ਸਿੱਖ ਜਗਤ ਦੀ ਸਹੀ ਸੋਚ ਅਤੇ ਜਾਣਕਾਰੀ ਲਈ

ਸਾਡੇ ਬਾਰੇ
ਸੰਪਰਕ ਕਰੋ
 


ਜਨਰਲ ਹਰਬਖਸ਼ ਸਿੰਘ ਨੇ ਬਹਾਦਰੀ ਦਾ ਸਨਮਾਨ ਇੰਝ ਕੀਤਾ


ਸੰਨ 1965 ਵਿਚ ਭਾਰਤ-ਪਾਕਿਸਤਾਨ ਯੁੱਧ ਸਮੇਂ ਪੱਛਮੀ ਕਮਾਂਡ ਦਾ ਹੈਡਕੁਆਰਟਰ ਸ਼ਿਮਲਾ ਵਿਖੇ ਸੀ ਅਤੇ ਨਵੰਬਰ 1964 ਤੋਂ ਇਸ ਮਹੱਤਵਪੂਰਨ ਆਰਮੀ ਦੀ ਕਮਾਂਡ ਲੈ: ਜਨਰਲ ਹਰਬਖਸ਼ ਸਿੰਘ ਦੇ ਹਵਾਲੇ ਸੀ। ਅਗਸਤ ਦੇ ਸ਼ੁਰੂ 'ਚ ਜਦੋਂ ਆਪਣੇ ਹੈਡਕੁਆਰਟਰ ਅੰਦਰ ਤਾਇਨਾਤ ਆਰਮੀ ਕਮਾਂਡਰ, ਜੰਮੂ-ਕਸ਼ਮੀਰ ਅੰਦਰ, ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਘੁਸਪੈਠ ਦੇ ਕਾਰਨ ਭੜਕ ਉਠੀ ਹਿੰਸਾ ਨੂੰ ਨਜਿੱਠਣ ਵਾਸਤੇ ਮਨਸੂਬੇ ਘੜੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਸਟਾਫ਼ ਦਾ ਇਕ ਅਧਿਕਾਰੀ ਮੇਜਰ ਮੇਘ ਸਿੰਘ, ਉਨ੍ਹਾਂ ਨੂੰ ਮਿਲਣ ਵਾਸਤੇ ਦਫਤਰ ਅੰਦਰ ਦਾਖਲ ਹੋਇਆ। ਦੂਸਰੇ ਵਿਸ਼ਵ ਯੁੱਧ ਵਿਚ ਆਪਣੇ ਦੁਸਾਹਸ ਕਰਤਵ ਦਾ ਜ਼ਿਕਰ ਕਰਦਿਆਂ ਜਨਰਲ ਸਾਹਿਬ ਨੂੰ ਕਹਿਣ ਲੱਗਾ ਕਿ ਉਹ ਸੇਵਾਮੁਕਤ ਹੋਣ ਤੋਂ ਪਹਿਲਾਂ ਉਹ ਦੁਸ਼ਮਣ ਦੇ ਇਲਾਕੇ ਅੰਦਰ ਜਵਾਬੀ ਘੁਸਪੈਠ ਕਰਕੇ ਅਸਾਵਧਾਨ ਕਾਰਨਾਮੇ ਕਰਕੇ ਦਿਖਾਉਣੇ ਚਾਹੁੰਦਾ ਹੈ। ਦਰਅਸਲ ਇਹ ਅਫ਼ਸਰ ਜਦੋਂ ਇਕ ਗਾਰਡ ਬਟਾਲੀਅਨ ਵਿਚ ਤਾਇਨਾਤ ਸੀ ਤਾਂ ਕਿਸੇ ਕਾਰਨ ਅਗਲੀ ਪ੍ਰਮੋਸ਼ਨ ਪ੍ਰਾਪਤ ਕਰਨ 'ਚ ਅਸਫ਼ਲ ਰਿਹਾ। ਕੇਵਲ ਦੋ ਮਹੀਨੇ ਪਹਿਲਾਂ ਉਸ ਨੇ ਫ਼ੌਜ ਛੱਡਣ ਦਾ ਮਨ ਬਣਾ ਲਿਆ ਸੀ ਅਤੇ ਉਸ ਦਾ ਕੇਸ ਸਿਫਾਰਸ਼ ਸਹਿਤ ਆਰਮੀ ਹੈਡਕੁਆਰਟਰ ਨੂੰ ਭੇਜਿਆ ਵੀ ਜਾ ਚੁੱਕਿਆ ਸੀ।
ਹੱਲਾਸ਼ੇਰੀ ਕਿਵੇਂ ਮਿਲੀ
ਮੇਜਰ ਮੇਘ ਸਿੰਘ ਦੀਆਂ ਭਾਵਨਾਵਾਂ ਅਤੇ ਜਜ਼ਬੇ ਦੀ ਕਦਰ ਕਰਦਿਆਂ ਜਨਰਲ ਹਰਬਖਸ਼ ਸਿੰਘ ਨੇ ਉਸੇ ਸਮੇਂ ਸ੍ਰੀਨਗਰ ਦੇ ਕੋਰ ਕਮਾਂਡਰ ਲੈ: ਜਨਰਲ ਕਸ਼ਮੀਰ ਕਟੋਚ ਨਾਲ ਟੈਲੀਫੋਨ 'ਤੇ ਸੰਪਰਕ ਕਰਕੇ ਇੰਜ ਕਿਹਾ, 'ਮੈਂ ਮੇਜਰ ਮੇਘ ਸਿੰਘ ਨੂੰ ਆਪ ਦੇ ਪਾਸ ਭੇਜ ਰਿਹਾ ਹਾਂ। ਇਸ ਨੂੰ ਆਪਣੀ ਮਨਪਸੰਦ ਦੇ ਮਰਜੀਵੜੇ ਫ਼ੌਜੀ ਚੁਣਨ ਦੀ ਇਜਾਜ਼ਤ ਦਿੱਤੀ ਜਾਵੇ। ਜੋ ਫ਼ੌਜ ਤਿਆਰ ਹੋਵੇਗੀ, ਉਸ ਨੂੰ ਘੁਸਪੈਠੀਆਂ ਦੀਆਂ ਜੜ੍ਹਾਂ ਨੂੰ ਖਦੇੜਨ ਖਾਤਰ ਉਨ੍ਹਾਂ ਦੇ ਮਹੱਤਵਪੂਰਨ ਠਿਕਾਣਿਆਂ ਉੱਪਰ ਛਾਪੇ ਮਾਰਨ ਵਾਸਤੇ ਇਸਤੇਮਾਲ ਕੀਤਾ ਜਾਵੇ।' ਜਨਰਲ ਹਰਬਖਸ਼ ਸਿੰਘ ਨੇ ਮੇਜਰ ਮੇਘ ਸਿੰਘ ਨੂੰ ਇਹ ਵਿਸ਼ਵਾਸ ਵੀ ਦਿੱਤਾ ਕਿ ਅਗਰ ਉਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ 'ਚ ਕਾਮਯਾਬ ਹੋ ਜਾਂਦਾ ਹੈ ਤਾਂ ਉਸ ਦੇ ਪਿਛਲੇ ਧੋਣੇ ਧੋਤੇ ਜਾਣਗੇ ਅਤੇ ਉਸ ਨੂੰ ਲੈ: ਕਰਨਲ ਬਣਾ ਦਿੱਤਾ ਜਾਵੇਗਾ। ਮੇਜਰ ਮੇਘ ਸਿੰਘ ਨੂੰ ਇਹ ਵੀ ਆਦੇਸ਼ ਦਿੱਤੇ ਕਿ ਅਗਰ ਉਸ ਨੂੰ ਆਪਣੀ ਮਨਪਸੰਦ ਦੇ ਜਵਾਨਾਂ ਦੀ ਚੋਣ ਵਾਸਤੇ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਸ੍ਰੀਨਗਰ ਦੇ ਕੋਰ ਕਮਾਂਡਰ ਦੀ ਸਲਾਹ ਲੈਣ ਉਪਰੰਤ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਥੋੜ੍ਹੇ ਦਿਨਾਂ ਬਾਅਦ ਮੇਜਰ ਮੇਘ ਸਿੰਘ ਨੇ ਜਨਰਲ ਹਰਬਖਸ਼ ਸਿੰਘ ਨਾਲ ਸ੍ਰੀਨਗਰ ਤੋਂ ਟੈਲੀਫੋਨ ਉੱਪਰ ਗੱਲਬਾਤ ਦੌਰਾਨ ਆਪਣੀ ਤਿਆਰੀ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਉਹ ਜੈਪੁਰ ਦੇ ਮਹਾਰਾਜੇ ਮੇਜਰ (ਬਾਅਦ 'ਚ ਲੈ: ਕਰਨਲ) ਭਵਾਨੀ ਸਿੰਘ ਨੂੰ ਆਪਣੀ ਕਮਾਂਡੋ ਫੋਰਸ 'ਚ ਸ਼ਾਮਿਲ ਕਰਨ ਦੀ ਇਜਾਜ਼ਤ ਚਾਹੁੰਦਾ ਹੈ। ਹਕੀਕਤ ਤਾਂ ਇਹ ਹੈ ਕਿ ਮਹਾਰਾਜਾ ਜੈਪੁਰ ਵੀ ਦੁਸ਼ਮਣ ਨੂੰ 'ਗੋਲੀ ਦਾ ਜਵਾਬ ਗੋਲੀ' 'ਚ ਦੇਣ ਖਾਤਰ ਜੰਗਬੰਦੀ ਲਾਈਨ ਪਾਰ ਘੁਸਪੈਠ ਕਰਕੇ ਪਾਕਿਸਤਾਨ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪੰ੍ਰਤੂ ਦੂਰਅੰਦੇਸ਼ੀ ਦੀ ਸਮਰੱਥਾ ਰੱਖਣ ਵਾਲੇ ਨਿਵੇਕਲੇ ਜਨਰਲ ਹਰਬਖਸ਼ ਸਿੰਘ ਨੇ ਬਹੁਤ ਕੁਝ ਵਿਚਾਰਨ ਉਪਰੰਤ ਭਵਾਨੀ ਸਿੰਘ ਨੂੰ ਇਸ ਟਾਕਸ ਫੋਰਸ 'ਚ ਸ਼ਾਮਿਲ ਹੋਣ ਦੀ ਇਜਾਜ਼ਤ ਨਾ ਦਿੱਤੀ।
ਮੇਘਦੂਤ ਫੋਰਸ ਵੱਲੋਂ ਲੁਕਵੇਂ ਹੱਲੇ
ਮੇਜਰ ਮੇਘ ਸਿੰਘ ਨੇ ਸ੍ਰੀਨਗਰ ਪਹੁੰਚ ਕੇ ਆਪਣੇ ਮਨਪਸੰਦ ਦੇ ਜਵਾਨਾਂ ਦੀ ਚੋਣ 3 ਰਾਜਪੂਤ ਰਾਈਫਲਜ਼ ਅਤੇ 3 ਰਾਜਪੂਤ ਬਟਾਲੀਅਨ ਵਿਚੋਂ ਕੀਤੀ। ਇਥੇ ਇਹ ਵੀ ਦੱਸਣਾ ਉਚਿਤ ਹੋਵੇਗਾ ਕਿ ਮੇਘ ਸਿੰਘ ਪਿੰਡ ਖਰੀਆਂ (ਜੋਧਪੁਰ) ਦਾ ਰਹਿਣ ਵਾਲਾ ਸੀ। ਵੈਸੇ ਵੀ ਹਰ ਇਕ ਪੱਖੋਂ ਉਸ ਨੂੰ ਪੂਰੀ ਖੁੱਲ੍ਹੀ ਛੁੱਟੀ ਦੇ ਰੱਖੀ ਸੀ ਕਿ ਉਹ ਸ੍ਰੀਨਗਰ ਸਥਾਪਿਤ ਕੋਰ 'ਚੋਂ ਕਿਸੇ ਵੀ ਅਹੁਦੇਦਾਰ/ਜਵਾਨ ਨੂੰ ਆਪਣੀ ਫੋਰਸ 'ਚ ਸ਼ਾਮਿਲ ਕਰ ਸਕਦਾ ਹੈ। ਚੁਣੇ ਹੋਏ ਸ਼ਕਤੀਸ਼ਾਲੀ ਜਵਾਨਾਂ ਨੂੰ ਸੰਖੇਪ ਪੰ੍ਰਤੂ ਸਖਤ ਸਿਖਲਾਈ ਦੇਣ ਉਪਰੰਤ ਇਨ੍ਹਾਂ ਨੂੰ ਸੰਗਠਿਤ ਕਰਕੇ ਦੁਸ਼ਮਣ ਉੱਪਰ ਲੁਕ-ਛੁਪ ਕੇ ਹਮਲੇ ਕਰਨ ਵਾਸਤੇ ਇਸ ਫੌਜ ਦੀ ਟੁਕੜੀ ਦਾ ਨਾਂਅ 'ਮੇਘ ਦੂਤ ਫੋਰਸ' ਰੱਖਿਆ ਗਿਆ। ਇਸ ਫੋਰਸ ਨੇ 1 ਸਤੰਬਰ ਤੋਂ 11 ਸਤੰਬਰ 1965 ਦਰਮਿਆਨ ਬੜੀ ਗੁਪਤਤਾ ਅਤੇ ਯੋਜਨਾਬੰਦ ਢੰਗ ਨਾਲ ਤਿੰਨ ਬਹਾਦਰੀ ਭਰਪੂਰ ਮਹੱਤਵਪੂਰਨ ਕਾਰਨਾਮੇ ਕਰ ਦਿਖਾਏ। ਸਭ ਤੋਂ ਪਹਿਲਾਂ 01/02 ਸਤੰਬਰ ਦੀ ਰਾਤ ਨੂੰ ਦੁਸ਼ਮਣ ਦੇ ਇਲਾਕੇ ਅੰਦਰ ਤਕਰੀਬਨ 7 ਕਿਲੋਮੀਟਰ ਤੱਕ ਘੁਸਪੈਠ ਕਰਕੇ ਕੋਟਲੀ-ਬਾਂਦੀ ਗੋਪਾਲਪੁਰ ਸੜਕ ਦੇ ਥੱਲਿਉਂ ਵਗਣ ਵਾਲੇ ਨਾਲੇ ਦੇ ਬਹੁਤ ਸਾਰੇ ਹਿੱਸੇ ਨੂੰ ਉਡਾਅ ਦਿੱਤਾ ਜਿਸ ਦਾ ਗਹਿਰਾ ਪ੍ਰਭਾਵ ਦੁਸ਼ਮਣ ਦੀ ਆਵਾਜਾਈ ਵਾਲੇ ਸਾਧਨਾਂ 'ਤੇ ਪਿਆ। ਫਿਰ ਜਦੋਂ ਪੁੰਛ ਵਾਲੇ ਪਾਸਿਉਂ ਦੁਸ਼ਮਣ ਦੇ ਪੱਕੇ ਬੰਕਰਾਂ ਵਾਲੇ ਦੋ ਟਿਕਾਣੇ 'ਰਾਜਾ ਅਤੇ ਚਾਂਦ ਟੇਕਰੀ' ਉਪਰ 5-7 ਸਤੰਬਰ ਨੂੰ ਕ੍ਰਮਵਾਰ 2 ਸਿੱਖ ਬਟਾਲੀਅਨ ਅਤੇ 3 ਡੋਗਰਾ ਪਲਟਨ ਵੱਲੋਂ ਹਮਲੇ ਕੀਤੇ ਜਾ ਰਹੇ ਸਨ ਤਾਂ ਮੇਘਦੂਤ ਫੋਰਸ ਦੇ ਦੁਸ਼ਮਣ ਦੀਆਂ ਦੋ ਨਾਲ ਲਗਦੀਆਂ ਪੋਸਟਾਂ 'ਨੇਜ਼ਾ ਪੀਰ ਅਤੇ ਅਰੀ ਧੋਕ' ਉੱਪਰ ਅਨੁਪੂਰਕ ਤੌਰ 'ਤੇ ਕਾਰਵਾਈ ਕਰਕੇ ਕਾਬੂ ਕਰ ਲਿਆ। ਇਥੇ ਹੀ ਬੱਸ ਨਹੀਂ, ਇਕ ਵਾਰ ਫਿਰ ਆਦੇਸ਼ਾਂ ਮੁਤਾਬਿਕ ਜਦੋਂ ਇਹ ਫੋਰਸ 7-8 ਕਿਲੋਮੀਟਰ ਦੁਸ਼ਮਣ ਦੇ ਇਲਾਕੇ 'ਚ ਪ੍ਰਵੇਸ਼ ਕਰਕੇ ਕਹੂਟਾ ਵਿਖੇ ਸਥਾਪਿਤ ਗੋਲਾ ਬਾਰੂਦ ਵਾਲੇ ਡੰਪ ਨੂੰ ਉਡਾਉਣ ਖਾਤਰ ਉਥੇ ਪਹੁੰਚੀ ਤਾਂ ਇਹ ਭੰਡਾਰ ਖਾਲੀ ਮਿਲਿਆ। ਇਸ ਸਮੇਂ 3 ਡੋਗਰਾ ਬਟਾਲੀਅਨ ਜੋ ਕਿ ਚਾਂਦ ਟੇਕਰੀ ਨੂੰ ਕਾਬੂ ਕਰਨ ਉਪਰੰਤ ਕਹੂਟਾ ਪੁਲ ਵੱਲ ਨੂੰ ਵਧ ਰਹੀ ਸੀ, ਲਈ ਅੱਗੇ ਵਧਣ ਤੋਂ ਰੋਕਣ ਲਈ ਦੁਸ਼ਮਣ ਨੇ ਬਹੁਤ ਸਾਰੀਆਂ ਰੁਕਾਵਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਮੇਜਰ ਮੇਘ ਸਿੰਘ ਬੜੀ ਸੂਝ-ਬੂਝ ਨਾਲ ਪਹਿਲ-ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਪੈਂਤਰੇਬਾਜ਼ੀ ਮਾਰ ਕੇ 3 ਡੋਗਰਾ ਦੀ ਮਦਦ ਲਈ ਨਿੱਤਰੇ ਅਤੇ ਦੁਸ਼ਮਣ ਉਪਰ ਕਹੂਟਾ ਪੁਲ ਵਾਲੇ ਪਾਸਿਉਂ ਅਚਨਚੇਤ ਹਮਲਾ ਕਰਕੇ ਉਸ ਦੀਆਂ ਧੱਜੀਆਂ ਉਡਾ ਦਿੱਤੀਆਂ। ਇਸ ਸਾਹਸੀ ਕਰਤੱਵ ਸਦਕਾ ਪੁੰਛ-ਹਾਜੀਪੀਰ ਵਾਲੀ ਕੜੀ ਜੋੜਨ 'ਚ ਜੋ ਸਫ਼ਲਤਾ ਪ੍ਰਾਪਤ ਹੋਈ, ਉਸ ਦਾ ਸਨਮਾਨ ਮੇਘਦੂਤ ਫੋਰਸ ਨੂੰ ਪ੍ਰਾਪਤ ਹੋਇਆ।
       ਯੋਧਿਆਂ ਦਾ ਪੱਖ ਪੂਰਨ ਵਾਲੇ ਜਨਰਲ ਹਰਬਖਸ਼ ਸਿੰਘ ਨੇ ਮੇਘਦੂਤ ਫੋਰਸ ਦੀ ਖੂਬ ਪ੍ਰਸੰਸਾ ਕਰਦਿਆਂ ਹੋਇਆਂ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ 16 ਸਤੰਬਰ 1965 ਨੂੰ ਸ੍ਰੀਨਗਰ ਦੇ ਕੋਰ ਕਮਾਂਡਰ ਲੈ: ਜਨਰਲ ਕਸ਼ਮੀਰ ਕਟੋਚ ਦੀ ਹਾਜ਼ਰੀ 'ਚ ਮੇਜਰ ਮੇਘ ਸਿੰਘ ਦੇ ਮੋਢੇ 'ਤੇ ਲੈ: ਕਰਨਲ ਦਾ ਬਿੱਲਾ ਸਜਾ ਕੇ ਭਾਰਤੀ ਫੌਜ ਦਾ ਮਾਣ ਵਧਾਇਆ। ਹਾਜੀਪੀਰ ਪੁੰਛ ਵਾਲੇ ਇਲਾਕੇ ਅੰਦਰ ਫਤਹਿ ਹਾਸਲ ਕਰਨ ਉਪਰੰਤ ਮੇਘਦੂਤ ਫੋਰਸ ਨੂੰ ਜੰਮੂ ਵਾਲੇ ਪਾਸਿਉਂ ਛੰਬ-ਜੋੜੀਆਂ ਸੈਕਟਰ ਵੱਲ ਨੂੰ ਆਪਣੇ ਚਮਤਕਾਰ ਦਿਖਾਉਣ ਵਾਸਤੇ ਹੁਕਮ ਦਿੱਤਾ ਗਿਆ ਕਿਉਂਕਿ ਇਸ ਪਾਸੇ ਪਾਕਿਸਤਾਨ ਨੇ ਖੁੱਲਮ-ਖੁੱਲ੍ਹਾ ਹਮਲਾ ਕਰਕੇ ਕਾਫ਼ੀ ਨੁਕਸਾਨ ਪਹੁੰਚਾਇਆ ਸੀ। 19 ਸਤੰਬਰ ਦੀ ਰਾਤ ਨੂੰ ਕਾਲੀਧਾਰ ਸੈਕਟਰ ਵਿਚੋਂ ਖਿਸਕਦਿਆਂ ਹੋਇਆਂ ਫੋਰਸ ਨੇ ਸਰਹੱਦ ਪਾਰ ਕਰਕੇ ਦੁਸ਼ਮਣ ਦੇ ਇਕ ਮਹਤੱਵਪੂਰਨ ਟਿਕਾਣੇ ਉਪਰ ਅਚਨਚੇਤ ਹਮਲਾ ਕੀਤਾ ਜਿਸ ਵਿਚ ਕਈ ਪਾਕਿਸਤਾਨੀ ਫੌਜੀ ਮਾਰੇ ਗਏ। ਤਿੰਨ ਦਿਨਾਂ ਬਾਅਦ 22 ਸਤੰਬਰ ਦੀ ਰਾਤ ਨੂੰ ਮੇਘਦੂਤ ਫੋਰਸ ਨੇ ਫਿਰ ਤਕਰੀਬਨ 8 ਕਿਲੋਮੀਟਰ ਪਾਕਿਸਤਾਨ ਸੀਮਾ 'ਚ ਦਾਖਲ ਹੋ ਕੇ ਪਾਕਿਸਤਾਨ ਦੇ ਇਕ ਪ੍ਰਬੰਧਕੀ ਹੈਡਕੁਆਰਟਰ ਉਪਰ ਚਕਰਾਅ ਦੇਣ ਵਾਲੀ ਤੇ ਵਚਿੱਤਰ ਰੇਡ ਮਾਰ ਕੇ ਬੇਖ਼ਬਰੀ ਦੀ ਹਾਲਤ ਵਿਚ ਹਿਫਾਜ਼ਤ ਕਰ ਰਹੀ ਪਾਕਿਸਤਾਨੀ ਫੋਰਸ ਦੇ 13 ਸਿਪਾਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ 20 ਜ਼ਖ਼ਮੀ ਕਰ ਦਿੱਤੇ।
        ਭਾਰਤ ਦੇ ਬਹਾਦਰ ਸੈਨਿਕਾਂ ਨੇ ਐਡਮਨਿਸਟ੍ਰੇਟਿਵ ਬੇਸ ਦਾ ਨਾਮੋ-ਨਿਸ਼ਾਨ ਹੀ ਮੇਟ ਦਿੱਤਾ। ਜਦੋਂ ਇਹ ਮੇਘਦੂਤ ਫੋਰਸ ਇਕ ਬੇਹੱਦ ਸ਼ਾਨਦਾਰ ਜਿੱਤ ਹਾਸਲ ਕਰਕੇ ਵਾਪਸ ਪਰਤ ਰਹੀ ਸੀ ਤਾਂ ਤਕਰੀਬਨ ਸਵੇਰੇ 6 ਵਜੇ ਦੁਸ਼ਮਣ ਦੀ ਬਾਰਡਰ ਪੋਸਟ ਧੁੱਸੀ ਨੇ ਇਸ ਫੋਰਸ ਦੇ ਮੈਂਬਰਾਂ ਨੂੰ ਘੇਰ ਲਿਆ। ਮਰਜੀਵੜਿਆਂ ਨੇ ਡਟ ਕੇ ਮੁਕਾਬਲਾ ਕੀਤਾ ਅਤੇ ਮੁਕਾਬਲੇ ਦੌਰਾਨ ਜਿਥੇ ਦੁਸ਼ਮਣ ਦਾ ਕਾਫ਼ੀ ਜਾਨੀ ਨੁਕਸਾਨ ਹੋਇਆ ਉਥੇ ਮੇਘਦੂਤ ਫੋਰਸ ਦਾ ਇਕ ਸ਼ਕਤੀਸ਼ਾਲੀ ਜਵਾਨ ਵੀ ਸ਼ਹਾਦਤ ਦਾ ਜਾਮ ਪੀ ਗਿਆ। ਲੈ: ਕਰਨਲ ਮੇਘ ਸਿੰਘ ਆਪਣੇ ਤਿੰਨ ਸਾਥੀਆਂ ਸਮੇਤ ਜ਼ਖ਼ਮੀ ਹੋਣ ਦੇ ਬਾਵਜੂਦ ਦੁਸ਼ਮਣ ਦੇ ਘੇਰੇ ਨੂੰ ਬੜੀ ਹੀ ਤਰਤੀਬ ਨਾਲ ਤੋੜਦੇ ਹੋਏ ਵਾਪਸ ਆਪਣੇ ਇਲਾਕੇ 'ਚ ਪਰਤੇ ਅਤੇ ਦੁਸ਼ਮਣ ਇਨ੍ਹਾਂ ਦਾ ਪਿੱਛਾ ਕਰਨ 'ਚ ਅਸਫ਼ਲ ਰਿਹਾ।
ਵੀਰਤਾ ਭਰਪੂਰ ਕਾਰਨਾਮਿਆਂ ਨੂੰ ਉਭਾਰਿਆ ਕਿਵੇਂ ਜਾਵੇ?
'ਮੇਘਦੂਤ ਫੋਰਸ ਦੇ ਸ਼ਕਤੀਸ਼ਾਲੀ ਮੈਂਬਰਾਂ ਨੇ ਇਹ ਸਿੱਧ ਕਰ ਦਿੱਤਾ ਕਿ ਕਿਵੇਂ ਤੰਦਰੁਸਤੀ, ਦ੍ਰਿੜ੍ਹ ਸੰਕਲਪ, ਯੋਗ ਅਗਵਾਈ ਅਤੇ ਸਖ਼ਤ ਸਿਖਲਾਈ ਸਦਕਾ ਦੁਸ਼ਮਣ ਦੇ ਪਿਛਲੇ ਪਾਸੇ ਘੁਸਪੈਠ ਕਰਕੇ ਦਰਸ਼ਨੀ ਨਤੀਜੇ ਹਾਸਿਲ ਕੀਤੇ ਜਾ ਸਕਦੇ ਹਨ। ਜਿਸ ਉੱਚ ਕੋਟੀ ਦੀ ਬਹਾਦਰੀ, ਸਾਹਸ, ਨਿੱਡਰਤਾ ਦਾ ਸਬੂਤ ਮੇਘਦੂਤ ਫੋਰਸ ਨੇ ਭਾਰਤ ਪਾਕਿ ਜੰਗ 1965 ਵਿਚ ਦਿੱਤਾ ਉਹ ਆਪਣੇ ਆਪ 'ਚ ਭਾਰਤੀ ਫ਼ੌਜਾਂ ਵਾਸਤੇ ਇਕ ਸਾਹਸਪੂਰਕ ਉਦਾਹਰਣ ਬਣ ਗਿਆ। ਲੈ. ਕਰਨਲ ਮੇਘ ਸਿੰਘ ਨੂੰ ਉੱਚ ਦਰਜੇ ਦੀ ਦਲੇਰੀ, ਦੇਸ਼ ਪ੍ਰਤੀ ਜਜ਼ਬਾ ਅਤੇ ਉੱਚ ਪ੍ਰਭਾਵਸ਼ਾਲੀ ਦਰਜੇ ਲੀਡਰਸ਼ਿਪ ਦਾ ਭਰਪੂਰ ਪ੍ਰਦਰਸ਼ਨ ਕਰਨ ਖਾਤਰ ਉਸ ਨੂੰ ਬਹਾਦਰੀ ਪੁਰਸਕਾਰ 'ਵੀਰ ਚੱਕਰ' ਨਾਲ ਰਾਸ਼ਟਰਪਤੀ ਨੇ ਸਨਮਾਨਿਤ ਕੀਤਾ।'
         ਜਦੋਂ ਇਸ ਕਿਸਮ ਦੇ ਬਹਾਦਰੀ ਵਾਲੇ ਕਰਤੱਬ ਇਕ ਵਿਸ਼ਵ ਪੱਧਰੀ ਅਖ਼ਬਾਰ ਦੀ ਬਦੌਲਤ ਪਾਠਕਾਂ ਕੋਲ ਪਹੁੰਚਦੇ ਹਨ ਤਾਂ ਅਖ਼ਬਾਰ ਦੀ ਅਕਸਰ ਭਰਪੂਰ ਪ੍ਰਸੰਸਾ ਸੁਣਨ ਨੂੰ ਮਿਲਦੀ ਹੈ। ਇਸ ਦੇ ਨਾਲ ਹੀ ਕਈ ਉਸਾਰੂ ਸੁਝਾਅ ਵੀ ਇਸ ਲੇਖਕ ਪਾਸ ਪਹੁੰਚਦੇ ਹਨ। ਮੈਂ ਇਹ ਮਹਿਸੂਸ ਕਰਦਾ ਹਾਂ ਕਿ ਇਸ ਕਿਸਮ ਦੀਆਂ ਇਤਹਾਸਕ ਘਟਨਾਵਾਂ ਅਤੇ ਬੀਰ ਰਸ ਪੈਦਾ ਕਰਨ ਵਾਲੀਆਂ ਗਥਾਵਾਂ ਨੂੰ ਸਮੁੱਚੇ ਦੇਸ਼ ਵਾਸੀਆਂ ਅਤੇ ਖਾਸ ਤੌਰ 'ਤੇ ਵਿਦਿਆਰਥੀ ਵਰਗ ਤੱਕ ਪਹੁੰਚਾਇਆ ਜਾਵੇ। ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਸਕੂਲੀ ਪਾਠ ਪੁਸਤਕਾਂ ਵਿਚ ਇਸ ਕਿਸਮ ਦੇ ਅਨੋਖੇ ਸੂਰਬੀਰਤਾ ਵਾਲੇ ਕਾਰਨਾਮਿਆਂ ਨੂੰ ਕਹਾਣੀਆਂ ਦੇ ਤੌਰ 'ਤੇ ਅੰਕਿਤ ਕੀਤਾ ਜਾਵੇ। ਪੰ੍ਰਤੂ ਕਰੇ ਕੌਣ? ਜਦੋਂ ਸਾਡੇ ਰਾਜਸੀ ਨੇਤਾਵਾਂ ਨੂੰ ਇਨ੍ਹਾਂ ਯੋਧਿਆਂ ਵੱਲੋਂ ਦੇਸ਼ ਦੀ ਖਾਤਰ ਪਾਏ ਗਏ/ਪਾਏ ਜਾ ਰਹੇ ਯੋਗਦਾਨ ਬਾਰੇ ਕੋਈ ਜਾਣਕਾਰੀ ਨਹੀਂ ਤਾਂ ਉਨ੍ਹਾਂ ਨੂੰ ਦੇਸ਼ ਵਾਸੀਆਂ ਅਤੇ ਸਮੁੱਚੇ ਰਾਸ਼ਟਰ ਦੀ ਚਿੰਤਾ ਕਿਵੇਂ ਹੋ ਸਕਦੀ ਹੈ? ਦੇਸ਼ ਦੀ ਖਾਤਰ ਆਪਣੀਆਂ ਅਨਮੋਲ ਜਾਨਾਂ ਕੁਰਬਾਨ ਕਰਨ ਵਾਲਿਆਂ ਨੂੰ ਤਾਂ ਅਕਸਰ ਇਨ੍ਹਾਂ ਲੀਡਰਾਂ ਵੱਲੋਂ ਅਣਗੌਲਿਆਂ ਹੀ ਕੀਤਾ ਗਿਆ। ਇਹ ਲੋਕ ਕੇਵਲ ਆਪਣੀ ਕੁਰਸੀ ਦੀ ਹਿਫਾਜ਼ਤ ਕਰਨਾ ਜਾਣਦੇ ਹਨ।
-ਰੱਖਿਆ ਵਿਸ਼ਲੇਸ਼ਕ।
ਬ੍ਰਿਗੇਡੀਅਰ
ਕੁਲਦੀਪ ਸਿੰਘ ਕਾਹਲੋਂ ਐਸ. ਐਮ. (ਰਿਟਾ:)