ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਸਿੱਖੀ ਦਾ ਅਮੀਰ ਵਿਰਸਾ ਅਗਲੀ ਪੀੜ੍ਹੀ ਤੱਕ ਕਿਵੇਂ ਪਹੁੰਚੇ?


ਅੱਜ ਹਰ ਪੰਥ ਦਰਦੀ ਸਿੱਖ ਧਰਮ ਦੇ ਪ੍ਰਚਾਰ ਦੀ ਸਮੱਸਿਆ ਨੂੰ ਲੈ ਕੇ ਚਿੰਤਾ 'ਚ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਸਾਡੇ ਪਾਸ ਅਜਿਹੇ ਸਰਬ-ਕਲਿਆਣਕਾਰੀ ਗੁਰਮਤਿ ਸਿਧਾਂਤ ਹਨ ਕਿ ਜੇ ਇਨ੍ਹਾਂ ਦਾ ਪ੍ਰਚਾਰ ਸੁਚੱਜੇ ਢੰਗ ਨਾਲ ਹੋਵੇ ਤਾਂ ਸਾਡੀ ਨੌਜਵਾਨ ਪੀੜ੍ਹੀ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਨਵੀਆਂ ਸੰਭਾਵਨਾਵਾਂ ਲੈ ਕੇ ਸਾਹਮਣੇ ਆ ਸਕਦੀ ਹੈ।
       ਅੱਜ ਵਿਸ਼ਵ ਵਿਚ ਕਿਸੇ ਵੀ ਧਰਮ ਦੀ ਹੋਂਦ, ਉਸ ਦੀ ਪਛਾਣ, ਉਸ ਦੀ ਗਿਣਤੀ ਜਾਂ ਫਿਰ ਉਸ ਦੀਆਂ ਪ੍ਰਾਪਤੀਆਂ, ਵਿਲੱਖਣਤਾ ਅਤੇ ਗੁਣਾਂ ਨਾਲ ਬਣਦੀ ਹੈ।
        ਹੁਣ ਜ਼ਰਾ ਆਪਣੀ ਕੌਮ, ਆਪਣੇ ਧਰਮ ਬਾਰੇ ਲੇਖਾ-ਜੋਖਾ ਕਰੀਏ ਕਿ ਅਸੀਂ ਕਿਥੇ ਖੜ੍ਹੇ ਹਾਂ? ਸਾਡੀ ਪਛਾਣ ਖ਼ਤਰੇ ਵਿਚ ਹੈ। ਗਿਣਤੀ ਬਹੁਤ ਥੋੜ੍ਹੀ ਹੈ। ਸਿੱਖ ਪਛਾਣ ਸਾਹਮਣੇ ਦਰਪੇਸ਼ ਚੁਣੌਤੀਆਂ ਵਿਚੋਂ ਸਭ ਤੋਂ ਪ੍ਰਮੁੱਖ ਸਿੱਖ ਨੌਜਵਾਨਾਂ ਵੱਲੋਂ ਕੇਸ ਕਟਵਾਉਣ ਦਾ ਮਸਲਾ ਹੈ ਜੋ ਗੰਭੀਰ ਖੋਜ ਦੀ ਮੰਗ ਕਰਦਾ ਹੈ। ਗਿਣਤੀ ਬਹੁਤ ਥੋੜ੍ਹੀ ਹੈ, ਜਿਸ ਦੇ ਨਤੀਜੇ ਚਿੰਤਾਜਨਕ ਹਨ। ਗੁਣਾਂ ਦੀ ਗੱਲ ਕਰੀਏ ਤਾਂ ਕੋਈ ਵੀ ਕੌਮ ਜਦੋਂ ਉੱਚਾ ਦਰਜਾ ਹਾਸਲ ਕਰ ਲੈਂਦੀ ਹੈ ਤਾਂ ਸੁੱਖ-ਸਹੂਲਤਾਂ ਦਾ ਅਨੰਦ ਮਾਣਨ ਲਗਦੀ ਹੈ ਅਤੇ ਉਸ ਅੰਦਰੋਂ ਹੌਲੀ-ਹੌਲੀ ਕਦਰਾਂ-ਕੀਮਤਾਂ ਤੇ ਕੌਮੀ ਭਾਈਚਾਰੇ ਦੀ ਭਾਵਨਾ ਦੂਰ ਹੋ ਜਾਂਦੀ ਹੈ। ਅਸੀਂ ਅੱਜ ਰੂਹਾਨੀ ਕੀਮਤਾਂ ਨਾਲੋਂ ਦੁਨਿਆਵੀ ਸੁਆਰਥਾਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ।
         ਸਿੱਖ ਧਰਮ ਦੇ ਆਲੋਚਕਾਂ ਨੂੰ ਅਤੇ ਦੁਸ਼ਮਣਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਸਿੱਖਾਂ ਨੂੰ ਪੂਰੀ ਤਰ੍ਹਾਂ ਪ੍ਰਭਾਵਹੀਣ ਕਰਨ ਲਈ ਉਦੋਂ ਤੱਕ ਉਡੀਕ ਕਰਨੀ ਪਵੇਗੀ, ਜਦ ਤੱਕ ਸਿੱਖਾਂ ਅੰਦਰੋਂ ਧਾਰਮਿਕ ਭਾਵਨਾ ਅਲੋਪ ਨਹੀਂ ਹੋ ਜਾਂਦੀ, ਕਿਉਂਕਿ ਸਿੱਖਾਂ ਦਾ ਇਹ ਧਾਰਮਿਕ ਜੋਸ਼ ਹੀ ਹੈ ਜੋ ਉਨ੍ਹਾਂ ਅੰਦਰ ਕੁਰਬਾਨੀ ਦੀ ਨਿਰੰਤਰ ਉਤੇਜਨਾ ਪੈਦਾ ਕਰਦਾ ਹੈ। ਸਾਨੂੰ ਇਸ ਧਾਰਮਿਕ ਭਾਵਨਾ ਨੂੰ ਕਾਇਮ ਰੱਖਣ ਦੇ ਉਪਰਾਲੇ ਕਰਨੇ ਪੈਣਗੇ।
        ਸੰਸਾਰ ਦੇ ਹਰ ਸਵਾਲ, ਹਰ ਰਹੱਸ ਨੂੰ ਸਮਝਣ ਲਈ ਕਿਸੇ ਵਿਧੀ ਦੀ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਦੁਨੀਆ ਦੀ ਹਰ ਫਿਲਾਸਫੀ ਕੋਈ ਨਾ ਕੋਈ ਅਜਿਹਾ ਬੁਨਿਆਦੀ ਅਸੂਲ ਰੱਖਦੀ ਹੈ, ਜਿਸ ਨੂੰ ਸਮਝਣ ਤੋਂ ਬਗੈਰ ਉਸ ਫਿਲਾਸਫੀ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ ਜਾਂ ਉਸ ਦੀ ਪੜਚੋਲ ਨਹੀਂ ਕੀਤੀ ਜਾ ਸਕਦੀ। ਇਹੋ ਗੱਲ ਧਰਮਾਂ ਜਾਂ ਮਜ਼੍ਹਬਾਂ ਵਿਚ ਵੀ ਮਾਇਨੇ ਰੱਖਦੀ ਹੈ।
        ਹਰ ਧਰਮ ਇਕ ਬੁਨਿਆਦੀ ਮਸਲਾ ਰੱਖਦਾ ਹੈ, ਜਿਸ ਨੂੰ ਸਮਝਣ ਤੋਂ ਬਗੈਰ ਉਸ ਧਰਮ ਦੀ ਅਸਲੀਅਤ ਅਤੇ ਫਿਲਾਸਫੀ ਨੂੰ ਨਹੀਂ ਜਾਣਿਆ ਜਾ ਸਕਦਾ। ਇਸੇ ਤਰ੍ਹਾਂ ਸਿੱਖ ਧਰਮ ਨੂੰ ਵੀ ਬਿਨਾਂ ਸ਼ਬਦ ਗੁਰੂ-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮਝਣਾ ਨਾਮੁਮਕਿਨ ਹੈ।
        ਇਹ ਸੱਚ ਹੈ ਕਿ ਅਜੋਕੇ ਜੀਵਨ ਵਿਚ ਸੰਸਾਰੀ ਸੁੱਖਾਂ ਲਈ ਇਕ-ਦੂਜੇ ਤੋਂ ਅੱਗੇ ਲੰਘਣ ਦੀ ਦੌੜ ਲੱਗੀ ਹੋਈ ਹੈ। ਇਹ ਮੁਕਾਬਲੇ ਦਾ ਯੁੱਗ ਹੈ ਅਤੇ ਇਸ ਦੌੜ ਵਿਚ ਘਰ-ਪਰਿਵਾਰ, ਧਰਮ, ਕਰਮ, ਵਿਰਾਸਤ, ਸੱਭਿਆਚਾਰ ਅਤੇ ਕੌਮ ਪ੍ਰਤੀ ਫ਼ਰਜ਼ ਵਿਸਰ ਰਹੇ ਹਨ।
       21ਵੀਂ ਸਦੀ ਵਿਚ ਅਸੀਂ ਜੀਅ ਰਹੇ ਹਾਂ। ਗਿਆਨ, ਵਿਗਿਆਨ ਨਾਲ ਜੁੜਨਾ, ਅਜੋਕੀ ਤਕਨੀਕ ਦੀ ਸੋਝੀ ਰੱਖਣੀ ਅਤੇ ਤਕਨੀਕ ਅਪਣਾਉਣੀ ਜ਼ਰੂਰੀ ਹੈ ਪਰ ਆਪਣੀਆਂ ਜੜ੍ਹਾਂ ਤੋਂ ਟੁੱਟਣਾ ਨੈਤਿਕਤਾ ਤਿਆਗਣਾ ਹੈ।
        ਕਿਸੇ ਧਰਮ ਨੂੰ, ਕਿਸੇ ਵੀ ਕੌਮ ਨੂੰ ਨਸ਼ਟ ਕਰਨ ਵਿਚ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਦੇਣਾ ਹੁੰਦਾ ਹੈ। ਕੋਈ ਵੀ ਧਰਮ ਠੀਕ ਪ੍ਰਸੰਗ ਵਿਚ ਵਧ-ਫੁੱਲ ਨਹੀਂ ਸਕਦਾ, ਜੇਕਰ ਉਸ ਦੇ ਰਖਵਾਲੇ ਸੂਝ-ਬੂਝ ਵਾਲੇ ਨਾ ਹੋਣ। ਕੌਮਾਂ ਉਹੀ ਜਿਊਂਦੀਆਂ ਰਹਿੰਦੀਆਂ ਹਨ, ਜਿਹੜੀਆਂ ਆਪਣਾ ਧਾਰਮਿਕ ਤੇ ਇਤਿਹਾਸਕ ਵਿਰਸਾ, ਆਪਣੀ ਬੋਲੀ, ਆਪਣਾ ਸੱਭਿਆਚਾਰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵਿਚ ਸਫਲ ਹੁੰਦੀਆਂ ਹਨ।
        ਕੌਮ ਦੇ ਸਰਪ੍ਰਸਤਾਂ ਨੂੰ, ਵਿਦਵਾਨਾਂ ਨੂੰ ਅਤੇ ਸਾਨੂੰ ਸਾਰਿਆਂ ਨੂੰ ਸੋਚਣਾ ਪਵੇਗਾ ਤੇ ਚਿੰਤਨ ਕਰਨਾ ਪਵੇਗਾ ਕਿ ਭਟਕੀ ਹੋਈ ਪਨੀਰੀ ਨੂੰ ਇਸ ਅੰਧਕਾਰ ਤੋਂ ਕਿਵੇਂ ਬਚਾਈਏ। ਕੌਮਾਂ ਅਤੇ ਧਰਮਾਂ ਨੂੰ ਹਮੇਸ਼ਾ ਅੱਗੇ ਵਧਣ-ਵਧਾਉਣ ਦੀ ਗੱਲ ਹੁੰਦੀ ਹੈ ਪਰ ਸਿਆਣਿਆਂ ਦਾ ਕਥਨ ਹੈ ਕਿ ਕਦੇ-ਕਦੇ ਰੁਕ ਕੇ ਚਿੰਤਨ ਕਰਨ ਦੀ ਲੋੜ ਵੀ ਹੁੰਦੀ ਹੈ।
         ਪਹਿਲਾਂ ਚਿੰਤਨ ਦੀ ਗੱਲ ਕਰੀਏ ਤਾਂ ਸਾਨੂੰ ਸਾਡੀਆਂ ਬਹੁਤ ਸਾਰੀਆਂ ਚਿੰਤਾਵਾਂ ਦਾ ਚਿੰਤਨ ਕਰਨਾ ਪਵੇਗਾ। ਸਾਡੀ ਚਿੰਤਾ ਇਹ ਹੈ ਕਿ ਅੱਜ ਦੀ ਵਿਦਿਅਕ ਪ੍ਰਣਾਲੀ ਬੱਚਿਆਂ ਨੂੰ ਪੈਸਾ ਕਮਾਉਣ ਦੀ ਮਸ਼ੀਨ ਵਜੋਂ ਵਿਕਸਿਤ ਕਰ ਰਹੀ ਹੈ ਪਰ ਇਕ ਚੰਗਾ ਮਨੁੱਖ ਕਿਵੇਂ ਬਣਨਾ ਹੈ, ਇਕ ਚੰਗਾ ਸਮਾਜ ਕਿਵੇਂ ਸਿਰਜਣਾ ਹੈ, ਇਹ ਸੋਚਣਾ ਅਜੇ ਬਾਕੀ ਹੈ। ਸਾਡੀ ਚਿੰਤਾ ਇਹ ਹੈ ਕਿ ਅੱਜ ਮਾਤਾ-ਪਿਤਾ ਦੀ ਵੱਡੀ ਸ਼ਿਕਾਇਤ ਇਹ ਹੈ ਕਿ ਬੱਚੇ ਉਨ੍ਹਾਂ ਦੇ ਕਾਬੂ ਵਿਚ ਨਹੀਂ, ਉਹ ਮਾਤਾ-ਪਿਤਾ ਦਾ ਕਹਿਣਾ ਨਹੀਂ ਮੰਨਦੇ।
        ਸਾਡੀ ਚਿੰਤਾ ਇਹ ਹੈ ਕਿ ਜ਼ਿੰਦਗੀ ਭਰ ਆਪਣੀਆਂ ਖੁਸ਼ੀਆਂ ਬੱਚਿਆਂ ਨਾਲ ਵੰਡਣ ਵਾਲੇ ਮਾਤਾ-ਪਿਤਾ ਨਾਲ ਬੱਚੇ ਠੀਕ ਵਰਤਾਓ ਨਹੀਂ ਕਰ ਰਹੇ, ਸਤਿਕਾਰ ਨਹੀਂ ਕਰ ਰਹੇ ਅਤੇ ਉਨ੍ਹਾਂ ਦਾ ਰੱਖ-ਰਖਾਅ ਨਹੀਂ ਕਰ ਰਹੇ। ਸਾਡੀ ਚਿੰਤਾ ਇਹ ਹੈ ਕਿ ਸਾਡੇ ਬੱਚੇ, ਸਾਡੇ ਨੌਜਵਾਨ ਆਪਣੀ ਭਾਸ਼ਾ, ਆਪਣੀ ਵਿਰਾਸਤ, ਆਪਣੀ ਦਿੱਖ, ਆਪਣੇ ਧਰਮ ਤੋਂ ਮੁਨਕਰ ਹੋ ਰਹੇ ਹਨ। ਇਹ ਇਕ ਅਜਿਹਾ ਮਸਲਾ ਹੈ, ਜਿਸ ਦਾ ਸਿੱਧਾ ਸਬੰਧ ਸਾਡੀ ਹੋਂਦ ਨਾਲ, ਸਾਡੀ ਹਸਤੀ ਨਾਲ ਹੈ। ਸਾਡੀ ਕੌਮ ਦੇ ਬੱਚੇ, ਨੌਜਵਾਨ, ਸਾਡੀ ਪਨੀਰੀ ਨਿਰਾਸ਼ ਹੈ-ਸਿੱਖੀ ਤੋਂ ਬੇਮੁਖ ਹੈ। ਇਸ ਦੇ ਕਾਰਨ ਲੱਭਣੇ ਚਾਹੀਦੇ ਹਨ।
          ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਸਿੱਖ ਦਾ ਨਾਂਅ ਦਿੱਤਾ, ਅਸੀਂ ਤਾਂ ਗੁਲਾਮਾਂ ਵਾਂਗ ਸਾਂ। ਗੁਰੂ ਨਾਨਕ ਸਾਹਿਬ ਨੇ ਸਾਡੇ ਅੰਦਰ ਰੂਹ ਫੂਕੀ। ਉਨ੍ਹਾਂ ਦੇ ਪਿਆਰ ਸਦਕਾ ਸਾਨੂੰ ਨਵਾਂ ਜਨਮ ਮਿਲਿਆ। ਗੁਰੂ ਨਾਨਕ ਸਾਹਿਬ ਨੇ ਸਾਨੂੰ ਜਾਤ-ਪਾਤ, ਨਸਲ ਦੇ ਵਿਤਕਰੇ ਤੋਂ ਮੁਕਤ ਕਰ ਦਿੱਤਾ ਅਤੇ ਫਿਰ ਸਾਨੂੰ ਸਿਫਤ ਸਾਲਾਹ ਲਈ ਅਮਰ ਬਾਣੀ ਦਿੱਤੀ, ਸ਼ਬਦ ਗੁਰੂ ਦਾ ਸੰਕਲਪ ਦਿੱਤਾ। ਜਿਸ ਸ਼ਬਦ ਗੁਰੂ ਦੀ ਵਿਧੀ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਵਾਂ ਮਨੁੱਖ ਸਿਰਜਿਆ ਸੀ, ਕੀ ਸ਼ਬਦ ਗੁਰੂ ਦੀ ਉਹ ਵਿਧੀ ਹੁਣ ਭਟਕਿਆਂ ਨੂੰ ਮੋੜਨ ਤੋਂ ਅਸਮਰੱਥ ਹੈ? ਇਹ ਬਹੁਤ ਵੱਡਾ ਸਵਾਲ ਹੈ।
        ਕਈ ਕਾਰਨ ਹਨ-ਅਸੀਂ ਗੁਰਦੁਆਰੇ ਬਣਾਏ ਸੀ ਇਬਾਦਤ ਲਈ, ਸੁੱਖ-ਸ਼ਾਂਤੀ ਲਈ ਪਰ ਅਸੀਂ ਕੀ ਬਣਾ ਦਿੱਤੇ ਹਨ? ਸਾਡੇ ਗੁਰਦੁਆਰੇ ਵਿਚਾਰਾਂ ਦੇ ਸਕੂਲ ਅਤੇ ਰੂਹਾਨੀ ਕਾਲਜ ਹੋਣੇ ਚਾਹੀਦੇ ਸਨ। ਵਧੇਰੇ ਗੁਰਦੁਆਰਿਆਂ ਵਿਚੋਂ ਸਿੱਖੀ ਜੀਵਨ ਦੀ ਖੁਸ਼ਬੂ ਨਹੀਂ ਆ ਰਹੀ।
         ਧਰਮ ਇਕ ਬੜਾ ਪਵਿੱਤਰ ਸੰਕਲਪ ਹੈ। ਗੁਰੂ ਨਾਨਕ ਸਾਹਿਬ ਨੇ ਮਨੁੱਖ ਨੂੰ ਧਰਮੀ ਹੋਣ ਲਈ ਪ੍ਰੇਰਿਆ ਪਰ ਅੱਜ ਧਰਮ-ਵਿਰੋਧੀ ਧਰਮ ਨੂੰ ਵਿਕਾਸ ਤੇ ਤਕਨੀਕੀ ਦੇ ਰਾਹ ਦਾ ਰੋੜਾ ਸਮਝਦੇ ਹਨ। ਥੋੜ੍ਹਾ ਸਮਾਂ ਪਹਿਲਾਂ ਉਸ ਸਮੇਂ ਦੇ ਅਮਰੀਕਾ ਦੇ ਰਾਸ਼ਟਰਪਤੀ ਕਲਿੰਟਨ ਨੇ ਅਮਰੀਕਨਾਂ ਨੂੰ ਮੁੜ ਧਰਮ ਵੱਲ ਪਰਤਣ ਦਾ ਹੋਕਾ ਦਿੱਤਾ ਸੀ।
        ਅੱਜ ਵਿਸ਼ਵ ਜਾ ਰਿਹਾ ਹੈ ਜੀਵਨ ਜਾਚ ਵੱਲ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਮੰਨਦੇ। ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਮੱਥਾ ਟੇਕਦੇ ਹਾਂ ਅਤੇ ਵਾਪਸ ਆ ਜਾਂਦੇ ਹਾਂ। ਇਕ ਪ੍ਰਸ਼ਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਆਸਥਾ ਰੱਖਣ ਵਾਲਿਆਂ ਦੇ ਜ਼ਿਹਨ ਵਿਚ ਉਪਜਦਾ ਹੈ, ਕੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਕ ਬੁੱਤ ਪੂਜਾ ਜਾਂ ਮੂਰਤੀ ਪੂਜਾ ਵਾਂਗ ਤਾਂ ਨਹੀਂ ਪੂਜ ਰਹੇ? ਕੌਮਾਂ ਦਾ ਧੁਰਾ ਉਨ੍ਹਾਂ ਦੇ ਧਰਮ ਗ੍ਰੰਥ ਹੁੰਦੇ ਹਨ। ਜੋ ਕੌਮਾਂ ਕਰਮਕਾਂਡਾਂ ਅਤੇ ਰਸਮ-ਰਿਵਾਜਾਂ ਨੂੰ ਹੀ ਧਰਮ ਸਮਝਦੀਆਂ ਹਨ, ਉਹ ਅਗਿਆਨਤਾ ਦੀ ਦਲਦਲ ਵਿਚ ਫਸ ਜਾਂਦੀਆਂ ਹਨ।
         ਅਸੀਂ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਬਣਾਉਣ ਵੱਲ ਰੁਚਿਤ ਹਾਂ ਅਤੇ ਕੀਮਤੀ ਰੁਮਾਲੇ ਚੜ੍ਹਾ ਕੇ ਉਨ੍ਹਾਂ ਵਿਚ ਸ਼ਰਧਾ ਦਿਖਾਉਂਦੇ ਹਾਂ। ਇਹ ਸ਼ਰਧਾ ਅਤੇ ਪਿਆਰ-ਸਤਿਕਾਰ ਦਾ ਪ੍ਰਤੀਕ ਤਾਂ ਹੈ ਪਰ ਸ਼ਰਧਾ ਦੀ ਜੜ੍ਹ ਡੂੰਘੀ ਹੋਣੀ ਚਾਹੀਦੀ ਹੈ। ਸ਼ਰਧਾ ਦੀ ਜੜ੍ਹ ਗਿਆਨ ਹੋਣਾ ਚਾਹੀਦਾ ਹੈ।
          ਜ਼ਿੰਦਗੀ ਦੇ ਹਰ ਪਹਿਲੂ, ਹਰ ਪੱਖ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਮੌਜੂਦ ਹੈ। ਜ਼ਰੂਰਤ ਸਿਰਫ ਸਮਝਣ ਅਤੇ ਸਮਝਾਉਣ ਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਹਰੀ ਸਤਿਕਾਰ ਖੂਬ ਕਰਦੇ ਹਾਂ ਪਰ ਇਸ ਨੂੰ ਪੜ੍ਹਨਾ, ਵਿਚਾਰਨਾ, ਸਮਝਣਾ, ਸਮਝਾਉਣਾ ਸਾਡੇ ਏਜੰਡੇ 'ਤੇ ਨਹੀਂ। ਅੱਜ ਗ਼ੈਰ-ਸਿੱਖ ਵਿਦਵਾਨਾਂ ਦਾ ਧਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਵੱਲ ਖਿੱਚਿਆ ਜਾ ਰਿਹਾ ਹੈ। ਅੱਜ ਦੀ ਦੁਨੀਆ ਵਿਸ਼ਵ ਪਿੰਡ ਬਣ ਚੁੱਕੀ ਹੈ ਤਾਂ ਦੁਨੀਆ ਦੇ ਸਾਰੇ ਲੋਕਾਂ ਵਿਚ ਉਹੀ ਧਰਮ ਗ੍ਰੰਥ ਪ੍ਰਵਾਨਿਤ ਹੋਵੇਗਾ, ਜਿਸ ਵਿਚ ਸਾਂਝੀਵਾਲਤਾ ਅਤੇ ਪ੍ਰੇਮ-ਪਿਆਰ ਦਾ ਸੰਦੇਸ਼ ਹੋਵੇਗਾ। ਇਸ ਪੱਖੋਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਅਜਿਹੇ ਗ੍ਰੰਥ ਹਨ, ਜਿਸ ਵਿਚ ਕਿਸੇ ਵਿਸ਼ੇਸ਼ ਧਰਮ, ਸਮਾਜ, ਜਾਤ ਜਾਂ ਰੰਗ-ਭੇਦ ਦੀ ਗੱਲ ਨਹੀਂ, ਸਗੋਂ ਸਮੁੱਚੀ ਮਾਨਵਤਾ ਦੀ ਗੱਲ ਕੀਤੀ ਗਈ ਹੈ।
         ਵਿਦਵਾਨਾਂ ਅੰਦਰ ਇਹ ਸੋਚ ਚੱਲ ਰਹੀ ਹੈ ਕਿ ਇਕ ਅਜਿਹਾ ਧਾਰਮਿਕ ਮਾਡਲ ਸਾਹਮਣੇ ਲਿਆਂਦਾ ਜਾਵੇ, ਜਿਹੜਾ ਮਨੁੱਖ ਦੀਆਂ ਸਮਾਜਿਕ, ਆਰਥਿਕ ਅਤੇ ਧਾਰਮਿਕ ਲੋੜਾਂ ਦੀ ਗੱਲ ਕਰਦਾ ਹੋਵੇ। ਇਹ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ।
         ਅੱਜ ਦੀ ਵੱਡੀ ਜ਼ਰੂਰਤ ਸਾਨੂੰ ਅਕਲ ਦੀ, ਸਮਝ ਦੀ ਤੇ ਰਸੂਖ ਦਾ ਦਸਵੰਧ ਦੇਣ ਦੀ ਹੈ। ਮਾਇਆ ਤਾਂ ਆਪਾਂ ਸਭ ਦਿੰਦੇ ਹੀ ਹਾਂ, ਕੌਮ ਨੂੰ ਸੂਝ ਵੀ ਅਰਪਣ ਕਰੀਏ। ਜਜ਼ਬਾਤਾਂ ਦੀਆਂ ਅੱਖਾਂ ਬੰਦ ਕਰਕੇ ਅਕਲ ਅਤੇ ਸਮਝ ਦੀਆਂ ਅੱਖਾਂ ਦੀ ਵਰਤੋਂ ਕਰੀਏ। ਅਸੀਂ ਜਨੂੰਨ ਅਤੇ ਫੋਕੀ ਸ਼ਰਧਾ ਦੇ ਪਾਗਲਪਣ ਤੋਂ ਹਟ ਕੇ ਸਿੱਖੀ ਦੇ ਬੂਟੇ ਨੂੰ ਪਾਣੀ ਦੇਈਏ। ਕੋਸ਼ਿਸ਼ ਕਰੀਏ ਆਪਣੇ-ਆਪ ਦੇ ਆਲੇ-ਦੁਆਲੇ ਪਰਿਕਰਮਾ ਕਰਨ ਦੀ, ਆਪਣੇ-ਆਪ ਨੂੰ ਜਾਨਣ ਦੀ। ਜਿਵੇਂ ਅਸੀਂ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹਾਂ, ਉਸੇ ਤਰ੍ਹਾਂ ਆਪਣੇ ਫ਼ਰਜਾਂ ਪ੍ਰਤੀ ਵੀ ਸੁਚੇਤ ਹੋਈਏ।
         ਜੇ ਅਸੀਂ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹਾਂ ਤਾਂ ਨਵੇਂ ਦਿਲ, ਨਵੇਂ ਦਿਮਾਗ ਦੇ ਨਾਲ ਨਵੇਂ ਜ਼ਮਾਨੇ ਨੂੰ ਆਪਣੇ ਫ਼ਰਜ਼ ਅਤੇ ਸਿੱਖੀ ਦੱਸਣੀ ਪਵੇਗੀ। ਆਪਣੇ ਦਿਲ ਵਿਚੋਂ ਸਿੱਖੀ ਵਿਖਾਉਣੀ ਪਵੇਗੀ। ਹੁਣ ਗੱਲਾਂ ਤੇ ਵਿਖਾਵੇ ਨਾਲ ਕੰਮ ਨਹੀਂ ਬਣੇਗਾ। ਆਪਣੀ ਚੰਗੀ ਕਰਨੀ ਨਾਲ ਸਿੱਖ ਕੌਮ ਦੂਜਿਆਂ ਦੇ ਦਿਲਾਂ ਤੱਕ ਪਹੁੰਚ ਕਰ ਸਕੇਗੀ। ਸ਼ਬਦ ਗੁਰੂ-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਨਾਲ ਹੀ ਸਿੱਖ ਬੱਚੇ ਨਾ ਸਿਰਫ ਆਪਣੀ ਵਿਰਾਸਤ ਸਾਂਭਣਗੇ, ਬਲਕਿ ਦੂਜੇ ਲੋਕ ਵੀ ਉਨ੍ਹਾਂ ਨੂੰ ਸਤਿਕਾਰ ਦੇਣਗੇ।


ਹਰਿੰਦਰਪਾਲ ਸਿੰਘ
-ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੇਅਰਮੈਨ ਗੁਰਮਤਿ ਕਾਲਜ ਗੁਰਬਾਣੀ ਸੰਗੀਤ ਅਕੈਡਮੀ।
ਫੋਨ : 98102-39084