਾ ਗੁਰਦਵਾਰਾ ਵੀ , ਇਨ੍ਹਾਂ ਤੋਂ ਕੋਈ ਵੱਖਰੀ ਚੀਜ਼ ਨਹੀਂ ਹੋਵੇਗਾ , ਇਹ ਕਿਸ ਦੇ ਪ੍ਰਬੰਧ ਹੇਠ ਹੈ ? ਉਹ ਕਮੇਟੀ ਸਿੱਖੀ ਪ੍ਰਤੀ ਕਿੰਨੀ ਕੁ ਸਮਰਪਿਤ ਹੈ ?  ਸਿੱਖੀ ਕਦਰਾਂ-ਕੀਮਤਾਂ , ਸਿਧਾਂਤਾਂ ਪ੍ਰਤੀ ਕਿਨੀ ਕੁ ਜਾਗਰੂਕ ਹੈ ? ਸਿੱਖ ਬੁਧੀਜੀਵੀਆਂ ਦੀ ਉਸ ਗੁਰਦਵਾਰੇ ਤੇ ਕਿੰਨੀ ਕੁ ਪਕੜ ਹੈ  ?  ਇਹ ਸਾਰੇ ਸਵਾਲ ਅਜਿਹੇ ਹਨ ਜਿਨ੍ਹਾਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ।
   ਕੀ ਬੁਧੀਜੀਵੀਆਂ ਨੂੰ ਅਣਗੌਲਿਆਂ ਕਰ ਕੇ , ਡੇਰੇਦਾਰਾਂ ਵਲੋਂ , ਗੁਰਦਵਾਰਾ ਰੂਪੀ ਚੌਧਰ ਦੇ ਅੱਡਿਆਂ ਵਿਚੋਂ , ਸਿੱਖੀ ਦੇ ਭਲੇ ਵਾਲਾ , ਊਠ ਦਾ ਬੁਲ੍ਹ ਡਿਗਣ ਦੀ ਆਸ ਕੀਤੀ ਜਾ ਸਕਦੀ ਹੈ ? ਚੰਗਾ ਤਾਂ ਇਹੀ ਹੈ ਕਿ , ਬੁਧੀਜੀਵੀ ਆਪਸ ਵਿਚ ਮਿਲ ਬੈਠ ਕੇ , ਇਸ ਬਾਰੇ ਫੈਸਲਾ ਕਰਨ । ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਬਾਰੇ ਹੀ ਸਾਡੇ ਵਿਚ ਇਕ-ਜੁਟਤਾ ਨਹੀਂ ਹੁੰਦੀ ਤਾਂ ਇਸ ਤੋਂ ਅਗਾਂਹ , ਸਿੱਖੀ ਨੂੰ ਇਕ-ਜੁਟ ਕਰਨ ਦਾ ਹੋਰ ਕੋਈ ਕਿੱਲਾ ਸਾਡੇ ਕੋਲ ਨਹੀਂ ਹੈ । ਪਹਿਲਾਂ ਹੀ ਡੇਰੇਦਾਰਾਂ ਨੇ ਸਿੱਖੀ ਵਿਚ ਏਨੇ ਸਿਧਾਂਤ ਬਣਾ ਦਿੱਤੇ ਹਨ ਕਿ , ਉਨ੍ਹਾਂ ਵਿਚੋਂ ਅਸਲ ਸਿਧਾਂਤ ਲੱਭਣਾ , ਤੂੜੀ ਦੇ ਢੇਰ ਵਿਚੋਂ ਸੂਈ ਲੱਭਣ ਬਰਾਬਰ ਹੈ । ਜੇ ਏਸੇ ਤਰਜ਼ ਤੇ ਹਰ ਬੰਦਾ , ਸਿੱਖਾਂ ਦੇ ਦਸਵੰਧ ਦੇ ਪੈਸੇ ਦੇ ਬਲ ਤੇ , ਗੁਰਮਤਿ ਨੂੰ ਸਮਝਣ ਦੀਆਂ ਆਪਣੀਆਂ ਆਪਣੀਆਂ Àਕੈਡਮੀਆਂ ਖੋਲ੍ਹਣ ਲਗ ਪਿਆ , ਫਿਰ ਤਾਂ ਸਿੱਖੀ ਦਾ ਰੱਬ ਹੀ ਰਾਖਾ ਹੈ । ਪਹਿਲਾਂ ਹੀ ਸਾਧਾਂ ਦੇ ਡੇਰਿਆਂ ਅਤੇ ਸਾਧਾਂ ਦੀਆਂ ਬਰਸੀਆਂ ਨੇ ਸਿੱਖਾਂ ਦੇ ਪੱਲੇ ਕੁਝ ਨਹੀਂ ਛੱਡਿਆ , ਗੁਰੂ ਸਾਹਿਬ ਤਾਂ ਸੇਧ ਦਿੰਦੇ ਹਨ ,
                         ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ
    ਫਿੱਟੇ ਮੂੰਹ ਅਜਿਹੇ ਜੀਉਣ ਦੇ , ਜਿਸ ਵਿਚ ਖਾਲੀ ਖਾ-ਖਾ ਕੇ ਹੀ ਘੜੇ ਵਾਙ ਢਿੱਡ ਵਧਾ ਲਿਆ । ਅੱਜ ਕਲ ਡੇਰਿਆਂ , ਟਕਸਾਲਾ , ਤਖਤਾਂ , ਗੁਰਦਵਾਰਿਆਂ ਵਿਚ ਅਜਿਹੇ ਭੱਦਰ ਪੁਰਸ਼ਾ ਦੀ ਭਰਮਾਰ ਹੈ , ਜੋ ਕਿਰਤ ਨਾਲੋਂ ਟੁੱਟੇ , ਬ੍ਰਾਹਮਣਾਂ ਵਾਙ ਘੜਿਆਂ ਵਰਗੇ ਢਿੱਡ , ਚੁਕੀ ਫਿਰਦੇ ਹਨ । ਅਤੇ ਆਪਣੇ ਆਪ ਨੂੰ ਸਿੱਖੀ ਦੇ ਮਸੀਹਾ ਅਤੇ ਗੁਰਬਾਣੀ ਦੇ ਮਹਾਨਤਮ ਗਿਆਤਾ ਬਣੀ ਫਿਰਦੇ ਹਨ । ਏਸੇ ਲਈ ਤਾਂ ਉਹ ਸਿੱਖਾਂ ਨੂੰ ਗੁਰਬਾਣੀ ਦੇ ਨੇੜੇ ਨਹੀਂ ਜਾਣ ਦਿੰਦੇ ਕਿਉਂਕਿ ਗੁਰਬਾਣੀ ਉਨ੍ਹਾਂ ਦੀ ਪੋਲ ਖੋਲ੍ਹਦੀ ਹੈ ।
     ਬਹੁਤ ਛੇਤੀ ਹੀ ਸਿੱਖਾਂ ਕੋਲ ਏਨੇ ਪੈਸੇ ਵੀ ਨਹੀਂ ਰਹਿ ਜਾਣੇ ਕਿ ਸਿੱਖ ਆਪਣੀ ਰੋਜ਼ੀ ਰੋਟੀ ਹੀ ਚਲਾ ਸਕਣ , ਉਹੀ ਰੋਜ਼ੀ-ਰੋਟੀ ਕਮਾ ਸਕਣ ਗੇ ਜੋ ਸਿੱਖੀ ਸਿਧਾਂਤਾਂ ਨੂੰ ਤਜਾਂਜਲੀ ਦੇ ਕੇ , ਪਰਾਇਆ ਹੱਕ ਰੂਪੀ ਗੰਦ ਖਾਣ ਗੇ । ਇਹ ਵੇਖਣ ਨੂੰ ਚਮਕੀਲੀਆਂ ਚੀਜ਼ਾਂ ਦੇ ਪਿੱਛਲੇ ਪਰਦੇ ਵਿਚ ਕੀ ਹੁੰਦਾ ਹੈ  ? ਉਸ ਦੀ ਤਾਜ਼ਾ ਮਿਸਾਲ , ਗੁਰਦਵਾਰਾ ਬੰਗਲਾ ਸਾਹਿਬ ਵਿਚ ਲੱਗਣ ਵਾਲੇ ਸੋਨੇ ਪਿਛਲੇ ਤੱਥ ਦੀ ਇਕ ਝਲਕ ਦੇ ਦਰਸ਼ਨ ਸ. ਜਸਜੀਤ ਸਿੰਘ ਯੂ.ਕੇ. ਨੇ ਇਵੇਂ ਕਰਵਾਏ ਹਨ ,  ਉ  ਬੰਗਲਾ ਸਾਹਿਬ ਤੇ ਸੋਨਾ ਲਗਵਾਉਣ ਲਈ , ਪ੍ਰਬੰਧਕਾਂ ਨੇ , ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ ਚਲਾਏ ਜਾਂਦੇ ਸਕੂਲਾਂ ਦੀਆਂ ਕਮੇਟੀਆਂ ਤੋਂ ੫੦ ਲੱਖ ਤੋਂ ਇਕ ਕ੍ਰੋੜ ਦੇ ਵਿਚਾਲੇ ਰੁਪਏ ਜਬਰਨ ਵਸੂਲ ਕੀਤੇ ਹਨ ।  ਮਤਲਬ ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਲੋਂ , ਸਿੱਖ ਬੱਚਿਆਂ ਦੀ ਪੜ੍ਹਾਈ ਲਈ ਜੋ ਪੈਸੇ ਦਿੱਤੇ ਜਾਂਦੇ ਹਨ , ਉਨ੍ਹਾਂ ਵਿਚੋਂ ਲਗ-ਭਗ ਇਕ ਕ੍ਰੋੜ ਰੁਪਏ ਹਜ਼ਮ ਕਰ ਲਏ ਗਏ , ਪਰ ਇਸ ਹੁਸ਼ਿਆਰੀ ਨਾਲ ਕਿ , ਕੋਈ ਇਹ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪੜ੍ਹਾਈ ਵਾਲੀ ਮਦ ਵਿਚ ਘਾਟਾ ਕਰ ਦਿੱਤਾ ਹੈ ।
    ਅੱਜ ਦੀ ਦੁਨੀਆਂ , ਅਮਰੀਕਾ ਸਮੇਤ , ਪੜ੍ਹਾਈ ਤੇ ਵੱਧ ਤੋਂ ਵੱਧ ਜ਼ੋਰ ਦੇ ਰਹੀ ਹੈ । ਪਰ ਸਿੱਖ ਹਨ ਕਿ ਪੜ੍ਹਾਈ ਪਵੇ ਢੱਠੇ ਖੂਹ ਵਿਚ , ਗੁਰਦਵਾਰਿਆਂ ਤੇ , ਨਿਸ਼ਾਨ ਸਾਹਿਬਾਂ ਤੇ ਸੋਨੇ ਦੀ ਚਮਕ ਨਜ਼ਰ ਆਉਣੀ ਚਾਹੀਦੀ ਹੈ । ਇਹ ਮੈਂ ਪਹਿਲਾਂ ਹੀ ਲਿਖ ਚੁੱਕਾ ਹਾਂ ਕਿ ਇਹ ਸੋਨੇ ਦਾ ਧੰਦਾ ਬੜਾ ਲਾਹੇਵੰਦ ਹੈ । ਜਿਸ ਖੰਡੇ ਤੇ ੧੭ ਕਿਲੋ ਸੋਨਾ ਲੱਗਣ ਦੀ ਗੱਲ ਕਹੀ ਜਾਂਦੀ ਹੈ , ਉਸ ਤੇ ਦੋ ਕਿਲੋ ਤੋਂ ਵੱਧ ਸੋਨਾ ਨਹੀਂ ਲੱਗਾ ਹੁੰਦਾ , ਬਾਕੀ ਘੜੇ ਵਰਗੇ ਢਿੱਡਾਂ ਵਿਚ ਪੈ ਜਾਂਦਾ ਹੈ । ਮੈਂ ਪਹਿਲਾਂ ਇਕ ਲੇਖ ਵਿਚ ਲ਼ਿਖ ਚੁੱਕਾ ਹਾਂ ਕਿ ਇਕ ਦਿਨ ਇਹ ਸੋਨਾ ਲੁੱਟਿਆ ਹੀ ਜਾਣਾ ਹੈ , ਕੋਈ ਨਹੀਂ ਰੋਕ ਸਕਦਾ । ਪਰ ਮੈਨੂੰ , ਲੁੱਟਣ ਵਾਲਿਆਂ ਤੇ ਤਰਸ ਆਉਂਦਾ ਹੈ ਕਿਉਂਕਿ ਜੇ ਉਹ ਬੰਗਲਾ ਸਾਹਿਬ ਤੇ ਲੱਗੇ ਸੋਨੇ ਨੂੰ ਲੁਟਣਗੇ ਤਾਂ ਮਨ ਵਿਚ ਇਹੀ ਗੱਲ ਹੋਵੇਗੀ ਕਿ ਅਸੀਂ ੧੨੫ ਕਿਲੋ ਸੋਨਾ ਲੁੱਟ ਰਹੇ ਹਾਂ , ਪਰ ਜਦ ਉਸ ਵਿਚੋਂ ੫੦ ਕਿਲੋ ਵੀ ਸੋਨਾ ਨਹੀਂ ਨਿਕਲੇਗਾ , ਤਾਂ ਵਿਚਾਰੇ ਰੋਣਗੇ ਨਹੀਂ ਤਾਂ ਹੋਰ ਕੀ ਕਰਨਗੇ  ? ਗੁਰਦਵਾਰਿਆਂ ਤੇ ਲੱਗੇ ਸੋਨੇ ਨੂੰ ਤਾਂ ਕਿਸੇ ਨੇ ਕੀ ਜਾਂਚਣਾ-ਪਰਖਣਾ ਸੀ , ਉਹ ਤਾਂ ਸਾਧਾਂ ਦੇ ਢਿੱਡਾਂ ਵਿਚ ਹੀ ਹਜ਼ਮ ਹੋ ਜਾਣਾ ਸੀ , ਪਰ ਪਾਕਿਸਤਾਨ ਸਰਕਾਰ ਨੇ ਸੋਨੇ ਦੇ ਵਪਾਰ ਦਾ ਵੀ ਭਾਂਡਾ ਫੋੜ ਦਿੱਤਾ ਹੈ ।
 ਏਵੇਂ ਹਰ ਪਾਸਿਉਂ ਸਿੱਖ ਧਰਮ ਅਤੇ ਸਮਾਜ ਦਾ ਹਰ ਠੇਕੇਦਾਰ , ਸਿੱਖੀ ਦੀਆਂ ਜੜ੍ਹਾਂ ਵਿਚ ਤੇਲ ਦੇ ਰਿਹਾ ਹੈ । ਪਰ ਇਹ ਨਹੀਂ ਸਮਝ ਆ ਰਹੀ ਕਿ ਆਮ ਸਿੱਖ ਕੀ ਕਰ ਰਿਹਾ ਹੈ ? ਉਹ ਅਗਿਆਨਤਾ ਵੱਸ ਗੁਰੂ ਦੀ ਆੜ ਵਿਚ , ਗੁਰਦਵਾਰਿਆਂ ਦੀ ਆੜ ਵਿਚ , ਧਰਮ ਦੀ ਆੜ ਵਿਚ , ਕਿਉਂ ਲੁਟਿਆ ਜਾਰਿਹਾ ਹੈ ? ਉਨ੍ਹਾਂ ਬੰਂਦਿਆਂ ਦੀ ਮਦਦ ਕਰ ਰਿਹਾ ਹੈ , ਜੋ ਸਿੱਖੀ ਦੀ ਬੇੜੀ ਨੂੰ ਡੋਬਣ ਵੱਲ ਲਿਜਾ ਰਹੇ ਹਨ । ਉਨ੍ਹਾਂ ਨੂੰ ਸਮਝਣਾ ਬਣਦਾ ਹੈ ਕਿ ਗੁਰਬਾਣੀ ਇਨ੍ਹਾਂ ਕਰਮਾਂ ਨੂੰ ਧਰਮ ਨਹੀਂ ਮੰਨਦੀ , ਗੁਰਬਾਣੀ ਤਾਂ ਧਰਮ ਬਾਰੇ ਇਵੇਂ ਸੇਧ ਦਿੰਦੀ ਹੈ , (ਜਿਸ ਨੂੰ ਸਿੱਖ , ਦਿਨ ਵਿਚ ਕਈ-ਕਈ ਵਾਰੀ ਪੜ੍ਹਦੇ ਹਨ , ਪਰ ਸਮਝਣ ਦੀ ਖੇਚਲ ਨਹੀਂ ਕਰਦੇ)    
       ਸਰਬ ਧਰਮ ਮਹਿ ਸ੍ਰੇਸਟ ਧਰਮੁ  ਹਰਿ ਕਾ ਨਾਮੁ ਜਪਿ ਨਿਰਮਲ ਕਰਮੁ  ( ੨੬੬ )
    ਇਸ ਵਿਚ ਸੋਨਾ ਲਾਉਣਾ ਅਤੇ ਉਹ ਕਰਮ ਕਰਨੇ ਕਿੱਥੇ ਹਨ , ਜੋ ਉਹ ਕਰ ਰਹੇ ਹਨ ? ਜੇ ਉਹ ਆਪ ਹੀ ਸਿੱਖੀ ਦਆਂ ਬੇੜੀਆਂ ਵਿਚ ਵੱਟੇ ਪਾਉਣਗੇ ਤਾਂ ਸਿੱਖੀ ਕਿਵੇਂ ਬਚੇਗੀ  ?
ਕੀ ਭੁੱਖੇ-ਨੰਗੇ , ਆਪਣੇ ਵਿਰਸੇ ਨਾਲੋਂ ਟੁੱਟੇ , ਅਨਪੜ੍ਹ ਸਿੱਖ , ਅੱਜ ਦੀ ਦੌੜ ਦੇ ਯੁਗ ਵਿਚ ਬਚ ਪਾਉਣਗੇ ? ਯਕੀਨਨ ਜੇ ਉਹ ਨਾ ਸੰਭਲੇ ਤਾਂ ਸਿੱਖੀ ਨੂੰ ਇਤਿਹਾਸ ਦੀ ਧੂੜ ਬਣਦਿਆਂ ਜ਼ਿਆਦਾ ਦੇਰ ਨਹੀਂ ਲੱਗੇਗੀ , ਫਿਰ ਇਹ ਪੱਥਰ ਅਤੇ ਸੋਨੇ ਦੀਆਂ ਕਬਰਾਂ ਉਨ੍ਹਾਂ ਦਾ ਕੁਝ ਨਹੀਂ ਸਵਾਰਨ ਲਗੀਆਂ ।

ਅਮਰ ਜੀਤ ਸਿੰਘ ਚੰਦੀ